ਸੇਵਾਮੁਕਤ ਜੱਜ ਤੋਂ ਨਹੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ: ਪ੍ਰਿਯੰਕਾ

Priyanka Gandhi Vadra in custody(photo:twitter)

ਲਖਨਊ (ਸਮਾਜ ਵੀਕਲੀ):  ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗ ਕੀਤੀ ਹੈ ਕਿ ਲਖੀਮਪੁਰ ਖੀਰੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ, ਜਿਸ ਦਾ ਪੁੱਤਰ ਇਸ ਕੇਸ ’ਚ ਨਾਮਜ਼ਦ ਹੈ, ਨੂੰ ਨਿਰਪੱਖ ਜਾਂਚ ਲਈ ਤੁਰੰਤ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪ੍ਰਿਯੰਕਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀੜਤ ਪਰਿਵਾਰਾਂ ਨੇ ਵੀ ਸੇਵਾਮੁਕਤ ਜੱਜ ਤੋਂ ਨਹੀਂ ਸਗੋਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਘਟਨਾ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ।

ਬਹਿਰਾਈਚ ਜਾਣ ਤੋਂ ਪਹਿਲਾਂ ਕਾਂਗਰਸ ਆਗੂ ਨੇ ਕਿਹਾ ਕਿ ਪੀੜਤਾਂ ਦੇ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ ਨਹੀਂ ਸਗੋਂ ਇਨਸਾਫ਼ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਬਰਖ਼ਾਸਤ ਕਰਕੇ ਲਖੀਮਪੁਰ ਕਾਂਡ ’ਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

ਪ੍ਰਿਯੰਕਾ ਨੇ ਕਿਹਾ,‘‘ਸਾਨੂੰ ਰੋਕਣ ਲਈ ਪੁਲੀਸ ਤਾਇਨਾਤ ਕੀਤੀ ਗਈ ਸੀ ਅਤੇ ਪੀੜਤ ਪਰਿਵਾਰਾਂ ਨੂੰ ਘੇਰ ਕੇ ਰੱਖਿਆ ਗਿਆ ਸੀ ਤਾਂ ਜੋ ਕੋਈ ਵੀ ਉਨ੍ਹਾਂ ਨੂੰ ਨਾ ਮਿਲ ਸਕੇ। ਪਰ ਸਰਕਾਰ ਨੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਫੋਰਸ ਨਹੀਂ ਲਗਾਈ। ਘਟਨਾ ਵੇਲੇ ਪੁਲੀਸ ਕਿੱਥੇ ਸੀ। ਕੀ ਪੁਲੀਸ ਸਿਰਫ਼ ਆਗੂਆਂ ਨੂੰ ਰੋਕਣ ਲਈ ਹੀ ਹੈ?’’ ਉਨ੍ਹਾਂ ਦੋਸ਼ ਲਾਇਆ ਕਿ ਪੀੜਤ ਪਰਿਵਾਰਾਂ ਨੂੰ ਪੋਸਟਮਾਰਟਮ ਦੀਆਂ ਦਿੱਤੀਆਂ ਗਈਆਂ ਕਾਪੀਆਂ ਅਸਪੱਸ਼ਟ ਹਨ। ਉਨ੍ਹਾਂ ਕਿਹਾ ਕਿ ਉਹ ਆਪਣਾ ਸੰਘਰਸ਼ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਕਿ ਮੰਤਰੀ ਨੂੰ ਬਰਖ਼ਾਸਤ ਅਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ।

ਉਨ੍ਹਾਂ ਇਸ ਸਬੰਧ ’ਚ ਪੀੜਤ ਪਰਿਵਾਰਾਂ ਕੋਲ ਅਹਿਦ ਵੀ ਲਿਆ ਹੈ।ਬਹਿਰਾਈਚ ਦੇ ਮੋਹਰਾਨੀਆ ’ਚ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਜੇਕਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਸਤੀਫ਼ਾ ਨਹੀਂ ਦਿੰਦੇ ਹਨ ਜਾਂ ਉਸ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ ਹੈ ਤਾਂ ਇਸ ਦਾ ਅਰਥ ਇਹ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਲੋਕਾਂ ਨੂੰ ਸੁਨੇਹਾ ਦੇ ਰਹੀ ਹੈ ਕਿ ਜੋ ਵੀ ਸੱਤਾ ’ਚ ਹੈ ਅਤੇ ਜੇਕਰ ਉਹ ਮੰਤਰੀ ਹੈ ਤਾਂ ਉਹ ਕੁਝ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ, ਗਰੀਬਾਂ, ਕਿਸਾਨਾਂ, ਦਲਿਤਾਂ ਅਤੇ ਔਰਤਾਂ ਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ ਹੈ।

ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦੇ ਕਾਫ਼ਲੇ ਨੂੰ ਘਾਗਰਾ ਘਾਟ ਪੁਲ ’ਤੇ ਰੋਕ ਲਿਆ ਗਿਆ ਸੀ। ਕਾਂਗਰਸ ਵਰਕਰਾਂ ਨੇ ਯੋਗੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨੇ ਨਸੀਮੂਦੀਨ ਸਿੱਦੀਕੀ ਅਤੇ ਤਨੁਜ ਪੂਨੀਆ ਨੂੰ ਹੀ ਪ੍ਰਿਯੰਕਾ ਨਾਲ ਜਾਣ ਦੀ ਇਜਾਜ਼ਤ ਦਿੱਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਤੇ ਹੋਰਾਂ ਨੂੰ ਹਿਰਾਸਤ ’ਚ ਲੈਣ ਮਗਰੋਂ ਲਖੀਮਪੁਰ ਜਾਣ ਦੀ ਇਜਾਜ਼ਤ ਮਿਲੀ
Next articleFrance announces return of ambassador to Australia