ਸਿੱਧੂ ਤੇ ਹੋਰਾਂ ਨੂੰ ਹਿਰਾਸਤ ’ਚ ਲੈਣ ਮਗਰੋਂ ਲਖੀਮਪੁਰ ਜਾਣ ਦੀ ਇਜਾਜ਼ਤ ਮਿਲੀ

Congress President Navjot Sidhu

 

  • ਮੰਤਰੀ ਦੇ ਲੜਕੇ ਨੂੰ ਭਲਕ ਤੱਕ ਗ੍ਰਿਫ਼ਤਾਰ ਨਾ ਕੀਤਾ ਤਾਂ ਮੈਂ ਭੁੱਖ ਹੜਤਾਲ ਕਰਾਂਗਾ: ਸਿੱਧੂ
  • ਮੁੱਖ ਮੰਤਰੀ ਵੀ ਹੋਰ ਸਾਥੀਆਂ ਨਾਲ ਮਾਰਚ ’ਚ ਹੋਏ ਸ਼ਾਮਲ

ਜ਼ੀਰਕਪੁਰ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਅੱਜ ਦੁਪਹਿਰ ਜ਼ੀਰਕਪੁਰ ਤੋਂ ਵੱਡੇ ਕਾਫਲੇ ਨਾਲ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਲਈ ਰਵਾਨਾ ਹੋਏ। ਕਰੀਬ ਅੱਧੇ ਘੰਟੇ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨਾਲ ਉਥੇ ਪਹੁੰਚੇ ਅਤੇ ਕੁਝ ਦੂਰੀ ਤੱਕ ਆਪਣੇ ਸੁਰੱਖਿਆ ਕਾਫਲੇ ਨਾਲ ਪੈਦਲ ਚਲਣ ਮਗਰੋਂ ਟਰੈਕਟਰ ਟਰਾਲੀ ’ਤੇ ਸਵਾਰ ਹੋ ਗਏ। ਸ੍ਰੀ ਸਿੱਧੂ ਤੇ ਉਨ੍ਹਾਂ ਨਾਲ ਗਏ ਆਗੂਆਂ ਨੂੰ ਹਰਿਆਣਾ ਅਤੇ ਯੂਪੀ ਦੀ ਹੱਦ ਨੇੜੇ ਸਹਾਰਨਪੁਰ ਕੋਲ ਸ਼ਾਹਜਹਾਂਪੁਰ ’ਚ ਹਿਰਾਸਤ ’ਚ ਲੈ ਲਿਆ ਗਿਆ।

ਬਾਅਦ ’ਚ 20-25 ਆਗੂਆਂ ਨੂੰ ਲਖੀਮਪੁਰ ਖੀਰੀ ’ਚ ਪੀੜਤ ਪਰਿਵਾਰਾਂ ਨੂੰ ਮਿਲਣ ਜਾਣ ਦੀ ਆਗਿਆ ਿਦੱਤੀ ਗਈ। ਸ੍ਰੀ ਸਿੱਧੂ ਦੁਪਹਿਰ ਕਰੀਬ ਸਾਢੇ ਬਾਰ੍ਹਾਂ ਵਜੇ ਆਪਣੀ ਨਿੱਜੀ ਗੱਡੀ ਵਿੱਚ ਪਟਿਆਲਾ ਰੋਡ ’ਤੇ ਸਥਿਤ ਹਵਾਈ ਅੱਡੇ ਦੀ ਲਾਈਟ ਪੁਆਇੰਟ ’ਤੇ ਪਹੁੰਚੇ ਜਿਥੇ ਪਹਿਲਾਂ ਤੋਂ ਹੀ ਕਾਂਗਰਸੀਆਂ ਦਾ ਹਜੂਮ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਇਸ ਮਗਰੋਂ ਉਹ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਯੂਪੀ ਲਈ ਨਿਕਲੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਜਦੋਂ ਜ਼ੁਲਮ ਵਧ ਜਾਏ ਤੇ ਨਿਆਂ ਨਾ ਮਿਲੇ ਤਾਂ ਵਿਰੋਧ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਦੇ ਦੋਸ਼ੀ ਲੜਕੇ ਨੂੰ ਕਲ੍ਹ ਤੱਕ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ ’ਤੇ ਬੈਠਣਗੇ।

ਉਨ੍ਹਾਂ ਕਿਹਾ ਕਿ ਮੰਤਰੀ ਅਤੇ ਉਸ ਦੇ ਲੜਕੇ ਦਾ ਐੱਫਆਈਆਰ ਵਿੱਚ ਨਾਂ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਦੇਸ਼ ਵਿੱਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਰਹੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੜਾਈ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਉਹ ਅੰਜਾਮ ਤੱਕ ਪਹੁੰਚਾ ਕੇ ਹੀ ਸਾਹ ਲੈਣਗੇ, ਭਾਵੇਂ ਉਨ੍ਹਾਂ ਦੀ ਜਾਨ ਹੀ ਚਲੀ ਜਾਵੇ। ਸਿੱਧੂ ਨੇ ਅੱਜ ਕਾਂਗਰਸ ਪਾਰਟੀ ਦੇ ਝੰਡੇ ਦੀ ਥਾਂ ’ਤੇ ਕਿਸਾਨੀ ਝੰਡਾ ਚੁੱਕਿਆ ਹੋਇਆ ਸੀ। ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਾਰ ਵਾਰ ਕਿਸਾਨੀ ਝੰਡੇ ਨੂੰ ਲਹਿਰਾਇਆ ਜਦਕਿ ਪਹਿਲਾਂ ਉਹ ਪਾਰਟੀ ਦੇ ਝੰਡੇ ਨੂੰ ਤਰਜੀਹ ਦਿੰਦੇ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article6.1 magnitude quake strikes Japan’s Tokyo, no tsunami warning
Next articleਸੇਵਾਮੁਕਤ ਜੱਜ ਤੋਂ ਨਹੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ: ਪ੍ਰਿਯੰਕਾ