ਮੌਜੂਦਾ ਦਹਾਕੇ ’ਚ ਭਾਰਤ ਦੀ ਵਿਕਾਸ ਦਰ 7 ਫ਼ੀਸਦ ਤੋਂ ਜ਼ਿਆਦਾ ਰਹਿਣ ਦੀ ਸੰਭਾਵਨਾ: ਸੁਬਰਾਮਣੀਅਨ

New Delhi: Chief Economic Adviser KV Subramanian addresses during a press conference regarding presentation of the Economic Survey 2018-19, in New Delhi on July 4, 2019.

ਵਾਸ਼ਿੰਗਟਨ (ਸਮਾਜ ਵੀਕਲੀ):  ਮੁੱਖ ਆਰਥਿਕ ਸਲਾਹਕਾਰ ਕੇ ਵੀ ਸੁਬਰਾਮਣੀਅਨ ਨੇ ਕਿਹਾ ਹੈ ਕਿ ਮੌਜੂਦਾ ਦਹਾਕਾ ਭਾਰਤ ਦੇ ਸਮੁੱਚੇ ਵਿਕਾਸ ਦਾ ਦਹਾਕਾ ਹੋਵੇਗਾ ਅਤੇ ਇਸ ਦੌਰਾਨ ਸਾਲਾਨਾ ਵਿਕਾਸ ਦਰ 7 ਫ਼ੀਸਦ ਤੋਂ ਜ਼ਿਆਦਾ ਰਹੇਗੀ। ਉਨ੍ਹਾਂ ਦੇਸ਼ ਦੀ ਸੁਧਾਰ ਪ੍ਰਕਿਰਿਆ ਅਤੇ ਸੰਕਟ ਨੂੰ ਮੌਕੇ ’ਚ ਤਬਦੀਲ ਕਰਨ ਦੀ ਸਮਰੱਥਾ ਦਾ  ਜ਼ਿਕਰ ਕੀਤਾ ਜਿਸ ਨਾਲ ਭਾਰਤ ਨੂੰ ਬਾਕੀ ਦੁਨੀਆ ਤੋਂ ਅੱਗੇ ਰਹਿਣ ’ਚ ਸਹਾਇਤਾ ਮਿਲੀ।

ਕਾਰਪੋਰੇਟ ਸੈਕਟਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਬਰਾਮਣੀਅਨ ਨੇ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ ਵੀ ਅਰਥਚਾਰੇ ਦੀ ਬੁਨਿਆਦ ਮਜ਼ਬੂਤ ਸੀ, ਬਸ ਕੁਝ ਵਿੱਤੀ ਮੁਸ਼ਕਲਾਂ ਜ਼ਰੂਰ ਸਨ। ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਵੱਲੋਂ ਕਰਵਾਏ ਗਏ ਪ੍ਰੋਗਰਾਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਮੇਰੀ ਗੱਲ ਲਿਖ ਕੇ ਰੱਖ ਲਵੋ, ਇਹ ਦਹਾਕਾ ਭਾਰਤ ਦੇ ਸਮੁੱਚੇ ਵਿਕਾਸ ਦਾ ਹੈ। ਵਿੱਤੀ ਵਰ੍ਹੇ 2023 ’ਚ ਸਾਨੂੰ ਵਿਕਾਸ ਦਰ ਸਾਢੇ 6 ਤੋਂ 7 ਫ਼ੀਸਦ ਵਿਚਕਾਰ ਰਹਿਣ ਦੀ ਆਸ ਹੈ ਅਤੇ ਅੱਗੇ ਹੋਰ ਸੁਧਾਰਾਂ ਦੇ ਅਸਰ ਨਾਲ ਇਹ ਹੋਰ ਵਧੇਗੀ।’’ ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ’ਚ ਵਿਕਾਸ ਦਰ ਦੋਹਰੇ ਅੰਕੜੇ ’ਚ ਰਹੇਗੀ।

ਇਸ ਸਾਲ ਜਨਵਰੀ ’ਚ ਜਾਰੀ ਆਰਥਿਕ ਸਰਵੇਖਣ 2020-21 ’ਚ ਜੀਡੀਪੀ 11 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਗਿਆ ਸੀ। ਦੇਸ਼ ਦੇ ਮੁੱਖ ਆਰਥਿਕ ਮਾਹਿਰਾਂ ’ਚੋਂ ਇਕ ਸੁਬਰਾਮਣੀਅਨ ਨੇ ਕਿਹਾ ਕਿ ‘ਵੀ ਸ਼ੇਪ ਰਿਕਵਰੀ’ ਤੋਂ ਸਪੱਸ਼ਟ ਹੈ ਕਿ ਅਰਥਚਾਰਾ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਕਿਰਤ ਅਤੇ ਖੇਤੀ ਕਾਨੂੰਨਾਂ ਸਮੇਤ ਸਰਕਾਰ ਵੱਲੋਂ ਕੀਤੇ ਗਏ ਹੋਰ ਸੁਧਾਰਾਂ ਨਾਲ ਵਿਕਾਸ ਨੂੰ ਹੁਲਾਰਾ ਮਿਲੇਗਾ। ‘ਭਾਰਤ ਹੀ ਇਕੱਲਾ ਅਜਿਹਾ ਮੁਲਕ ਹੈ ਜਿਸ ਨੇ ਪਿਛਲੇ 18 ਤੋਂ 20 ਮਹੀਨਿਆਂ ਦੌਰਾਨ ਕਈ ਸੁਧਾਰ ਕੀਤੇ ਹਨ।’ ਉਨ੍ਹਾਂ ਕਿਹਾ ਕਿ ਭਾਰਤ ਨੇ ਮੰਗ ਦੇ ਨਾਲ ਨਾਲ ਸਪਲਾਈ ’ਤੇ ਵੀ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ ਸੱਤ ਸਾਲਾਂ ਦੌਰਾਨ ਬਿਨਾਂ ਕਿਸੇ ਖਾਮੀਆਂ ਦੇ ਭਲਾਈ ਪ੍ਰੋਗਰਾਮ ਸ਼ੁਰੂ ਕੀਤੇ ਅਤੇ ਹੁਣ ਅਰਥਚਾਰੇ ’ਤੇ ਧਿਆਨ ਦੇਣ ਦੀ ਲੋੜ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ’ਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦਾ ਇੱਕ ਵਰ੍ਹਾ ਮੁਕੰਮਲ
Next articleਦੱਖਣੀ ਕੋਰੀਆ ਨਾਲ ਬਿਹਤਰ ਰਿਸ਼ਤੇ ਚਾਹੁੰਦਾ ਹੈ ਕਿਮ