ਵਾਤਾਵਰਨ ਨੂੰ ਸਾਫ ਰੱਖਣ ਲਈ ਪਰਾਲੀ ਨਾ ਜਲਾਓ:

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)

ਕੁਝ ਦਿਨਾਂ ਬਾਅਦ ਹੀ ਝੋਨੇ ਦੀ ਕਟਾਈ ਸ਼ੁਰੂ ਹੋ ਜਾਏਗੀ । ਕਿੱਥੇ ਕਿੱਥੇ ਤਾਂ ਕਟਾਈ ਸ਼ੁਰੂ ਹੋ ਚੁੱਕੀ ਹੈ। ਕੋਈ ਸਮਾਂ ਸੀ ਜਦੋਂ ਕਿਸਾਨ ਦਾਤੀ ਨਾਲ ਹੀ ਫਸਲਾਂ ਦੀ ਕਟਾਈ ਕਰਦੇ ਸਨ। ਅੱਜ ਕੱਲ ਮਸ਼ੀਨਾਂ(ਕੰਬਾਈਨਾਂ) ਰਾਹੀਂ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ।ਹਰ ਸਾਲ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਆ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਪਿਛਲੇ ਸਾਲ 2020 ਵਿਚ ਅਸੀਂ ਦੇਖਿਆ ਕਿ ਜਦੋਂ ਕਰੋਨਾ ਕਰਕੇ ਪੂਰੇ ਭਾਰਤ ਵਿਚ ਲਾਕਡਾਊਨ ਲੱਗਾ ਤਾਂ ਵਾਤਾਵਰਣ ਸਾਫ਼ ਹੋ ਚੁੱਕਿਆ ਸੀ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਹਵਾ ਸਾਫ਼ ਹੋ ਚੁੱਕੀ ਸੀ।

ਗੰਗਾ, ਜਮਨਾ ਤੋਂ ਲੈ ਕੇ ਬਿਆਸ ਦਰਿਆ ਵਿੱਚ ਪੰਛੀਆਂ ਅਠਖੇਲੀਆਂ ਕਰਦੇ ਨਜ਼ਰ ਆਏ । ਕੁਦਰਤ ਨਵੀਂ ਨਵੇਲੀ ਵਹੁਟੀ ਦੀ ਤਰ੍ਹਾਂ ਸੱਜ ਗਈ। ਇਨਸਾਨ ਕੈਦ ਸੀ ਤੇ ਜੀਵ-ਜੰਤੂ ਆਜ਼ਾਦ ਸਨ। ਆਪਣੇ ਨਿੱਜੀ ਸਵਾਰਥਾਂ ਖ਼ਾਤਰ ਮਨੁੱਖ ਕੁਦਰਤ ਨਾਲ ਲਗਾਤਾਰ ਖਿਲਵਾੜ ਕਰ ਰਿਹਾ ਹੈ। ਜਿਸ ਦਾ ਖ਼ਮਿਆਜ਼ਾ ਉਸ ਨੂੰ ਹਮੇਸ਼ਾ ਭੁਗਤਣਾ ਪੈਂਦਾ ਹੈ। ਜਦੋਂ ਤਾਲਾਬੰਦੀ ਹੋਈ ਤਾਂ ਸ਼ਹਿਰੀ ਖੇਤਰਾਂ ਤੋਂ ਬਰਫ਼ ਨਾਲ ਲੱਦੇ ਹੋਏ ਪਹਾੜ ਦੇਖੇ ਗਏ। ਸਾਰਾ ਵਾਤਾਵਰਣ ਮਹਿਕ ਚੁੱਕਿਆ ਸੀ।

ਇਨਸਾਨ ਫਿਰ ਵੀ ਨਹੀਂ ਸੁਧਰਿਆ। ਕੁਦਰਤ ਲਗਾਤਾਰ ਇਨਸਾਨ ਨੂੰ ਇਸ਼ਾਰੇ ਕਰ ਰਹੀ ਹੈ। ਫ਼ੈਕਟਰੀਆਂ ਦੀ ਰਹਿੰਦ-ਖੂਹਿੰਦ ਨੂੰ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ।ਦਰਿਆ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।ਫੈਕਟਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਵੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਧੂੰਏਂ ਕਾਰਨ ਵਾਤਾਵਰਨ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਕਰੋਨਾ ਅਜੇ ਖਤਮ ਨਹੀਂ ਹੋਇਆ ਹੈ। ਜਦੋਂ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਜਾਂਦੀ ਹੈ, ਤਾਂ ਇਹ ਧੂੰਆਂ ਫੇਫੜਿਆਂ ਲਈ ਨੁਕਸਾਨ ਦਾਇਕ ਹੁੰਦਾ ਹੈ, ਜਿਸ ਕਾਰਨ ਲੋਕ ਫੇਫੜਿਆਂ ਤੇ ਦਿਲ ਦੇ ਮਰੀਜ਼ ਬਣ ਜਾਂਦੇ ਹਨ। ਜਦੋਂ ਖੇਤਾਂ ਵਿੱਚ ਪਰਾਲੀ ਦੇ ਨਾੜ ਨੂੰ ਫੁਕਿਆ ਜਾਂਦਾ ਹੈ ਤਾਂ ਕਈ ਲੋਕ ਸੜਕ ਦੁਰਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ। ਸੜਕਾਂ ਤੇ ਧੂੰਆਂ ਹੀ ਧੂੰਆਂ ਪਸਰ ਜਾਂਦਾ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟ ਜਾਂਦੀ ਹੈ।ਦੋ ਸਾਲ ਪਹਿਲਾਂ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਪਰ ਅਜੇ ਤੱਕ ਇਹ ਮੁਆਵਜ਼ਾ ਕਿਸਾਨਾਂ ਤੱਕ ਨਹੀਂ ਪਹੁੰਚਿਆ ਹੈ। ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਹੀ ਪਰਾਲੀ ਦਾ ਹੱਲ ਲੱਭਣ ਵਿਚ ਨਾਕਾਮ ਸਿੱਧ ਹੋਈਆਂ ਹਨ। ਛੋਟੇ ਕਿਸਾਨ ਪਰਾਲੀ ਨੂੰ ਨਸ਼ਟ ਕਰਨ ਵਾਲੀਆਂ ਮਸ਼ੀਨਾਂ ਨਹੀਂ ਖ਼ਰੀਦ ਸਕਦੇ। ਚੰਗਾ ਹੋਵੇ ਜੇ ਸਰਕਾਰਾਂ ਰਾਹੀਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਪਰਾਲੀ ਨੂੰ ਅੱਗ ਨਾ ਲਾਉਣ। ਜੁਰਮਾਨਾ ਤੇ ਸਜ਼ਾ ਕੋਈ ਮਸਲੇ ਦਾ ਹੱਲ ਨਹੀਂ ਹੈ।

ਸੰਜੀਵ ਸਿੰਘ ਸੈਣੀ

ਮੋਹਾਲੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਦੇ ਜਵਾਨੋ ਭਗਤ ਸਿੰਘ ਪੜ੍ਹਦਾਂ ਵੀ ਸੀ!
Next articleਇੱਕ ਸਵਾਲ