ਸੀਆਈਏ ਦੇ ਡਾਇਰੈਕਟਰ ਵੱਲੋਂ ਪਾਕਿ ਫ਼ੌਜ ਮੁਖੀ ਨਾਲ ਮੁਲਾਕਾਤ

ਇਸਲਾਮਾਬਾਦ (ਸਮਾਜ ਵੀਕਲੀ): ਅਮਰੀਕਾ ਦੀ ਕੇਂਦਰੀ ਖੁਫ਼ੀਆ ਏਜੰਸੀ (ਸੀਆਈਏ) ਦੇ ਡਾਇਰੈਕਟਰ ਵਿਲੀਅਮ ਬਰਨਸ ਵੱਲੋਂ ਅੱਜ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈਐੱਸਆਈ ਦੇ ਮੁਖੀ ਲੈਫ਼ਟੀਨੈਂਟ ਜਨਰਲ ਫੈਜ਼ ਹਾਮਿਦ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਬਰਨਸ ਵੱਲੋਂ ਪਾਕਿਸਤਾਨੀ ਅਧਿਕਾਰੀਆਂ ਨਾਲ ਖੇਤਰੀ ਸੁਰੱਖਿਆ ਦੇ ਮੁੱਦਿਆਂ ਅਤੇ ਅਫ਼ਗਾਨਿਸਤਾਨ ਵਿਚ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ ਗਈ। ਇਹ ਮੀਟਿੰਗ ਤਾਲਿਬਾਨ ਵੱਲੋਂ ਮੰਗਲਵਾਰ ਨੂੰ ਅਫ਼ਗਾਨਿਸਤਾਨ ਦੀ ਨਵੀਂ ਕੱਟੜਪੰਥੀ ਸਰਕਾਰ ਦਾ ਐਲਾਨ ਕੀਤੇ ਜਾਣ ਮਗਰੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲ੍ਹਾ ਮੁਹੰਮਦ ਹਸਨ ਅਖੁੰਦ ਸਣੇ ਅਫ਼ਗਾਨਿਸਤਾਨ ਦੇ ਇਸ ਨਵੇਂ ਮੰਤਰੀ ਮੰਡਲ ਦੇ ਘੱਟੋ-ਘੱਟ 14 ਮੈਂਬਰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀ ਕਾਲੀ ਸੂਚੀ ਵਿਚ ਸ਼ਾਮਲ ਹਨ।

ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਅਤੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਇਕ ਬਿਆਨ ਰਾਹੀਂ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਬਰਨਸ ਤੇ ਬਾਜਵਾ ਵੱਲੋਂ ਆਪਸੀ ਹਿੱਤਾਂ, ਖੇਤਰੀ ਸੁਰੱਖਿਆ ਅਤੇ ਅਫ਼ਗਾਨਿਸਤਾਨ ਵਿਚ ਮੌਜੂਦਾ ਹਾਲਾਤ ਬਾਰੇ ਗੱਲਬਾਤ ਕੀਤੀ ਗਈ। ਬਿਆਨ ਅਨੁਸਾਰ ਆਈਐੱਸਆਈ ਦੇ ਡਾਇਰੈਕਟਰ ਜਨਰਲ ਹਾਮਿਦ ਵੀ ਮੀਟਿੰਗ ਵਿਚ ਹਾਜ਼ਰ ਸਨ।

ਬਿਆਨ ਵਿਚ ਕਿਹਾ ਗਿਆ ਹੈ, ‘‘ਪਾਕਿਸਤਾਨ ਵੱਲੋਂ ਖਿੱਤੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਕੌਮਾਂਤਰੀ ਭਾਈਵਾਲਾਂ ਨੂੰ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ ਗਈ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਲਈ ਇਕ ਸਥਿਰ ਤੇ ਖੁਸ਼ਹਾਲ ਭਵਿੱਖ ਦਾ ਭਰੋਸਾ ਦਿਵਾਇਆ ਗਿਆ।’’ ਪਿਛਲੇ ਹਫ਼ਤੇ ਆਈਐੱਸਆਈ ਦੇ ਮੁਖੀ ਵੱਲੋਂ ਅਚਾਨਕ ਕਾਬੁਲ ਦਾ ਦੌਰਾ ਕੀਤੇ ਜਾਣ ਅਤੇ ਉੱਥੇ ਤਾਲਿਬਾਨੀ ਆਗੂ ਅਬਦੁਲ ਗਨੀ ਬਰਾਦਰ ਨਾਲ ਮੁਲਾਕਾਤ ਕੀਤੇ ਜਾਣ ਤੋਂ ਬਾਅਦ ਬਰਨਸ ਵੱਲੋਂ ਇਸਲਾਮਾਬਾਦ ਦਾ ਇਹ ਦੌਰਾ ਕੀਤਾ ਗਿਆ ਹੈ। 31 ਅਗਸਤ ਨੂੰ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਵਾਪਸ ਸੱਦੇ ਜਾਣ ਮਗਰੋਂ ਅਮਰੀਕਾ ਦੇ ਕਿਸੇ ਅਧਿਕਾਰੀ ਵੱਲੋਂ ਪਾਕਿਸਤਾਨ ਦਾ ਇਹ ਪਹਿਲਾ ਉੱਚ-ਪੱਧਰੀ ਦੌਰਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਨਸੀਪੀ ਦੇ ਮੰਤਰੀ ਛਗਨ ਭੁਜਬਲ, ਪੁੱਤਰ ਤੇ ਭਤੀਜੇ ਸਣੇ ਦੋਸ਼ ਮੁਕਤ ਕਰਾਰ
Next articleਨਸਲਵਾਦ ਲਈ ਕੈਨੇਡਾ ਵਿੱਚ ਕੋਈ ਥਾਂ ਨਹੀਂ: ਲਿਬਰਲ ਸੰਸਦ ਮੈਂਬਰ