(ਸਮਾਜ ਵੀਕਲੀ)
ਪਿਛਲੇ ਸਮਿਆਂ ਵਿੱਚ ਵਿਆਹ ਵਾਲੇ ਘਰ ਕਈ ਦਿਨ ਰੌਣਕ ਰਹਿੰਦੀ ਸੀ। ਸਾਰੇ ਰਿਸ਼ਤੇਦਾਰਾਂ ਨੂੰ ਸੱਦੇ ਭੇਜੇ ਜਾਂਦੇ ਸਨ। ਵਿਆਹ ਤੋਂ ਪਹਿਲਾਂ ਆਂਢ-ਗੁਆਂਢ ਵਾਲੇ ਵਿਆਹ ਵਾਲੇ ਪਰਿਵਾਰ ਨੂੰ ਮਾਂਜੜਾ (ਰਾਤ ਦਾ ਖਾਣਾ) ਭੇਜਦੇ ਸਨ। ਫਿਰ ਸ਼ਰੀਕੇ ਦੀਆਂ ਔਰਤਾਂ ਵਿਆਹ ਵਾਲੇ ਘਰ ਸੁਹਾਗ ਦੇ ਗੀਤ ਗਾਉਂਦੀਆਂ ਸਨ। ਵਿਆਹ ਤੋਂ ਇਕ ਦਿਨ ਪਹਿਲਾਂ ਮੇਲ ਆ ਜਾਂਦਾ ਸੀ। ਦਾਦਕੀਆਂ-ਨਾਨਕੀਆਂ ਖੂਬ ਹਾਸਾ ਠੱਠਾ ਕਰਕੇ ਵਿਆਹ ਦੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਸਨ। ਘਰ ਵਿੱਚ ਹੀ ਫੇਰੇ ਕਰਕੇ ਸ਼ਰੀਕੇ ਦੇ ਸਾਰੇ ਨੌਜਵਾਨ ਖੁਸ਼ੀ ਖੁਸ਼ੀ ਜੰਝ ਦੀ ਸੇਵਾ ਕਰਦੇ ਸਨ।
ਮੰਜਿਆਂ ‘ਤੇ ਟੰਗਿਆ ਸਪੀਕਰ ਵਿਆਹ ਤੋਂ ਪਹਿਲਾਂ ਤੇ ਪਿੱਛੋਂ ਵਜਦਾ ਰਹਿੰਦਾ ਸੀ। ਦੂਰੋਂ ਆਏ ਰਿਸ਼ਤੇਦਾਰ ਨੂੰ ਪੁੱਛਣ ਦੀ ਲੋੜ ਵੀ ਨਹੀਂ ਪੈਂਦੀ ਸੀ ਕਿ ਵਿਆਹ ਵਾਲਿਆਂ ਦਾ ਘਰ ਕਿੱਥੇ ਹੋਵੇਗਾ। ਪਹਿਲਾਂ ਜੇ ਕਿਸੇ ਦੇ ਘਰ ਵਿਆਹ ਹੋਣਾ ਤਾਂ ਸਾਰੇ ਸ਼ਰੀਕੇ ਨੇ ਉਸ ਨੂੰ ਆਪਣਾ ਨਿੱਜੀ ਪ੍ਰੋਗਰਾਮ ਮੰਨ ਕੇ ਆਪੋ-ਆਪਣੀ ਸਮਰੱਥਾ ਮੁਤਾਬਕ ਯੋਗਦਾਨ ਦੇਣਾ। ਵਿਆਹ ਤੋਂ ਤਿੰਨ-ਚਾਰ ਦਿਨ ਪਹਿਲਾਂ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੇ ਵਿਆਹ ਦੇ ਕੰਮਾਂ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦੇਣਾ। ਗੀਤਾਂ ਦੀਆਂ ਲੰਮੀਆਂ ਹੇਕਾਂ ਮਾਹੌਲ ਨੂੰ ਖੂਬਸੂਰਤ ਬਣਾ ਦਿੰਦੀਆਂ ਸਨ। ਤਰੱਕੀ ਦੀਆਂ ਬਰੂਹਾਂ ਵੱਲ ਵਧਣ ਨਾਲ ਸਭ ਤੋਂ ਪਹਿਲਾਂ ਜਿਸ ਰਸਮੋ-ਰਿਵਾਜ ਨੂੰ ਖੋਰਾ ਲੱਗਿਆ, ਉਹ ਸੀ ਵਿਆਹ।
ਪਹਿਲਾਂ ਹੁੰਦੇ ਵਿਆਹ ਵਧੀਆ ਸਨ ਕਿਉਂਕਿ ਉਨ੍ਹਾਂ ਵਿੱਚ ਆਪਸੀ ਪਿਆਰ ਅਤੇ ਖੁਸ਼ੀ ਦੀ ਭਾਵਨਾ ਨਜ਼ਰ ਆਉਂਦੀ ਸੀ। ਘਰਾਂ ਵਾਲੇ ਵਿਆਹ ਚੰਗੇ ਸੀ। ਵਿਆਹ ਵਾਲੇ ਘਰਾਂ ‘ਚ ਕਈ ਦਿਨ ਰੌਣਕ ਰਹਿੰਦੀ ਸੀ। ਕਈ ਦਿਨ ਪਹਿਲਾਂ ਗੀਤ ਗਾਏ ਜਾਂਦੇ ਸੀ। ਕੁੜੀਆਂ, ਔਰਤਾਂ ਬਰਾਤੀਆਂ ਨੂੰ ਸਿੱਠਣੀਆਂ ਦਿੰਦੀਆਂ। ਹਾਸਾ ਮਜ਼ਾਕ ਸਾਰਾ ਦਿਨ ਚਲਦਾ ਰਹਿੰਦਾ ਸੀ। ਅਨੰਦ ਕਾਰਜ ਵੀ ਘਰ ‘ਚ ਹੀ ਹੁੰਦੇ। ਵਿਆਹ ਵਾਲੇ ਘਰ ਕਈ ਦਿਨ ਪਹਿਲਾਂ ਰੌਣਕਾਂ ਲੱਗ ਜਾਂਦੀਆਂ ਸਨ। ਘਰਾਂ ਵਿਚ ਹਲਵਾਈ ਸੱਦ ਕੇ ਖੁਦ ਆਪਣੇ ਹੱਥੀਂ ਮਠਿਆਈ ਤਿਆਰ ਕਰਵਾਈ ਜਾਂਦੀ ਸੀ। ਵਿਆਹ ਵਾਲੇ ਘਰ ਪਿੰਡ ਦੇ ਲੋਕ ਇਕੱਠੇ ਹੋ ਕੇ ਕੰਮ ਕਰਦੇ ਜਿਸ ਨਾਲ ਭਾਈਚਾਰਕ ਸਾਂਝ ਬਣਦੀ ਸੀ। ਕੋਈ ਸਮਾਂ ਸੀ ਜਦੋਂ ਇਕ ਘਰ ਦਾ ਵਿਆਹ ਪੂਰੇ ਪਿੰਡ ਦਾ ਵਿਆਹ ਸਮਝਿਆ ਜਾਂਦਾ ਸੀ।
ਵਿਆਹ ਵੀ ਪੂਰਾ ਹਫਤਾ ਚੱਲਦਾ ਸੀ, ਪਰ ਅੱਜ ਦਾ ਵਿਆਹ ਸਿਰਫ ਚਾਰ ਘੰਟਿਆਂ ਦਾ ਹੋ ਕੇ ਰਹਿ ਗਿਆ ਹੈ। ਪੈਲੇਸ ਸੱਭਿਆਚਾਰ ਨੇ ਜਿੱਥੇ ਵਿਆਹ ਵਿਚ ਸ਼ੋਰ-ਸ਼ਰਾਬਾ ਵਧਾਇਆ ਹੈ, ਉੱਥੇ ਆਰਥਿਕ ਪੱਖੋ ਵੀ ਢਾਹ ਲਾਈ ਹੈ। ਘਰਾਂ ਵਿਚ ਹੁੰਦੇ ਵਿਆਹਾਂ ਵਿਚ ਰਿਸ਼ਤੇਦਾਰ ਰਲ-ਮਿਲ ਕੇ ਵਿਆਹ ਦਾ ਕੰਮ ਨਿਬੇੜਦੇ ਤੇ ਆਪਸੀ ਦੁੱਖ-ਸੁੱਖ ਸਾਂਝੇ ਕਰਦੇ ਸਨ। ਇਸ ਨਾਲ ਆਪਸੀ ਭਾਈਚਾਰਕ ਸਾਂਝ ਵਧਦੀ ਸੀ।
ਨਾਨਕਾ ਮੇਲ ਵੀ ਪਿੰਡ ਦੀ ਜੂਹ ਵਿਚ ਵੜਨ ਵੇਲੇ ਪਹਿਲਾਂ ਵਾਂਗ ਬੰਬੀਹਾ ਨਹੀਂ ਬੁਲਾਉਂਦਾ ਹੈ। ਅਸਲੀ ਪਹਿਰਾਵੇ, ਰਹੁ-ਰੀਤਾਂ, ਹਾਸੇ-ਮਖੌਲ, ਪਕਵਾਨ, ਸਾਦਗੀ, ਪ੍ਰੇਮ, ਰਿਸ਼ਤੇ-ਨਾਤੇ, ਨਿਹੋਰੇ, ਲੋਕ ਕਲਾਵਾਂ ਤੇ ਕਈ ਹੋਰ ਵੰਨਗੀਆਂ ਆਪਣੀ ਵਿਸ਼ੇਸ਼ ਥਾਂ ਰੱਖਦੇ ਸਨ। ਜੇ ਕੋਈ ਸਰਦਾ-ਪੁੱਜਦਾ ਪਰਿਵਾਰ ਕਿਸੇ ਲੋਕ ਗਾਇਕ ਨੂੰ ਵਿਆਹ ‘ਤੇ ਬੁਲਾ ਲੈਂਦਾ ਤਾਂ ਆਸ-ਪਾਸ ਦੇ ਪਿੰਡਾਂ ਦੇ ਲੋਕ ਅਖਾੜਾ ਸੁਣਨ ਲਈ ਟੋਲੀਆਂ ਦੇ ਰੂਪ ਵਿਚ ਪਹੁੰਚ ਜਾਂਦੇ ਸਨ।
ਪਹਿਲਾਂ ਘਰਾਂ ਵਿਚ ਜਿਹੜੇ ਵਿਆਹ ਹੁੰਦੇ ਸਨ, ਉਨ੍ਹਾਂ ਵਿਚ ਸੱਭਿਆਚਾਰ ਦੀਆਂ ਬਹੁਤ ਸਾਰੀਆਂ ਝਲਕੀਆਂ ਵੇਖਣ ਨੂੰ ਮਿਲਦੀਆਂ ਸਨ। ਉਦੋਂ ਬਰਾਤ ਵੀ ਕਈ ਦਿਨ ਰਹਿੰਦੀ ਸੀ। ਅੱਜ ਵਾਲੇ ਪਕਵਾਨ ਨਹੀਂ ਸਨ, ਜਿਸ ਕਾਰਨ ਬਰਾਤ ਸੰਭਾਲਣ ਦਾ ਬਹੁਤਾ ਖਰਚਾ ਨਹੀਂ ਹੁੰਦਾ ਸੀ, ਪਰ ਅੱਜ ਤਾਂ ਕੁਝ ਘੰਟਿਆਂ ‘ਚ ਹੀ ਬਹੁਤ ਸਾਰਾ ਖਰਚਾ ਹੋ ਜਾਂਦਾ ਹੈ। ਵਿਆਹ ‘ਚ ਕੜਾਹੀ ਚੜ੍ਹਨ ‘ਤੇ ਘਰ ਵਿਚ ਭੈਣ-ਭਰਾਵਾਂ ਦਾ ਇਕੱਠ ਹੀ ਘਰ ਵਾਲਿਆਂ ਦੇ ਚੰਗੇ ਵਿਹਾਰ ਦੀ ਨਿਸ਼ਾਨੀ ਸੀ। ਜੋ ਵਿਆਹ ਪਹਿਲਾਂ ਘਰਾਂ ਵਿਚ ਹੁੰਦੇ ਸੀ, ਉਨ੍ਹਾਂ ਵਿੱਚੋਂ ਸਾਦਗੀ ਤੇ ਅਪਣੱਤ ਬਹੁਤ ਸੀ। ਰੌਲਾ-ਰੱਪਾ ਨਹੀਂ ਸੀ। ਸਿਰਫ ਰੀਤੀ-ਰਿਵਾਜਾਂ ਦਾ ਬੋਲਬਾਲਾ ਸੀ।
ਪ੍ਰੇਮ ਸਰੂਪ ਛਾਜਲੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਗੋਬਿੰਦਗੜ੍ਹ ਖੋਖਰ (ਸੰਗਰੂਰ)
9417134982
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly