ਕਿਸਾਨ ਅੰਦੋਲਨ ਹੁਣ ਨਵੇਂ ਰਸਤਿਆਂ ਰਾਹੀਂ ਜਿੱਤ ਦੀਆਂ ਬਰੂਹਾਂ ਤੇ –

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਦੇਸ਼ ਦੇ ਕਿਰਤੀ-ਕਿਸਾਨ ਦਸ ਮਹੀਨੇ ਸੜਕਾਂ ਤੇ ਖੱਜਲ ਖੁਆਰ ਹੋ ਰਹੇ ਹਨ,ਕਿਸ ਲਈ ਪੂਰੀ ਦੁਨੀਆਂ ਜਾਣਦੀ ਹੈ ਪਰ ਸਾਡੀ ਸਰਕਾਰ ਸੁੱਤੀ ਪਈ ਹੈ; ਪਰ ਕਈ ਕਈ ਘੰਟੇ ਓਲੰਪਿਕ ਦੇ ਮੈਚ ਦੇਖ ਕੇ ਝੂਠੇ ਮੋਹ ਦਾ ਪ੍ਰਗਟਾਵਾ ਕਰਨ ਵਾਲਾ ਅਤੇ ਉਹਨਾਂ ਨਾਲ ਲੰਚ-ਡਿਨਰ ਡਿਪਲੋਮੇਸੀ ਕਰਨ ਵਾਲਾ ਪ੍ਰਧਾਨਮੰਤਰੀ 10 ਮਹੀਨਿਆਂ ਤੋਂ ਇਕ ਵਾਰ ਵੀ ਉਹਨਾਂ ਅੰਨਦਾਤਿਆਂ ਨੂੰ ਨਹੀਂ ਮਿਲ ਸਕਿਆ, ਜਿਨ੍ਹਾਂ ਦੇ ਪੁੱਤ ਸਰਹੱਦਾਂ ਤੇ ਦੇਸ਼ ਲਈ ਖੂਨ ਡੋਲ੍ਹਦੇ ਹਨ ਅਤੇ ਜਿਹੜੇ ਆਪ ਖੇਤਾਂ ਵਿਚ ਆਪਣਾ ਖੂਨ ਪਸੀਨਾ ਵਹਾਉਂਦੇ ਹਨ। ਕਿਸੇ ਵੀ ਬੰਦੇ ਦਾ ਮਰਨਾ ਅਫਸੋਸਨਾਕ ਹੈ। ਪਰ ਹੱਦ ਉਦੋਂ ਹੁੰਦੀ ਹੈ ਜਦ ਸਰਕਾਰ ਇਕ ਅਦਾਕਾਰ ਦੀ ਮੌਤ ਨੂੰ ਦੇਸ਼ ਲਈ ਵੱਡਾ ਘਾਟਾ ਮੰਨ ਕੇ ਮਗਰਮੱਛ ਦੇ ਹੰਝੂ ਵਹਾਉਂਦੀ ਹੈ, ਪਰ 700 ਸੌ ਤੋ ਵੱਧ ਕਿਸਾਨਾਂ ਦੀ ਮੌਤ ਤੇ ਇਕ ਮਿੰਟ ਦਾ ਮੌਨ ਵੀ ਧਾਰਨ ਨਹੀਂ ਕਰਦੀ।

ਰੋਜ਼ੀ ਰੋਟੀ ਪੈਦਾ ਕਰਨ ਵਾਲੇ ਕਿਰਤੀਆਂ ਪ੍ਰਤੀ ਏਨੀ ਨਫ਼ਰਤ, ਏਨੀ ਖਿਝ ਅਤੇ ਗੁੱਸਾ ਦਰਿੰਦਗੀ ਹੀ ਹੋ ਸਕਦੀ ਹੈ, ਹੋਰ ਕੁਝ ਨਹੀਂ..ਅਜ਼ਾਦੀ ਤੋਂ ਬਾਅਦ ਕਿਸੇ ਵੀ ਸਰਕਾਰ ਦੀ ਏਨੀ ਘਟੀਆ ਸੋਚ ਤੇ ਕਾਲੇ ਕਾਨੂੰਨ ਬਣਾਉਣੇ,ਪਹਿਲੀ ਇਹ ਘਿਨਾਉਣੀ ਹਰਕਤ ਹੋਈ ਹੈ।ਇਹ ਸੋਚ ਹੋਵੇਗੀ ਕਿ ਇਹ ਕਿੰਨੀ ਕੁ ਦੇਰ ਸੜਕਾਂ ਤੇ ਧੱਕੇ ਖਾਣਗੇ,ਦੇਖ ਕੇ ਅਣਡਿੱਠ ਕਰਦੇ ਰਹੋ ਥੱਕ ਹਾਰ ਕੇ ਭੱਜ ਜਾਣਗੇ।

ਕਿਸਾਨਾਂ ਤੇ ਮਜ਼ਦੂਰਾਂ ਨੇ ਪਹਿਲਾ ਨਹੀਂ ਦੂਜਾ ਗਹਿਰੀ ਸੋਚ ਵਿੱਚੋਂ ਨਵਾਂ ਰਸਤਾ ਤਿਆਰ ਕੀਤਾ।ਪਹਿਲਾਂ ਉਹ ਪੰਜਾਬ ਤੋਂ ਵਾਇਆ ਹਰਿਆਣਾ ਦਿੱਲੀ ਪਹੁੰਚਿਆ ਸੀ ਤੇ ਦੋਹਾਂ ਰਾਜਾਂ ਵਿਚ ਸੱਤਾ ਦਾ ਨੱਕ ਮੋੜ ਕੇ ਹੁਣ ਉਸ ਨੇ ਮੁਜ਼ੱਫਰਨਗਰ ਤੋਂ ਲਖਨਊ ਦਿੱਲੀ ਤੱਕ ਪਹੁੰਚਣ ਦਾ ਮੋਰਚਾ ਖੋਲ੍ਹ ਦਿੱਤਾ ਹੈ।ਕੱਲ੍ਹ ਕਰਨਾਲ ਵਿਚ ਕਿਸਾਨ ਮਜ਼ਦੂਰਾਂ ਦੇ ਭਾਰੀ ਮੇਲ ਜੋਲ ਤੇ ਇਕੱਠ ਨੂੰ ਵੇਖ ਕੇ ਪੁਲਿਸ ਚੁੱਪਚਾਪ ਖੜ੍ਹੀ ਦੇਖ ਰਹੀ ਸੀ।ਸਾਡੇ ਕਿਸਾਨ ਯੋਧੇ ਸ਼ਰ੍ਹੇਆਮ ਕਹਿ ਰਹੇ ਸੀ ਅਸੀਂ ਹਿੱਕ ਤਾਣ ਕੇ ਖੜ੍ਹੇ ਹਾਂ ਜੋ ਕੁਝ ਮਰਜ਼ੀ ਕਰੋ ਅਸੀਂ ਜਿੱਤ ਪ੍ਰਾਪਤ ਕਰਕੇ ਹੀ ਘਰ ਵਾਪਸ ਮੁੜਾਂਗੇ। ਗੋਦੀ ਮੀਡੀਆ ਬੇਸ਼ੱਕ ਚੁੱਪ ਹੈ ਪਰ ਅੰਤਰਰਾਸ਼ਟਰੀ ਮੀਡੀਆ ਜਾਣਦਾ ਹੈ ਕਿ ਕਿਸਾਨ ਦਸ ਮਹੀਨਿਆਂ ਤੋਂ ਇਹ ਕਹਿੰਦੇ ਰਹੇ, ਕਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ
ਪਰ ਹੁਣ ਗੱਲ ਇਸ ਤੋਂ ਅੱਗੇ ਤੁਰਨ ਦੀ ਚੱਲ ਪਈ,ਇਸ ਲਈ ਨਾਹਰਾ ਵੀ ਬਦਲ ਗਿਆ ਤੇ ਕਾਮਯਾਬੀ ਲਈ ਰਸਤਾ ਵੀ ਬਦਲ ਲਿਆ
“ਜੇਕਰ ਤੁਸੀਂ ਤਿੰਨ ਕਨੂੰਨ ਨਾ ਬਦਲੇ ਤਾਂ ਅਸੀਂ ਤੁਹਾਨੂੰ ਬਦਲਾਂਗੇ,ਜੋ ਸਭ ਤੋਂ ਤਾਜ਼ਾ ਉਦਹਾਰਣ ਸਾਰੀ ਦੁਨੀਆਂ ਦੇਖ ਰਹੀ ਹੈ ਜੋ ਮੁਜ਼ੱਫਰਨਗਰ ਤੋਂ ਇਹੀ ਸ਼ੂਰੂਆਤ ਹੋਈ ਹੈ।

ਲੜਾਈ ਆਰਥਿਕ ਮੁੱਦਿਆਂ ਤੋਂ ਬਾਹਰ ਨਿੱਕਲ ਕੇ ਸਿਆਸੀ ਏਜੰਡੇ ਤੱਕ ਪਹੁੰਚ ਗਈ ਹੈ।”ਜਿਸ ਤਰ੍ਹਾਂ ਲਗਭਗ ਚਾਰ ਤੋਂ ਪੰਜ ਲੱਖ ਲੋਕਾਂ ਨੇ ਮੁਜ਼ੱਫਰਨਗਰ ਪਹੁੰਚ ਕੇ ਯੋਗੀ-ਮੋਦੀ ਨੂੰ ਇਹ ਸੰਦੇਸ਼ ਦੇ ਦਿੱਤਾ ਹੈ ਕਿ ਪਹਿਲਾਂ ਲਖਨਊ ਹਰਾਵਾਂਗੇ ਤੇ ਫਿਰ ਦਿੱਲੀ, ਤੇ ਹੋਰ ਜਿਹੜੇ ਰਾਜਾਂ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ,ਵੋਟਰ ਕੌਣ ਹਨ ਪੂਰਨ ਇਕੱਠ ਵਿੱਚ ਦੇਖ ਹੀ ਲਿਆ ਹੈ। ਕੱਲ੍ਹ ਕਰਨਾਲ ਵਿਚ ਕਿਵੇਂ ਬੈਰੀਕੇਡ ਤੋੜ ਕੇ,ਮਿੰਨੀ ਸਕੱਤਰੇਤ ਨੂੰ ਜਾ ਕੇ ਘੇਰ ਕੇ ਬੈਠ ਗਏ,ਖੱਟਰ ਸਾਹਬ ਦਾ ਭੁਲੇਖਾ ਦੂਰ ਹੋ ਗਿਆ ਕਿ ਗੈਰ ਕਿਸਾਨ ਹੀ ਮੋਰਚਿਆਂ ਵਿੱਚ ਬੈਠੇ ਹਨ,ਹੁਣ ਤੁਹਾਡੇ ਦਰਵਾਜ਼ੇ ਅੱਗੇ ਬੈਠੇ ਹਨ ਚੰਗੀ ਤਰ੍ਹਾਂ ਵੇਖ ਲਵੋ ਕੌਣ ਹਨ ? ਹੁਣ ਏਜੰਡੇ ਵੀ ਬਦਲ ਚੁੱਕੇ ਹਨ ਅਤੇ ਯੁੱਧ ਦੇ ਰਸਤੇ ਵੀ ਬਦਲ ਗਏ ਹਨ,ਕਿਉਂਕਿ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਪਰ ਮਿਲ ਨਹੀਂ ਸਕੀ।ਹੁਣ ਨਵਾਂ ਉਸਾਰੂ ਐਲਾਨ,ਮੋਦੀ ਦੇ ਹਲਕੇ ਬਨਾਰਸ ਅਤੇ ਯੋਗੀ ਦੇ ਹਲਕੇ ਗੋਰਖਪੁਰ ਸਮੇਤ 16 ਕਿਸਾਨ ਮਹਾਂਪੰਚਾਇਤਾਂ ਕਰਨ ਦਾ ਐਲਾਨ ਕਰਕੇ ਇਹ ਸੁਨੇਹਾ ਦੇ ਦਿੱਤਾ ਹੈ ਕਿ ਲੜਾਈ ਹੁਣ ਸਿਰਫ਼ ‘ਸਿਆਸੀ ਪਾਰਟੀਆਂ ਬਨਾਮ ਬੀਜੇਪੀ’ ਨਹੀਂ ਹੋਵੇਗੀ ਬਲਕਿ ‘ਕਿਸਾਨ ਬਨਾਮ ਸੱਤਾ’ ਵੀ ਹੋਵੇਗੀ।

ਇਹ ਉਹੀ ਮੁਜ਼ੱਫਰਨਗਰ ਹੈ ਜਿੱਥੋਂ ਸਾਡੇ ਇਤਿਹਾਸ ਵਿੱਚ ਦਰਜ ਹੈ 1857 ਦਾ ਗਦਰ ਸ਼ੁਰੂ ਹੋਇਆ ਸੀ ਤੇ ਦੇਸ਼ 47 ਵਿਚ ਅੱਧੀ-ਅਧੂਰੀ ਆਜ਼ਾਦੀ ਪ੍ਰਾਪਤ ਕਰਨ ਵਿਚ ਸਫ਼ਲ ਹੋਇਆ ਸੀ। ਪਰ ਬਾਅਦ ਵਿਚ ਇਸੇ ਧਰਤੀ ਤੇ ਸੱਤਾ ਦੀ ਫਿਰਕੂ ਸਿਆਸਤ ਨੇ 2013 ਵਿਚ ਹਿੰਦੂ ਮੁਸਲਿਮ ਦੰਗੇ ਫੈਲਾ ਕੇ ਵੋਟਾਂ ਦਾ ਧਰਮ ਦੇ ਆਧਾਰ ਤੇ ਫਿਰਕੂਕਰਨ ਕੀਤਾ ਅਤੇ ਲੋਕਾਂ ਦੀਆਂ ਲਾਸ਼ਾਂ ਉੱਪਰ ਦੀ ਲੰਘ ਕੇ ਸੱਤਾ ਤੱਕ ਪਹੁੰਚਣ ਦਾ ਰਾਹ ਪੱਧਰਾ ਕੀਤਾ।
ਪਰ ਕਿਸਾਨ ਸੰਘਰਸ਼ ਨੇ ਅੱਜ ਉਹਨਾਂ ਉੱਚੜੇ ਹੋਏ ਜ਼ਖਮਾਂ ਤੇ ਮਲ੍ਹਮ ਵੀ ਲਗਾਈ ਅਤੇ ਹਮਦਰਦੀ ਦੀਆਂ ਪੱਟੀਆਂ ਵੀ ਬੰਨ੍ਹ ਦਿੱਤੀਆਂ।

22 ਰਾਜਾਂ ਦੀਆਂ 300 ਤੋਂ ਉੱਪਰ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 36 ਬਿਰਾਦਰੀਆਂ ਦੇ ਸਾਂਝੇ ਇਕੱਠ ਵਿਚ ਹਿੰਦੂ, ਸਿੱਖ, ਮੁਸਲਿਮ , ਈਸਾਈ ਅਤੇ ਸਾਰੇ ਧਰਮਾਂ ਨਾਲ ਸਬੰਧਤ ਕਿਸਾਨਾਂ-ਮਜ਼ਦੂਰਾਂ ਨੇ ਜੋ ਭਾਈਚਾਰਕ ਏਕਤਾ ਦਾ ਸਬੂਤ ਦਿੱਤਾ, ਉਸ ਦੀ ਉਦਾਹਰਨ ਦੁਨੀਆ ਦੇ ਇਤਿਹਾਸ ਵਿਚ ਬਹੁਤ ਘੱਟ ਮਿਲਦੀ ਹੈ। ਮੰਚ ਤੋਂ ਇਕ ਪਾਸੇ ਇਨਕਲਾਬ ਜ਼ਿੰਦਾਬਾਦ ਦੀ ਗੂੰਜ ਸੀ, ਉਥੇ ਹੀ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਵੀ ਗੂੰਜ ਰਹੇ ਸੀ। ਕਿਸਾਨ ‘ਅੱਲ੍ਹਾ ਹੂ ਅਕਬਰ’ ਦਾ ਜੁਆਬ ‘ਹਰ ਹਰ ਮਹਾਂਦੇਵ’ ਕਹਿ ਕੇ ਦੇ ਰਹੇ ਸਨ। ਭੰਡਾਰਿਆਂ ਦੇ ਨਾਲ ਲੰਗਰ ਵੀ ਲੱਗੇ ਹੋਏ ਸਨ ਤੇ ਟਰੈਕਟਰ ਚਲਾਉਣ ਵਾਲੇ ਮਰਦਾਂ ਦੇ ਬਰਾਬਰ ਇਕ ਬਲਦ ਵਾਲੀ ਰੇੜ੍ਹੀ ਚਲਾਉਣ ਵਾਲੀਆਂ ਬੀਬੀਆਂ ਵੀ ਹਜ਼ਾਰਾਂ ਆਈਆਂ ਸਨ। ਇਕ ਬੀਬੀ ਕਹਿ ਰਹਿ ਸੀ “ਅਗਰ ਹਮੈ ਦਾਤੀ ਚਲਾਣੀ ਆਵੈ, ਖੁਰਪੀ ਚਲਾਣੀ ਆਵੈ।
ਹਮੈ ਰੇਹੜੀ ਚਲਾਣੀ ਆਵੈ,
ਤੋ ਹਮੈਂ ਦੇਸ ਚਲਾਣਾ ਵੀ ਆਵੇਂ।
ਹਮੇਂ ਮੋਦੀ ਭਜਾਣਾ ਵੀ ਆਵੈ।”

ਇਕ ਹੋਰ ਔਰਤ ਨੂੰ ਜਦ ਪੱਤਰਕਾਰ ਨੇ ਸਵਾਲ ਪੁੱਛਿਆ ਕਿ : ਸਰਕਾਰ ਕਹਿਤੀ ਹੈ ਕਿ ਯੇ ਕਿਸਾਨ ਤੋਂ ਨਕਲੀ ਕਿਸਾਨ ਹੈਂ…..ਤਾਂ ਉਸ ਔਰਤ ਨੇ ਹਿੱਕ ਠੋਕ ਕੇ ਕਿਹਾ :
ਨਕਲੀ ਤੋਂ ਲੀਡਰ ਹੋਵੈਂ, ਕਿਸਾਨ ਤੋਂ ਹਮੇਸ਼ਾ ਅਸਲੀ ਹੋਤੇ ਹੈਂ…ਅਗਰ ਕਿਸਾਨ ਅਸਲੀ ਹੈ ਤਭੀ 9 ਮਹੀਨੇ ਸੇ ਦਿੱਲੀ ਕੀ ਸੜਕੋਂ ਪੇ ਝੋਂਪੜੀਓ ਔਰ ਟਰਾਲੀਓ ਮੇਂ ਬੈਠੇ ਹੈਂ…ਯੇ ਨਕਲੀ ਨੇਤਾ ਏਕ ਦਿਨ ਬੈਠ ਕੇ ਦਿਖਾਏਂ…

ਇਹ ਉਹ ਮੁਜ਼ੱਫਰਨਗਰ ਹੈ ਜਿਥੇ ਕਦੇ ਰਾਕੇਸ਼ ਟਿਕੈਤ ਦੇ ਪਿਤਾ ਮਹਿੰਦਰ ਸਿੰਘ ਟਿਕੈਤ ਨੇ ਆਪਣੇ ਦੌਰ ਦਾ ਕਿਸਾਨ ਸੰਘਰਸ਼ ਲੜਿਆ ਸੀ ਤੇ ਅੱਜ ਵੀ ਉਹ ਪਲ ਤਵਾਰੀਖ ਦੀ ਹਿੱਕ ਵਿਚ ਦਰਜ ਹਨ। ਉਸ ਮੁਜ਼ੱਫਰਨਗਰ ਤੋਂ ਰਾਕੇਸ਼ ਟਿਕੈਤ ਗੂੰਜਵੀਂ ਆਵਾਜ਼ ਵਿਚ ਐਲਾਨ ਕਰ ਰਿਹਾ ਹੈ :
ਇਸ ਦੇਸ਼ ਕੋ ਵਿਕਨੇ ਨਹੀਂ ਦੇਂਗੇ
ਇਸ ਦੇਸ਼ ਕੋ ਨਾ ਨੀਲਾਮ ਹੋਨੇ ਦੇਂਗੇ ਔਰ ਨਾ ਗੁਲਾਮ ਹੋਨੇ ਦੇਂਗੇ,
ਫਸਲੋਂ ਕੇ ਦਾਮ ਨਹੀਂ ਤਾਂ ਵੋਟ ਭੀ ਨਹੀਂ
ਉਹ ਤੋੜਦੇ ਰਹਿਣਗੇ, ਅਸੀਂ ਜੋੜਦੇ ਰਹਾਂਗੇ,
ਦਿੱਲੀ ਕੀ ਸੀਮਾਓਂ ਪਰ ਉਨਕਾ ਪ੍ਰਦਰਸ਼ਨ ਜਾਰੀ ਰਹੇਗਾ, ਚਾਹੇ ਵਹਾਂ ਉਨਕੀ ਕਬਰ ਕਿਉਂ ਨਾ ਖੁਦ ਜਾਏ…

ਦੂਜੇ ਪਾਸੇ ਯੂਪੀ ਦੀ ਸਰਕਾਰ ਨੇ ਆਪਣੇ ਹੱਕ ਵਿਚ ਖ਼ਾਸ ਸੰਮੇਲਨ ਕਰਨੇ ਸ਼ੁਰੂ ਕੀਤੇ ਹਨ। ਇਕ ਪਾਸੇ ਉਹ ਕਹਿ ਰਹੀ ਹੈ ਕਿ ਪਹਿਲਾਂ ਦੇਸ਼ ਵਿਚ ਸ਼ਾਹੀਨ ਬਾਗ ਦਾ ਨਾਟਕ ਹੋਇਆ ਸੀ, ਤੇ ਹੁਣ ਕਿਸਾਨ ਅੰਦੋਲਨ ਦਾ ਨਾਟਕ ਹੋ ਰਿਹਾ ਹੈ ਤੇ ਦੂਜੇ ਪਾਸੇ ਉਹ ਆਪ ਪ੍ਰਬੁੱਧ ਸੰਮੇਲਨਾਂ ਵਿਚ ਬ੍ਰਾਹਮਣਾਂ, ਟੀਚਰਾਂ, ਪ੍ਰੋਫੈਸਰਾਂ, ਇੰਜੀਨੀਅਰਾਂ, ਸਾਹਿਤਕਾਰਾਂ ਅਤੇ ਵਕੀਲਾਂ ਨੂੰ ਬੁਲਾ ਕੇ ਉਹਨਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਉੱਲੂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਦੇਸ਼ ਦਾ ਬੁੱਧੀਜੀਵੀ ਹੁਣ ਇਹਨਾਂ ਦੇ ਬਹਿਕਾਵੇ ਵਿਚ ਨਹੀਂ ਆਵੇਗਾ, ਸਗੋਂ ਉਹ ਆਪਣੇ ਦੇਸ਼ ਦੇ ਕਿਰਤੀ ਕਿਸਾਨਾਂ ਦੀ ਆਵਾਜ਼ ਬਣ ਰਿਹਾ ਹੈ ਤੇ ਭਵਿੱਖ ਵਿਚ ਵੀ ਹੋਰ ਮਜ਼ਬੂਤੀ ਨਾਲ ਇਸ ਆਵਾਜ਼ ਦਾ ਝੰਡਾ ਲਹਿਰਾਏਗਾ ਅਤੇ ਕਿਸਾਨ ਅੰਦੋਲਨ ਨੂੰ ‘ਨਾਟਕ’ ਕਹਿਣ ਵਾਲਿਆਂ ਨੂੰ ਕਿਸਾਨ ਅੰਦੋਲਨ ਦਾ ‘ਸੱਚ’ ਸਮਝਾਏਗਾ।

ਇਸ ਸੰਘਰਸ਼ ਹੁਣ ਸਿਰਫ਼ ਜ਼ਮੀਨ ਬਚਾਉਣ ਵਾਲਿਆਂ ਦਾ ਨਹੀਂ, ਜਮੀਰ ਬਚਾਉਣ ਵਾਲਿਆਂ ਦਾ ਵੀ ਹੈ। ਇਸ ਮਹਾਂਪੰਚਾਇਤ ਵਿਚ ਹਜ਼ਾਰਾਂ ਤੋਂ ਵੱਧ ਗਿਣਤੀ ਵਿਚ ਲੰਗਰ ਤੇ ਥਾਂ ਥਾਂ ਤੇ ਮੈਡੀਕਲ ਕੈਂਪਾਂ ਦਾ ਲੱਗਣਾ ਇਸ ਗੱਲ ਦਾ ਸੂਚਕ ਹੈ ਕਿ ਜਨ ਜਨ ਇਸ ਸੰਘਰਸ਼ ਵਿਚ ਸ਼ਾਮਿਲ ਹੈ।
ਮੁਜ਼ੱਫਰਨਗਰ ਚ ਕਿਸਾਨਾਂ ਤੇ ਮਜ਼ਦੂਰਾਂ ਨੇ ਆਪਣੀ ਜਿੱਤ ਦਾ ਨਵਾਂ ਰਸਤਾ ਲੱਭ ਲਿਆ ਹੈ ਤੇ ਤੁਰ ਪਏ ਹਨ,ਜਾਨ ਹਥੇਲੀ ਤੇ ਰੱਖਣ ਵਾਲੇ ਯੋਧੇ ਹਮੇਸ਼ਾ ਜਿੱਤ ਹੀ ਪ੍ਰਾਪਤ ਕਰਦੇ ਹਨ,ਫਿਰ ਇਸ ਮੋਰਚੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਬੱਚੇ ਕਲਾਕਾਰ ਕੌਣ ਸ਼ਾਮਲ ਨਹੀਂ ਹੈ।ਜਿੱਤ ਦੀਆਂ ਬਰੂਹਾਂ ਤੇ ਮੋਰਚਾ ਪਹੁੰਚ ਚੁੱਕਿਆ ਹੈ ਖ਼ੁਸ਼ੀਆਂ ਮਨਾਉਣ ਨੂੰ ਤਿਆਰ ਰਹੋ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਚੰਗੇ ਸੀ ਪਹਿਲਾਂ ਘਰਾਂ ਵਿੱਚ ਹੋਣ ਵਾਲੇ ਵਿਆਹ*
Next articleAf: US concerned over track records of ‘some’ in ‘caretaker’ govt