ਜਾਖੜ ਹੋਣਗੇ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ

 

  • ਅੰਬਿਕਾ ਸੋਨੀ ਚੋਣ ਤਾਲਮੇਲ ਕਮੇਟੀ ਦੀ ਚੇਅਰਪਰਸਨ ਅਤੇ ਪ੍ਰਤਾਪ ਸਿੰਘ ਬਾਜਵਾ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਬਣਾਏ ਗਏ
  • ਟਿਕਟਾਂ ਦੀ ਵੰਡ ਅਤੇ ਉਮੀਦਵਾਰਾਂ ਦੀ ਚੋਣ ਲਈ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਹੋਣਗੇ ਅਜੈ ਮਾਕਨ

ਚੰਡੀਗੜ੍ਹ (ਸਮਾਜ ਵੀਕਲੀ): ਕੁੱਲ ਹਿੰਦ ਕਾਂਗਰਸ ਕਮੇਟੀ ਨੇ ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਅੱਜ ਚੋਣ ਪ੍ਰਚਾਰ ਕਮੇਟੀ ਅਤੇ ਤਾਲਮੇਲ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਹਾਈਕਮਾਨ ਨੇ ਇਨ੍ਹਾਂ ਉੱਚ ਪੱਧਰੀ ਕਮੇਟੀਆਂ ਜ਼ਰੀਏ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਨੂੰ ਮੱਠਾ ਕਰਨ ਅਤੇ ਸਿਆਸੀ ਤਵਾਜ਼ਨ ਬਣਾਉਣ ਦਾ ਵੀ ਯਤਨ ਕੀਤਾ ਹੈ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਮੇਟੀਆਂ ਦਾ ਐਲਾਨ ਕੀਤਾ ਜਿਸ ਅਨੁਸਾਰ ਪੰਜਾਬ ਚੋਣਾਂ ਲਈ ਹੁਣ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਹੋਣਗੇ। ਸੀਨੀਅਰ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ ਦੀ ਚੇਅਰਪਰਸਨ ਜਦਕਿ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੂੰ ਬਣਾਇਆ ਗਿਆ ਹੈ।

ਆਗਾਮੀ ਚੋਣਾਂ ਵਿਚ ਟਿਕਟਾਂ ਦੀ ਵੰਡ ਅਤੇ ਉਮੀਦਵਾਰਾਂ ਦੀ ਚੋਣ ਲਈ ਸਕਰੀਨਿੰਗ ਕਮੇਟੀ ਐਲਾਨੀ ਗਈ ਹੈ ਜਿਸ ਦੇ ਚੇਅਰਮੈਨ ਅਜੈ ਮਾਕਨ ਹੋਣਗੇ। ਸਕਰੀਨਿੰਗ ਕਮੇਟੀ ਵਿਚ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਚੰਦਨ ਯਾਦਵ ਅਤੇ ਸਕੱਤਰ ਕ੍ਰਿਸ਼ਨਾ ਅਲਵਾਰੂ ਸਹਿਯੋਗੀ ਲਾਏ ਗਏ ਹਨ ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਇਸ ਕਮੇਟੀ ਦੇ ਮੈਂਬਰ ਹੋਣਗੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਇਨ੍ਹਾਂ ਕਮੇਟੀਆਂ ਨੂੰ ਹਰੀ ਝੰਡੀ ਦੇ ਕੇ ਪੰਜਾਬ ਚੋਣਾਂ ਲਈ ਤਿਆਰੀ ਦੇ ਸੰਕੇਤ ਦੇ ਦਿੱਤੇ ਹਨ। ਹਾਈਕਮਾਨ ਨੇ ਨਰਾਜ਼ਗੀ ਦੂਰ ਕਰਨ ਲਈ ਸੁਨੀਲ ਜਾਖੜ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਜਦਕਿ ਪਹਿਲਾਂ ਚੋਣ ਪ੍ਰਚਾਰ ਕਮੇਟੀ ਦੀ ਚੇਅਰਮੈਨੀ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਨੂੰ ਮਿਲਦੀ ਰਹੀ ਹੈ। ਹਾਈਕਮਾਨ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਕੇ ਦਲਿਤ ਅਤੇ ਜੱਟ ਸਿੱਖ ਭਾਈਚਾਰੇ ਨੂੰ ਅਹਿਮ ਪ੍ਰਤੀਨਿਧਤਾ ਪਹਿਲਾਂ ਹੀ ਦੇ ਦਿੱਤੀ ਸੀ।

ਹਾਈਕਮਾਨ ਨੇ ਸੁਨੀਲ ਜਾਖੜ ਨੂੰ ਜ਼ਿੰਮੇਵਾਰੀ ਸੌਂਪ ਕੇ ਸੂਬੇ ਦੇ ਹਿੰਦੂ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਦਾ ਯਤਨ ਕੀਤਾ ਹੈ। ਰਾਜ ਸਭਾ ਮੈਂਬਰ ਅੰਬਿਕਾ ਸੋਨੀ ਅਤੇ ਅਜੈ ਮਾਕਨ ਵੀ ਹਿੰਦੂ ਭਾਈਚਾਰੇ ਨਾਲ ਸਬੰਧਤ ਹਨ। ਪੰਜਾਬ ਵਿਚ ਕਾਂਗਰਸ ਦੇ 80 ਚੋਂ 13 ਵਿਧਾਇਕ ਹਿੰਦੂ ਹਨ। ਜਾਖੜ ਪ੍ਰਧਾਨਗੀ ਦਾ ਅਹੁਦਾ ਖੁੱਸਣ ਮਗਰੋਂ ਨਾਰਾਜ਼ ਚਲੇ ਆ ਰਹੇ ਸਨ ਅਤੇ ਉਨ੍ਹਾਂ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਨਕਾਰ ਦਿੱਤਾ ਸੀ। ਹੁਣ ਪਾਰਟੀ ਹਾਈਕਮਾਨ ਨੇ ਜਾਖੜ ਨੂੰ ਮਨਾਉਣ ਲਈ ਤਾਕਤਵਰ ਅਹੁਦਾ ਦਿੱਤਾ ਹੈ। ਜਾਣਕਾਰੀ ਮੁਤਾਬਕ ਹਾਈਕਮਾਨ ਨੇ ਕਮੇਟੀਆਂ ਦੇ ਐਲਾਨ ਤੋਂ ਪਹਿਲਾਂ ਇਨ੍ਹਾਂ ਉਕਤ ਆਗੂਆਂ ਨੂੰ ਭਰੋਸੇ ਵਿਚ ਲਿਆ ਹੈ। ਇਨ੍ਹਾਂ ਕਮੇਟੀਆਂ ਦੇ ਗਠਨ ਨਾਲ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਤਾਕਤੀ ਪਕੜ ਨੂੰ ਸੰਨ੍ਹ ਲਾਈ ਗਈ ਹੈ। ਕਾਂਗਰਸ ਹਾਈਕਮਾਨ ਨੇ ਅਗਲੀਆਂ ਚੋਣਾਂ ’ਚ ਸਫਲਤਾ ਲਈ ਹਰ ਪੱਖ ਨੂੰ ਧਿਆਨ ਵਿਚ ਰੱਖ ਕੇ ਇਨ੍ਹਾਂ ਕਮੇਟੀਆਂ ਦਾ ਗਠਨ ਕੀਤਾ ਹੈ।

ਅੰਬਿਕਾ ਸੋਨੀ ਦੀ ਸੋਨੀਆ ਗਾਂਧੀ ਨਾਲ ਕਾਫੀ ਨੇੜਤਾ ਹੈ ਜਦੋਂ ਕਿ ਬਾਕੀ ਕਮੇਟੀਆਂ ਵਿਚ ਰਾਹੁਲ ਗਾਂਧੀ ਦੀ ਮਰਜ਼ੀ ਚੱਲੀ ਹੈ। ਸੂਤਰਾਂ ਅਨੁਸਾਰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਚੋਣ ਪ੍ਰ੍ਰਚਾਰ ਕਮੇਟੀ ਦਾ ਚੇਅਰਮੈਨ ਬਣਨ ਦੇ ਇੱਛੁਕ ਸਨ ਪਰ ਉਨ੍ਹਾਂ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ। ਇਨ੍ਹਾਂ ਕਮੇਟੀਆਂ ਦੀ ਬਣਤਰ ਤੋਂ ਜਾਪਦਾ ਹੈ ਕਿ ਟਿਕਟਾਂ ਦੀ ਵੰਡ ਵਿਚ ਕਿਸੇ ਵਿਅਕਤੀ ਵਿਸ਼ੇਸ਼ ਦਾ ਹੱਥ ਉਪਰ ਨਹੀਂ ਰਹੇਗਾ। ਜਾਖੜ ਪਹਿਲਾਂ ਚੋਣ ਪ੍ਰਚਾਰ ਕਮੇਟੀ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਚੁੱਕੇ ਸਨ ਪਰ ਹੁਣ ਹਾਈਕਮਾਨ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਮਹਾਨ ਸ਼ਕਤੀ, ਦੋਸਤਾਨਾ ਰਾਸ਼ਟਰ ਤੇ ਪਰਖਿਆ ਹੋਇਆ ਦੋਸਤ: ਪੂਤਿਨ
Next articleਰਾਜ ਸਭਾ: ਵਿਰੋਧੀ ਧਿਰਾਂ ਵੱਲੋਂ ਮੁਅੱਤਲ ਮੈਂਬਰਾਂ ਨੂੰ ਬਹਾਲ ਕਰਨ ਦੀ ਮੰਗ