ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ

ਨਵੀਂ ਦਿੱਲੀ (ਸਮਾਜ ਵੀਕਲੀ):  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ 46 ਵਾਰਡਾਂ ਲਈ ਆਮ ਚੋਣਾਂ ਭਲਕੇ 22 ਅਗਸਤ ਨੂੰ ਹੋ ਰਹੀਆਂ ਹਨ। ਦਿੱਲੀ ਦੇ 3.42 ਲੱਖ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਦਿੱਲੀ ਸਰਕਾਰ ਦੇ ਦਿੱਲੀ ਗੁਰਦੁਆਰਾ ਚੋਣ ਬੋਰਡ ਦੀ ਨਿਗਰਾਨੀ ਹੇਠ ਚੋਣ ਅਮਲ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਇੱਥੋਂ ਦੇ ਸਰਕਾਰੀ ਸਕੂਲਾਂ ਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਚੋਣ ਬੂਥਾਂ ਉੱਪਰ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਹੋਏ ਹਨ। ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਨਾਜ਼ੁਕ ਮੰਨੇ ਜਾਂਦੇ ਚੋਣ ਬੂਥਾਂ ’ਤੇ ਦੌਰੇ ਕਰਨ ਬਾਰੇ ਦੱਸਿਆ ਜਾ ਰਿਹਾ ਹੈ।

ਇਸ ਵਾਰ ਵੀ ਸਾਰੇ ਵਾਰਡਾਂ ਉਪਰ ਬਹੁਕੋਣੇ ਮੁਕਾਬਲੇ ਹੋ ਰਹੇ ਹਨ। ਵੋਟਾਂ ਰੱਖੜੀ ਦੇ ਤਿਓਹਾਰ ਵਾਲੇ ਦਿਨ ਪੈ ਰਹੀਆਂ ਹਨ ਜਿਸ ਕਾਰਨ ਵੋਟ ਪ੍ਰਤੀਸ਼ਤਤਾ ਬੀਤੇ ਸਾਲਾਂ ਦੇ ਮੁਕਾਬਲੇ ਘੱਟ ਹੋਣ ਦੇ ਆਸਾਰ ਹਨ ਤੇ ਸਥਾਪਤੀ ਵਿਰੋਧੀ ਲਹਿਰ ਵੀ ਸਪੱਸ਼ਟ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ 2013 ਤੇ 2017 ਦੀਆਂ ਚੋਣਾਂ ਵੱਡੇ ਫ਼ਰਕ ਨਾਲ ਜਿੱਤਦੇ ਆਏ ਸਨ, ਪਰ ਮਨਜੀਤ ਸਿੰਘ ਜੀਕੇ ਵੱਲੋਂ ਦਿੱਲੀ ਕਮੇਟੀ ਤੇ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਮਗਰੋਂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਦੀ ਕਮਾਨ ਸਾਂਭੀ ਸੀ। ਦਿੱਲੀ ਕਮੇਟੀ ਨੌਂ ਇਤਿਹਾਸਕ ਸਥਾਨਾਂ ਦੀ ਦੇਖ-ਭਾਲ ਕਰਨ ਤੋਂ ਇਲਾਵਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, 4 ਕਾਲਜਾਂ ਤੇ ਉੱਚ ਤਕਨੀਕੀ ਸੰਸਥਾਵਾਂ ਦਾ ਪ੍ਰਬੰਧ ਚਲਾਉਣ ਤੋਂ ਇਲਾਵਾ ਹਸਪਤਾਲ ਤੇ ਡਿਸਪੈਂਸਰੀਆਂ ਵੀ ਚਲਾਉਂਦੀ ਹੈ।

ਅੱਜ ਸਾਰਾ ਦਿਨ ਮੁੱਖ ਧਿਰਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ, ਪੰਥਕ ਅਕਾਲੀ ਲਹਿਰ ਤੇ ਪੰਥਕ ਸੇਵਾ ਦਲ ਦੇ ਆਗੂਆਂ ਵੱਲੋਂ ਅੰਦਰੂਨੀ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਤੇ ਭਲਕੇ ਚੋਣ ਅਮਲ ਦੇ ਦਿਨ ਦੌਰਾਨ ਅਪਣਾਈਆਂ ਜਾਣ ਵਾਲੀਆਂ ਰਣਨੀਤੀਆਂ ਵਿਚਾਰੀਆਂ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੈਣੀ ਦੀ ਰਿਹਾਈ ਦੇ ਹੁਕਮਾਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਚੁਣੌਤੀ ਦੇਣ ਦਾ ਫੈਸਲਾ
Next articleਪੰਜਾਬ ਦੇ ਮੰਤਰੀ ਸਕੱਤਰੇਤ ਦਫ਼ਤਰਾਂ ’ਚ ਬੈਠਣ: ਭਗਵੰਤ ਮਾਨ