ਸ੍ਰੀਨਗਰ (ਸਮਾਜ ਵੀਕਲੀ): ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਸਵੇੇਰੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦੇ ਤਿੰਨ ਦਹਿਸ਼ਤਗਰਦ ਮਾਰੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਜਾਣਕਾਰੀ ਮਿਲਣ ’ਤੇ ਦੱਖਣੀ ਕਸ਼ਮੀਰ ਵਿੱਚ ਨਾਗਬੇਰਨ ਤਰਾਲ ਦੇ ਜੰਗਲੀ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਆਰੰਭੀ ਸੀ। ਇਸ ਦੌਰਾਨ ਉਥੇ ਲੁਕੇ ਦਹਿਸ਼ਤਗਰਦਾਂ ਨੇ ਫਾਇਰਿੰਗ ਕਰ ਦਿੱਤੀ, ਜਿਸ ਦਾ ਸੁਰੱਖਿਆ ਬਲਾਂ ਨੇ ਢੁੱਕਵਾਂ ਜਵਾਬ ਦਿੱਤਾ। ਦੁਵੱਲੀ ਗੋਲੀਬਾਰੀ ਦੌਰਾਨ ਜੈਸ਼-ਏ-ਮੁਹੰਮਦ ਨਾਲ ਸਬੰਧਤ ਤਿੰਨ ਦਹਿਸ਼ਤਗਰਦ ਮਾਰੇ ਗਏ।
ਅਧਿਕਾਰੀਆਂ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਸੀ। ਪਿਛਲੇ ਦੋ ਦਿਨਾਂ ਵਿੱਚ ਸਲਾਮਤੀ ਦਸਤਿਆਂ ਤੇ ਦਹਿਸ਼ਤਗਰਦਾਂ ਵਿਚਾਲੇ ਇਹ ਦੂਜਾ ਮੁਕਾਬਲਾ ਹੈ। ਕਸ਼ਮੀਰ ਦੇ ਆਈਜੀਪੀ ਵਿਜੈ ਕੁਮਾਰ ਨੇੇ ਕਿਹਾ ਕਿ ਮਾਰੇ ਗਏ ਜੈਸ਼ ਦਹਿਸ਼ਤਗਰਦਾਂ ’ਚੋਂ ਇਕ ਦੀ ਪਛਾਣ ਵਕੀਲ ਸ਼ਾਹ ਵਜੋਂ ਹੋਈ ਹੈ, ਜੋ ਪੁਲੀਸ ਨੂੰ ਲੋੜੀਂਦੇ ਦਸ ਸਿਖਰਲੇ ਦਹਿਸ਼ਤਗਰਦਾਂ ’ਚੋਂ ਇਕ ਸੀ। ਉਹ ਭਾਜਪਾ ਆਗੂ ਰਾਕੇਸ਼ ਪੰਡਿਤਾ ਦੀ ਹੱਤਿਆ ਵਿੱਚ ਵੀ ਸ਼ਾਮਲ ਸੀ। ਕੁਮਾਰ ਨੇ ਕਿਹਾ ਕਿ ਦਹਿਸ਼ਤਗਰਦ ਜਿਸ ਜੰਗਲ ਵਿੱਚ ਲੁਕੇ ਸਨ, ਉਥੇ ਰਹਿੰਦੇ ਗੁੱਜਰ ਭਾਈਚਾਰੇ ਨੂੰ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਵਰਤਦੇ ਸਨ। ਪੁਲੀਸ ਨੇ ਮੁਕਾਬਲੇ ਵਾਲੀ ਥਾਂ ਤੋਂ ਦੋ ਏਕੇ 47 ਰਾਈਫਲਾਂ, ਇਕ ਐੱਸਐੱਲਆਰ, ਇਕ ਯੂਬੀਜੀਐੱਲ ਤੇ ਵੱਡੀ ਮਾਤਰਾ ਵਿੱਚ ਗੋਲੀਸਿੱਕਾ ਵੀ ਬਰਾਮਦ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly