(ਸਮਾਜ ਵੀਕਲੀ)
ਚਲੰਤ ਦੌਰ ਦਾ ਸਭ ਤੋਂ ਅਹਿਮ ਵਰਤਾਰਾ ਇਹ ਹੈ ਕਿ ਤਾਲਿਬਾਨ ਨੇ ਗੁਆਂਢੀ ਮੁਲਕ ਅਫ਼ਗ਼ਾਨਿਸਤਾਨ (ਪੁਰਾਣਾ ਨਾਂ ਖ਼ੁਰਾਸਾਨ) ਵਿਚ ਰਾਜਭਾਗ ’ਤੇ ਮੁਕੰਮਲ ਕਬਜ਼ਾ ਕਰ ਲਿਆ ਹੈ। ਪਹਿਲਾਂ ਦੇ ਤਾਕਤ-ਤਬਦੀਲੀ ਵਰਤਾਰਿਆਂ ਦੇ ਮੁਕਾਬਲਤਨ ਬਹੁਤ ਘੱਟ ਖ਼ੂਨ ਵਹਾਅ ਕੇ ਏਸ ਵਾਰ ਸੱਤਾ-ਤਬਦੀਲੀ ਦਾ ਅਮਲ ਮੁਕੰਮਲ ਹੋਇਆ ਹੈ। ਕੁਲ ਦੁਨੀਆਂ ਦੇ ਸਿਆਸੀ ਇਤਿਹਾਸ ’ਤੇ ਝਾਤ ਮਾਰੀਏ ਤਾਂ ਆਰਥਕ+ਸਮਾਜਕ+ਸੱਭਿਆਚਾਰਕ ਪੱਖਾਂ ਦੇ ਜੋੜ ਨਾਲ ਹੀ ਸਿਆਸਤ ਤੇ ਸਮਾਜਕ ਮਨੌਤਾਂ ਉੱਸਰਦੀਆਂ/ਢਹਿੰਦੀਆਂ ਹੁੰਦੀਆਂ ਨੇ।
ਸਮਾਜਕ ਪੱਖੋਂ ਬੇਹੱਦ ਘੱਟ ਚੇਤੰਨ ਲੋਕ, ਬੇਸ਼ੱਕ, ਇਹ ਕਹਿੰਦੇ ਰਹਿਣ ਕਿ ਉਹ ਸਿਆਸੀ ਮਾਮਲਿਆਂ ਤੋਂ ਨਿਰਲੇਪ ਰਹਿੰਦੇ ਹਨ, ਉਸ ਦਾ ਕੋਈ ਮਤਲਬ ਨਹੀਂ ਹੁੰਦਾ, ਸਿਆਸਤ ਕਦੇ ਵੀ ਲੋਕਾਂ ਤੋਂ ਨਿਰਲੇਪ ਨਹੀਂ ਹੁੰਦੀ। ਸਿਆਸੀ ਬੰਦੇ ਚਾਹੇ ਸੰਸਾਰ ਦੇ ਕਿਸੇ ਵੀ ਖਿੱਤੇ ਵਿਚ ਹੋਣ, ਉਨ੍ਹਾਂ ਨੇ ਆਪਣੀ ਸਹੂਲਤ ਮੁਤਾਬਕ ਲੋਕਾਂ ਨੂੰ ਬਰਾਦਰੀਆਂ, ਗੋਤਾਂ ਤੇ ਰਾਸ਼ਟਰਾਂ ਵਿਚ ਤਕਸੀਮ ਕੀਤਾ ਈ ਹੁੰਦਾ ਹੈ। ਸਿਆਸੀ ਪੱਖੋਂ ਕੋਰੇ ਕਿਸੇ ਬੰਦੇ ਦੇ ਚਾਹੁਣ ਜਾਂ ਨਾ ਚਾਹੁਣ ਦੀ ਪਰਵਾਹ ਹਕੂਮਤ ਨੂੰ ਨਹੀਂ ਹੁੰਦੀ।
****
ਖ਼ੈਰ..! ਅਸੀਂ ਇਹ ਸਮਝਦੇ ਹਾਂ ਕਿ ਅਫ਼ਗ਼ਾਨਿਸਤਾਨ, ਅਫ਼ਗ਼ਾਨੀ ਲੋਕਾਂ ਦਾ ਹੈ। ਇੱਥੇ ਅਸੀਂ ‘ਨਾਗਰਿਕ’ ਲ਼ਫ਼ਜ਼ ਨਹੀਂ ਵਰਤ ਰਹੇ ਹਾਂ ਕਿਉਜੋ ਨਾਗਰਿਕ ਦਾ ਸਿੱਧਾ ਸਾਦਾ ਮਤਲਬ ਹੈ, ਨਗਰ ਦਾ ਵਸਨੀਕ ….ਜਦਕਿ ਮੁਲਕਾਂ ਵਿਚ ਪਿੰਡ, ਖੇੜੇ, ਨਗਰ, ਕਸਬੇ, ਸ਼ਹਿਰ ਤੇ ਫੇਰ ਸ਼ਹਿਰ-ਏ-ਅਜ਼ੀਮ (ਮਹਾਂਨਗਰ) ਵਗੈਰਾ ਸੱਭੇ ਥਾਵਾਂ ਹੁੰਦੀਆਂ ਹਨ, ਇਸ ਲਈ ਬਾਸ਼ਿੰਦੇ ਜਾਂ ਵਸਨੀਕ ਸਹੀ ਸ਼ਬਦ ਹੋ ਸਕਦਾ ਹੈ।
ਅਫ਼ਗ਼ਾਨਿਸਤਾਨ ਕਿਉਜੋ ਉੱਥੋਂ ਦੇ ਅਫ਼ਗ਼ਾਨੀ ਲੋਕਾਂ ਦੀ ਪਿੱਤਰ-ਭੂਮੀ ਹੈ, ਉਨ੍ਹਾਂ ਦੇ ਪਿਓ/ਦਾਦੇ/ਪੜਦਾਦੇ ਉੱਥੇ ਵੱਸਦੇ ਆਏ ਹਨ, ਏਸ ਕੁਦਰਤੀ ਸਿਧਾਂਤ ਮੁਤਾਬਕ ਅਫ਼ਗ਼ਾਨਿਸਤਾਨ ਵਿਚ ਹਕੂਮਤ (ਵੀ) ਅਫ਼ਗ਼ਾਨੀ ਬਾਸ਼ਿੰਦਿਆਂ ਦੀ ਚੱਲਣੀ ਚਾਹੀਦੀ ਹੈ।
ਪਹਿਲਾਂ ਸੋਵੀਅਤ ਰੂਸ ਦੇ ਹਾਕਮਾਂ ਨੇ ਉੱਥੇ ਕੁਝ ਸੁਧਾਰ ਕਰ ਕੇ ਅਫ਼ਗ਼ਾਨੀ ਅਫ਼ਰਾਦ ’ਤੇ ਰਾਜਭਾਗ ਕਰਨ ਦੀ ਕੋਸ਼ਿਸ਼ ਕੀਤੀ, ਉਹ ਕੁਲ ਮਿਲਾ ਕੇ ਨਾਕਾਮ ਰਹੇ ਤੇ ਭੱਜ ਤੁਰੇ। ਫੇਰ, ਅਮਰੀਕਾ ਜਦੋਂ ਧਰਤੀ ਦੇ ਖਣਿਜਾਂ ਦਾ ਸ਼ੋਸ਼ਣ ਕਰ ਕੇ ਅਤੇ ਹਥਿਆਰ ਵੇਚ ਕੇ, ਮਾਲ-ਅਸਬਾਬ ਕਮਾਅ ਕੇ ਜਦੋਂ ਸੰਸਾਰ-ਚੌਧਰੀ ਬਣਿਆ ਤਾਂ ਉੱਥੋਂ ਦੇ ਹੁਕਮਰਾਨਾਂ ਨੇ ਲੋਕ-ਸੇਵਾ ਵਗੈਰਾ ਦਾ ਡਰਾਮਾ ਰਚ ਕੇ ਉੱਥੇ ਧਾਰਮਿਕ ਕਾਮੇ ਘੱਲੇ, ਫੇਰ ਲੋਕਾਂ ਦੇ ਬੱਚੇ ਚੁੱਕ ਕੇ ਪਿਆਰ ਕਰਨ ਵਾਲੀਆਂ ਧਾਰਮਕ ਸੇਵਿਕਾਵਾਂ ਉੱਥੇ ਘੱਲੀਆਂ, ਫੇਰ ਅਮਰੀਕਾ ਵਿਚ ਸਰਕਾਰ ਬਣਾਉਣ ਲਈ ਫੰਡ ਦੇਣ ਵਾਲੀ ਧਿਰ ਮਤਲਬ ਕਿ ਹਥਿਆਰ ਇੰਡਸਟਰੀ ਦੇ ਮਾਲਕਾਂ ਨੂੰ ਖ਼ੁਸ਼ ਕਰਨ ਲਈ ਉਥੇ ‘ਅਸਲਾ ਵਰਤੇ ਜਾਣ ਦੀ ਜ਼ਰੂਰਤ’ ਪੈਦਾ ਕਰ ਕੇ ਟਨਾਂ-ਮੂੁੰਹੀ ਹਥਿਆਰ ਭੇਜੇ ਗਏ।
ਅਫ਼ਗ਼ਾਨੀ ਲੋਕਾਂ ਵਿਚ ਉਝ ਤਾਂ ਪਠਾਣ, ਤਾਜਿਕ, ਉਜ਼ਬੇਕ, ਹਜਾਰਾ ਵਗੈਰਾ ਕਬੀਲਿਆਂ ਦੇ ਲੋਕ ਸ਼ੁਮਾਰ ਹੁੰਦੇ ਹਨ ਤੇ ਬਹੁਤ ਸਾਰੀਆਂ ਹੋਰ ਇਨਸਾਨੀ-ਤਕਸੀਮਾਂ ਵੀ ਹਨ ਪਰ ਬਹੁਤਾ ਕਰ ਕੇ ਪਠਾਣਾਂ ਦਾ ਦਬਦਬਾ ਸੁਣਿਆ ਜਾਂਦਾ ਹੈ। ਇਹ ਪਠਾਣ, ਉਜ਼ਬੇਕ, ਹਜਾਰੇ, ਤਾਜਿਕ ਵਗੈਰਾ ਲੋਕ ਬਹੁਤ ਅੱਥਰੇ ਮੰਨੇ ਗਏ ਹਨ। ਨਾ ਤਾਂ ਇਨ੍ਹਾਂ ਨੇ ਆਪਣੇ ਧੀਆਂ-ਪੁੱਤਾਂ ਨੂੰ ਕਬੀਲੇ ਤੋਂ ਬਾਹਰ ਵਿਆਹ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਹੈ ਤੇ ਨਾ ਹੀ ਇਸ ਅਮਲ ਨੂੰ ਮਾਸ਼ਰੇ (ਸਮਾਜ) ਵਿਚਮਾਨਤਾ ਪ੍ਰਾਪਤ ਹੈ।
ਬਾਕੀ ਜਿਹੜੇ ਮੁੰਡੇ-ਕੁੜੀਆਂ ਦਾ ਜਵਾਨੀ ਪਹਿਰੇ ਮੇਲ-ਮਿਲਾਪ ਹੁੰਦਾ ਹੈ ਤੇ ਇਕ ਦੂਜੇ ਨੂੰ ‘ਸ਼ੋਨਾ ਬਾਬੂ’, ‘ਜਾਨੂੰ’, ‘ਜਾਨ’ ਵਗੈਰਾ ਕਹਿਣ ਦੇ ਕੁਦਰਤੀ ਜਜ਼ਬੇ ਹੁੰਦੇ ਹਨ, ਇਕ-ਦੂਜੇ ਨੂੰ ਤੌਹਫ਼ੇ ਦੇਣੇ ਜਾਂ ਫੇਰ ਫੋਨ ਡੈਟਾ ਰੀਚਾਰਜ ਕਰਵਾਉਣ ਦਾ ਤੋਰਾ ਹੈ, ਉਹ ਆਪਣੀ ਥਾਂ ਤੁਰਿਆ ਰਹਿੰਦਾ ਹੈ ਪਰ ਅਫ਼ਗ਼ਾਨੀ ਨਸਲਾਂ ਵਿੱਚੋਂ ਕਬੀਲੇ ਤੋਂ ਬਾਹਰ ਵਿਆਹ ਕੋਈ ਟਾਵਾਂ-ਟਾਵਾਂ ਹੀ ਕਰਦਾ ਹੈ। ਇਸੇ ਲਈ ਅਫ਼ਗ਼ਾਨੀ ਕਬੀਲਿਆਂ ਦੇ ਨਾਂ ਪਠਾਣ, ਉਜ਼ਬੇਕ, ਹਜਾਰਾ, ਤਾਜਿਕ ਵਗੈਰਾ ਇਹ ਲਿਖਤ ਲਿਖੇ ਜਾਣ ਤਕ ਬਰਕਰਾਰ ਹਨ। ਨਸਲੀ ਫ਼ਖ਼ਰ ਦੀ ਬੇਹੋਸ਼ੀ ਆਖੋ ਸਭਿਆਚਾਰਕ ਗ਼ਰੂਰ ਜਾਂ ਕੁਝ ਵੀ ਕਹੋ, ਵਰਤਾਰੇ ਦਾ ਸਮੁੱਚ ਇਹੀ ਹੈ।
***
ਹੁਣ ਅਸੀਂ ਆਪਣੀ ਇਹ ਸਮਝ ਤਾਂ ਸਪੱਸ਼ਟ ਕਰ ਦਿੱਤੀ ਹੈ ਕਿ ਅਫ਼ਗ਼ਾਨ-ਭੂਮੀ, ਅਫ਼ਗ਼ਾਨੀਆਂ ਦੀ ਹੈ ਤੇ ਉੱਥੇ ਰਾਜਭਾਗ ਉਨ੍ਹਾਂ ਦਾ ਚੱਲਣਾ ਚਾਹੀਦਾ ਹੈ। …. ਪਰ ਵਰਤਾਰੇ ਦਾ ਦੂਜਾ ਪਹਿਲੂ ਵੀ ਹੈ। ‘ਤਾਲਿਬਾਨ’ ਜਿਸ ਦਾ ਲਫ਼ਜ਼ੀ ਮਤਲਬ ਤਾਲਿਬ ਏ ਇਲਮ ਮਤਲਬ ਕਿ ਵਿਦਿਆਰਥੀਆਂ ਦਾ ਸਮੂਹ ਹੈ। ਇਹ ਤਾਲਿਬਾਂ ਦਾ ਗਰੁੱਪ, ਔਰਤਾਂ ਤੇ ਕੁੜੀਆਂ ਦੀ ‘ਅਜ਼ਾਦੀ’ ਦਾ ਵਿਰੋਧ ਕਰਦੇ ਹਨ। ਹੋ ਸਕਦਾ ਹੈ ਕਿ ਇਹ ਪ੍ਰਾਪੇਗੰਡਾ ਕੰਪੇਨ ਦਾ ਹਿੱਸਾ ਹੋਵੇ ਪਰ ਕੁਝ ਤਾਂ ਹੈ..! ਇਸ ਲਈ ਸਾਡੀ ਸਮਝ ਸਪੱਸ਼ਟ ਹੈ ਕਿ ਤਾਲਿਬਾਨ ਲੜਾਕਿਆਂ ਨੂੰ ਨਿਸਵਾ (ਔਰਤਾਂ) ਦੀ ਪੜ੍ਹਾਈ/ਲਿਖਾਈ/ਸੁਤੰਤਰਤ ਅਧਿਐਨ ’ਤੇ ਬੰਦਸ਼ਾਂ ਨਹੀਂ ਮੜ੍ਹਣੀਆਂ ਚਾਹੀਦੀਆਂ।
ਅਸੀਂ ਭਾਰਤ ਦੀ ਮਿਸਾਲ ਲੈ ਸਕਦੇ ਹਾਂ, ਕਿੰਨੇ ਫ਼ੀਸਦ ਕੁੜੀਆਂ ਪੜ੍ਹਦੀਆਂ ਹਨ? ਪਲੱਸ ਟੂ, ਬੀ.ਏ., ਐੱਮ.ਏ. ਦੀ ਰਸਮੀ ਅੱਖਰੀ ਪੜ੍ਹਾਈ ਦੀ ਗੱਲ ਨਹੀਂ ਕਰ ਰਿਹਾ ਹਾਂ ਬਲਕਿ ਆਜ਼ਾਦਾਨਾ ਮੁਤਾਲਿਆ ਮਤਲਬ ਕਿ ‘ਸੁਤੰਤਰ ਅਧਿਐਨ’ ਦੀ ਗੱਲ ਕਰ ਰਿਹਾ ਹਾਂ- ਜਵਾਬ ਹੈ 12 ਤੋਂ 14 ਫ਼ੀਸਦ ਤਕ। ਫੇਰ ਜਦੋਂ ਪਲੱਸ ਟੂ, ਬੀ.ਏ., ਐੱਮ.ਏ. ਦੀ ਰਸਮੀ ਪੜ੍ਹਾਈ ਕੁੜੀਆਂ/ਔਰਤਾਂ ਨੂੰ ਨਾਵਲ ਪੜ੍ਹਣ ਦੀ ਚੇਟਕ ਨਹੀਂ ਲਾ ਸਕਦੀ, ਉਹ ਪੜ੍ਹਾਈ ਕਿਸ ਕੰਮ ਦੀ? ਜੇ ਉਹ ਡਿਗਰੀ ਹਾਸਿਲ ਕੇ ਵੀ ਰੋਜ਼ਾਨਾ ਕੋਈ ਅਖ਼ਬਾਰ ਜਾਂ ਮੈਗਜ਼ੀਨ ਦੀ ਪਾਠਕ ਨਹੀਂ, ਓਹ ਗ਼ਜ਼ਲ ਲਿਖ ਨਹੀਂ ਸਕਦੀ, ਸਮਝ ਨਹੀਂ ਸਕਦੀਆਂ, ਵਾਰਤਕ ਲਿਖ/ਪੜ੍ਹ ਨਹੀਂ ਸਕਦੀਆਂ। ਸੰਸਾਰ ਦੀ ਸਿਆਸੀ ਸੂਰਤੇਹਾਲ ਬਾਰੇ ਸੁਚੇਤ ਨਹੀਂ ਹੈ ਤਾਂ ਉਸ ਨੂੰ ਪੜ੍ਹੀ ਲਿਖੀ ਮੰਨੋਗੇ? +! ਮੁੱਕਦੀ ਗੱਲ ਇਹ ਹੈ ਕਿ ਜੇ ਕੋਈ ਪੜ੍ਹਦੀ ਹੈ ਤਾਂ ਓਹਨੂੰ ਪੜ੍ਹਣ ਦੇਣਾ ਚਾਹੀਦਾ ਹੈ।
*ਭਾਰਤ ਤੋਂ ਗਏ ਵਪਾਰੀਆਂ ਦੀ ਕਾਰੋਬਾਰ ਪਸਾਰੇ ਦੀ ਤਾਂਘ*
ਹੁਣ ਗੱਲ ਕਰਦੇ ਹਾਂ, ਕੁਝ ਸਦੀਆਂ ਪਹਿਲਾਂ ਭਾਰਤ ਤੋਂ ਅਫ਼ਗ਼ਾਨਿਸਤਾਨ ਗਏ ਵਪਾਰੀਆਂ ਦੀ। ਇਹ ਸਾਰੇ ਵਪਾਰੀ ਉਦੋਂ ਭਾਰਤ ਤੋਂ ਅਫ਼ਗ਼ਾਨਿਸਤਾਨ ਗਏ ਸਨ ਜਦੋਂ ਕਿ ਸਟੇਟ (ਰਿਆਸਤ) ਦੀ ਸ਼ਕਲ ਅੱਜਕਲ੍ਹ ਵਾਂਗ ਨਹੀਂ ਸੀ। ਮਸਲਨ ਕਿ ਹੁਣ ਅਖੌਤੀ ਲੋਕਰਾਜੀ ਸਰਕਾਰਾਂ ਹਨ, ਇਕ ਮੁਲਕ ਤੋਂ ਦੂਜੇ ਮੁਲਕ ਜਾਣ ਲਈ ਵੀਜ਼ਾ ਅਮਲ ਵਿਚ ਪੈਣਾ ਪੈਂਦਾ ਹੈ। ਉਦੋਂ ਸਾਰੇ ਪਾਸੇ ਜਗੀਰਦਾਰੀ ਹੁੰਦੀ ਸੀ, ਉੱਦਮੀ ਵਪਾਰੀ ਆਪਣੇ ਖਿੱਤੇ ਵਿਚ ਏਧਰੋਂ ਓਧਰ ਜਾਂਦੇ ਸਨ ਤਾਂ ਜਿੱਥੇ ਮੌਸਮ ਸੁਹਾਵਣਾ ਲੱਗਦਾ ਸੀ ਤੇ ਗਾਹਕੀ ਲੱਗਣ ਦੇ ਆਸਾਰ ਵੇਖਦੇ ਸਨ, ਉਥੇ ਟਿਕ ਜਾਂਦੇ ਸਨ।
ਉਦੋਂ ਅਫ਼ਗ਼ਾਨਿਸਤਾਨ ਵੱਖਰਾ ਦੇਸ ਨਹੀਂ ਸੀ ਸਗੋਂ ਖ਼ੁਰਾਸਾਨ ਵੀ ਭਾਰਤੀ ਮਹਾਂਦੀਪ ਦਾ ਹਿੱਸਾ ਸੀ। ਹੁਣ ਭਾਰਤੀ ਪਿਛੋਕੜ ਦੇ ਗ਼ੈਰ ਮੁਸਲਿਮ ਵਪਾਰੀ ਆਪਣਾ ਮੁਲਕ ਤਾਂ ਅਫ਼ਗ਼ਾਨ ਭੂਮੀ ਨੂੰ ਮੰਨਦੇ ਹਨ ਪਰ ਇਹ ਖ਼ਿਆਲ ਕਰਦੇ ਹਨ ਕਿ ਜੇ ਉਹ ਵਾਪਸ ਭਾਰਤ ਪਰਤ ਆਉਣ ਤਾਂ ਇੱਥੇ ਵਪਾਰ ਪਸਾਰੇ ਦੇ ਆਸਾਰ, ਅਫ਼ਗ਼ਾਨਿਸਤਾਨ ਨਾਲੋਂ ਵੱਧ ਹੋ ਸਕਦੇ ਹਨ। ਇਸ ਲਈ ਉਹ ਇੰਡੀਆ ਵਾਪਸੀ ਲਈ ਹੱਥ ਪੈਰ ਮਾਰ ਰਹੇ ਹਨ। ਸਰਕਾਰ ਇਹ ਸਿਆਸੀ ਖ਼ਿਆਲਾਤ ਰੱਖਦੀ ਹੈ ਕਿ ਜੇ ਉਹ ਵਪਾਰੀ ਵਾਪਸ ਪਰਤ ਆਉਣ ਤਾਂ ਜਿੱਥੇ ਉਹ ਵੋਟਾਂ ਵਿਚ ਤਬਦੀਲ ਹੋ ਸਕਦੇ ਹਨ ਉਥੇ ਹੋਰ ਹਿਮਾਇਤੀ ਵੀ ਵੋਟਰ ਵਜੋਂ ਨਿਭ ਸਕਦੇ ਹਨ। ਇਹ ਪਰ-ਨਿਰਭਰਤਾ ਦੀ ਖੇਡ ਹੋ ਸਕਦੀ ਹੈ।
ਕਿਓਂ ਕੀ ਸੋਚਦੇ ਹੋ?
ਯਾਦਵਿੰਦਰ
9465329617
ਸੰਪਰਕ : ਸਰੂਪ ਨਗਰ, ਦੀਦਾਵਰ ਕੁਟੀਆ
ਰਾਓਵਾਲੀ, ਜਲੰਧਰ ਦਿਹਾਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly