(ਸਮਾਜ ਵੀਕਲੀ)
ਮਨੁੱਖ ਹਮੇਸ਼ਾ ਹੀ ਝੁਕਦੇ ਪੱਲੜਿਆਂ ਵੱਲ ਫ਼ੈਸਲਾ ਲੈਣ ਦਾ ਆਦੀ ਹੁੰਦਾ ਹੈ! ਹਰ ਵਾਰੀ ਇਹ ਆਦਤ ਬਹੁਤੀ ਚੰਗੀ ਨਹੀਂ ਹੁੰਦੀ।
ਸਤਿਕਾਰਯੋਗ ਵੀਰ ‘ਸੁਖਪਾਲ ਪਾਲੀ’ ਹੁਰਾਂ ਦੀ ਸੰਗਤ ਵਿਚੋਂ ਹਰ ਵਾਰੀ ਨਵਾਂ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਦੱਸਿਆ…ਜੇਕਰ ਕੁਦਰਤ ਸਾਡੇ ਤੇ ਮੇਹਰਬਾਨ ਹੋਵੇ ਤਾਂ ਸਾਨੂੰ ਉਸ ਤੋਂ ਵੀ ਕਿਤੇ ਜ਼ਿਆਦਾ ਉਹਦੇ ਕਦਰਦਾਨ ਹੋਣਾ ਚਾਹੀਦਾ ਹੈ, ਕਿਉਂਕਿ ਕੁਦਰਤ ਹਰ ਕਿਸੇ ਤੇ ਮੇਹਰਬਾਨ ਹੁੰਦੀ ਹੀ ਨਹੀਂ।
ਜੇਕਰ ਜੀਵਨ ਵਿਚ ਸਾਡੇ ਕੋਈ ਤਿਲ ਫੁਲ ਵੀ ਕੰਮ ਆਇਆ ਹੋਵੇ ਤਾਂ ਸਾਨੂੰ ਉਸਦਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਣਾ ਚਾਹੀਦਾ।
ਕਈ ਵਾਰੀ ਸਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕੇ ਸਾਡੇ ਵੱਲੋਂ ਕੀਤੇ ਸ਼ੁਕਰਾਨਿਆਂ ਕਰਕੇ, ਹੋਰ ਕਿੰਨਿਆਂ ਦੇ ਕੰਮ ਸੰਵਰਦੇ ਹਨ। ਜੋ ਮਰਜ਼ੀ ਬਣੀਏ, ਕਦੇ ਅਕ੍ਰਿਤਘਣ ਤੇ ਅਹਿਸਾਨਫਰਿਮੋਸ਼ ਨਾ ਬਣੀਏ। ਹਰ ਖਿੜਿਆ ਫੁੱਲ ਮਹਿਕਾਂ ਦੇ ਨਾਲ-ਨਾਲ ਖੁਸ਼ੀਆਂ-ਖੇੜੇ ਵੀ ਵੰਡ ਰਿਹਾ ਹੁੰਦਾ ਹੈ। ਇਹੋ ਆਸ ਓਹ ਤੋੜਣ, ਮਰੋੜਣ ਤੇ ਕੱਟਣ ਆਏ ਚੰਦਰੇ ਤੋਂ ਵੀ ਰੱਖਦਾ ਹੈ।
ਮਤਲਬ ਇਹ ਹੈ ਕਿ…ਜੇਕਰ ਸਾਡੇ ਕੋਲ ਕੋਈ ਵੀ ਰਾਇ-ਮਸ਼ਵਰੇ, ਸਲਾਹ ਜਾਂ ਕਿਸੇ ਜਾਣਕਾਰੀ ਲਈ ਆਉਂਦਾ ਹੈ ਤਾਂ ਸਾਨੂੰ ਚਾਹੀਦਾ ਹੈ ਆਪਾਂ ਆਪਣੇ ਤਜਰਬੇ ਵਿਚੋਂ, ਆਪਣੀ ਤੁਛ ਬੁੱਧੀ ਅਨੁਸਾਰ ਸਹੀ, ਸਾਰਥਿਕ ਤੇ ਨੇਕ ਸਲਾਹ ਹੀ ਦੇਈਏ। ਆਪਣੀ ਤਰਫੋਂ ਸਹੀ ਤੇ ਸੱਚਾ ਮਸ਼ਵਰਾ ਦੇਈਏ ਅੱਗੇ ਅਗਲੇ ਦੀ ਮਰਜੀ..ਇਹ ਵੀ ਜਾਣਕਾਰੀ ਰੱਖੀਏ ਕਿ ਉਂਝ ਹਰ ਕੋਈ ਇਨਸਾਨ ਆਪਣਾ ਆਖਰੀ ਫ਼ੈਸਲਾ ਆਪਣੀ ਬੁੱਧੀ ਅਨੁਸਾਰ ਹੀ ਲੈਂਦਾ ਹੈ। ਪਰ ਆਪਾਂ ਚੰਗੀਆਈਆਂ ਹੀ ਵੰਡੀਏ।
ਆਪਣੇ ਮਨ ਨਾਲ ਇਹ ਸਮਝੌਤਾ ਕਰਨਾ ਸਭ ਤੋਂ ਔਖਾ ਹੁੰਦਾ ਹੈ।
ਨਿਰਣਾ ਉਹੀ ਸਹੀ ਹੁੰਦਾ ਹੈ, ਜਿਹੜਾ ਤਨ, ਮਨ ਤੇ ਰੂਹ ਨੂੰ ਖੁਸ਼ ਕਰੇ। ਇਸ ਲਈ ਭਾਵੇਂ ਉਨ੍ਹਾਂ ਨਾਲ਼ੋਂ ਰਿਸ਼ਤਾ, ਪਿਆਰ ਜਾਂ ਮੋਹ ਤੋੜ ਲੈਣਾ ਪਵੇ, ਜੋ ਸਾਡੇ ਤਨ, ਮਨ ਤੇ ਰੂਹ ਨੂੰ ਦੁਖੀ ਕਰਦੇ ਹਨ। ਜੀਵਨ ਕੁਦਰਤ ਕਰਕੇ ਹੈ, ਲੋਕਾਂ ਕਰਕੇ ਨਹੀਂ, ਓਹਦੀ ਰਜ਼ਾ ਵਿਚ ਬੇਫ਼ਿਕਰੀਆਂ ਨੇ, ਪਰ ਸਾਨੂੰ ਸਮਝ ਹੀ ਨਹੀਂ, ਕੀ ਕਰੀਏ? ਸ਼ਾਇਦ ਤਾਂਹੀ ਜਰਵਾਣਿਆਂ ਦੀਆਂ ਪੂਛਾਂ ਬਣਦੇ ਹਾਂ ਅਸੀਂ।
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly