(ਸਮਾਜ ਵੀਕਲੀ)
ਸੁਣ ਨੀ ਅਜ਼ਾਦੀਏ , ਬੋਲ ਨੀ ਅਜ਼ਾਦੀਏ ,
ਗ਼ਰੀਬ ਦੀਏ ਵੈਰਨੇ , ਰਹੀਸ ਦੀਏ ਭਾਬੀਏ ,
ਕਿਹੜੀ ਗਲੋਂ ਸਾਡੇ ਕੋਲੋਂ ਰਹਿੰਦੀ ਦੂਰ-ਦੂਰ ਨੀ ।
ਸਾਨੂੰ ਕਦੋਂ ਮਿਲੇਂਗੀ ਤੂੰ , ਆਖੇ ਮਜ਼ਦੂਰ ਨੀ ।
ਸਾਡੀ ਜ਼ਿੰਦਗੀ ਦੇ ਵਿਚ ਹੌਕੇ ਅਤੇ ਹਾਅਵੇ ਨੀ ,
ਲੀਡਰਾਂ ਤੇ ਲਾਲਿਆਂ ਨੇ ਬੰਨ ਰਖੀ ਪਾਵੇ ਨੀ ।
ਹਰ ਦਮ ਸਹਿੰਦੇ ਰਹੀਏ , ਮਾਲਕਾਂ ਦੀ ਘੂਰ ਨੀ ।
ਸਾਨੂੰ ਕਦੋਂ ਮਿਲੇਂਗੀ ਤੂੰ , ਆਖੇ ਮਜ਼ਦੂਰ ਨੀ ।
ਜਸ਼ਨ ਮਨਾਉਂਦੇ ਨਾਲੇ ਝੂਲਦੇ ਨੇ ਝੰਡੇ ਨੀ ,
ਸਾਡੇ ਹੱਕਾਂ ਉੱਤੇ ਪੈਂਦੇ ,ਝੰਡੇ ਵਾਲੇ ਡੰਡੇ ਨੀ ,
ਕਦੋਂ ਪਏਗਾ ਸਾਡੀਆਂ ਆਸਾਂ ਨੂੰ ਤਾਂ ਬੂਰ ਨੀ ।
ਸਾਨੂੰ ਕਦੋਂ ਮਿਲੇਂਗੀ ਤੂੰ , ਆਖੇ ਮਜ਼ਦੂਰ ਨੀ ।
ਤੰਗ ਮਜ਼ਦੂਰ ਤੇ ਕਿਸਾਨ ਕਰਜਾਈ ਏ ,
ਸਾਡੇ ਦਰ ਉਤੇ ਵੇ ਤੂੰ , ਕਦੇ ਵੀ ਨਾ ਆਈ ਏ ,
ਸਾਡੇ ਸੁਪਨੇ ਤਾਂ ਟੁੱਟ ਹੋਏ ਚੂਰ-ਚੂਰ ਨੀ l
ਸਾਨੂੰ ਕਦੋਂ ਮਿਲੇਂਗੀ ਤੂੰ , ਆਖੇ ਮਜ਼ਦੂਰ ਨੀ l
ਸਾਨੂੰ ਨਹੀਂ ਪਤਾ ,ਕਿਹਨੂੰ ਕਹਿੰਦੇ ਨੇ ਅਜ਼ਾਦੀ ਏ ,
ਸਾਡੇ ਪਲੇ ਪਈ ਏ ਤਾਂ ਸਦਾ ਬਰਬਾਦੀ ਏ ,
ਤੰਗੀਆਂ -ਤਰੁਸੀਆਂ ਨੇ ਕੀਤਾ ਮਜ਼ਬੂਰ ਨੀ ।
ਸਾਨੂੰ ਕਦੋਂ ਮਿਲੇਂਗੀ ਤੂੰ , ਆਖੇ ਮਜ਼ਦੂਰ ਨੀ l
ਤਰਸੇਮ ਸਹਿਗਲ
93578-96207
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly