ਐਸ ਐਸ ਪੀ ਕਪੂਰਥਲਾ ਸ਼ਾਨਦਾਰ ਸੇਵਾਵਾਂ ਦੇ ਲਈ ਰਾਸ਼ਟਰਪਤੀ ਪੁਲਿਸ ਮੈਡਲ ਐਵਾਰਡ ਨਾਲ ਅੱਜ ਹੋਣਗੇ ਸਨਮਾਨਿਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੂੰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਉਨ੍ਹਾਂ ਦੀ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।

ਐਸ ਐਸ ਪੀ ਖੱਖ ਨੂੰ 26 ਜਨਵਰੀ, 2021 ਨੂੰ ਏਆਈਜੀ ਕਾਉੰਟਰ ਇੰਟੈਲੀਜੈਂਸ ਜਲੰਧਰ ਜ਼ੋਨ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸ਼ਲਾਘਾਯੋਗ ਕੰਮ ਅਤੇ ਡਿਊਟੀ ਪ੍ਰਤੀ ਸਮਰਪਣ ਪ੍ਰਦਰਸ਼ਿਤ ਕਰਨ ਲਈ ਮੁੱਖ ਮੰਤਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਐਸ ਪੀ ਐਸ ਖੱਖ ਨੇ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚੋਂ ਗੈਂਗ ਕਲਚਰ ਨੂੰ ਖ਼ਤਮ ਕਰਨ ਤੋਂ ਇਲਾਵਾ ਰਾਜ ਵਿੱਚ ਕਈ ਅਪਰਾਧਿਕ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਨੱਥ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਇਸ ਤੋਂ ਇਲਾਵਾ ਪੰਜਾਬ ਵਿੱਚੋਂ ਨਸ਼ਾਖੋਰੀ ਨੂੰ ਖਤਮ ਕਰਨ ਪ੍ਰਤੀ ਵਚਨਬੱਧਤਾ ਦੇ ਕਾਰਨ, ਉਹਨਾ ਨੇ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਜੰਗ ਛੇੜੀ ਅਤੇ ਕਈ ਅੰਤਰਰਾਸ਼ਟਰੀ, ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਇਆਂ ਹੈ।

ਜ਼ਿਕਰਯੋਗ ਹੈ ਕਿ ਸਾਲ 2009 ਵਿੱਚ ਫਗਵਾੜਾ ਵਿਖੇ ਐਚ ਪੀ ਐਸ ਖੱਖ ਦੀ ਅਗਵਾਈ ਹੇਠ ਪੁਲਿਸ ਟੀਮ ਨੇ 50 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ, ਜਿਸਨੂੰ ਅੱਜ ਵੀ ਪੰਜਾਬ ਵਿੱਚ ਸਭ ਤੋਂ ਵੱਧ ਰਿਕਵਰੀ ਵਜੋਂ ਯਾਦ ਕੀਤਾ ਜਾਂਦਾ ਹੈ।

ਐੱਸ ਐੱਸ ਪੀ ਖੱਖ ਨੇ ਸਾਲ 1994 ਵਿੱਚ ਇੱਕ ਇੰਸਪੈਕਟਰ ਵਜੋਂ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਸੀ, ਅਤੇ ਸਾਲ 2016 ਵਿੱਚ ਉਹਨਾਂ ਨੂੰ ਐਸਐਸਪੀ ਦੇ ਅਹੁਦੇ ਤੇ ਤਰੱਕੀ ਦਿੱਤੀ ਗਈ ਸੀ। ਤਰੱਕੀ ਤੋਂ ਪਹਿਲਾਂ, ਉਹ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਇੰਸਪੈਕਟਰ, ਡੀ ਐਸ ਪੀ ਅਤੇ ਐਸਪੀ ਦੇ ਅਹੁਦੇ ‘ਤੇ ਤਾਇਨਾਤ ਸਨ। ਉਹਨਾ ਨੂੰ ਸ਼ਾਨਦਾਰ ਕਾਰਗੁਜ਼ਾਰੀ ਦੇ ਅਧਾਰ ਤੇ ਦੋ ਵਾਰ ਡੀਜੀਪੀ ਪ੍ਰਸ਼ੰਸਾ ਡਿਸਕ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।

ਐਸ ਐਸ ਪੀ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ ਅਤੇ ਨਾਲ ਹੀ ਉਹ ਨਿਮਰਤਾ ਸਹਿਤ ਇਹ ਮੈਡਲ ਆਪਣੇ ਮਰਹੂਮ ਪਿਤਾ ਸ੍ਰੀ ਹਰਜੀਤ ਸਿੰਘ ਐਸ ਖੱਖ ਨੂੰ ਸਮਰਪਿਤ ਕਰ ਰਹੇ ਹਨ, ਜੋ ਕਿ ਪੰਜਾਬ ਪੁਲਿਸ ਦੇ ਇੱਕ ਬਹਾਦਰ ਪੁਲਿਸ ਅਧਿਕਾਰੀ ਵੀ ਸਨ, ਅਤੇ ਪੁਲਿਸ ਪੰਜਾਬ ਦੇ ਐਸ ਪੀ (ਐਸਪੀ) ਦੇ ਅਹੁਦੇ ਤੱਕ ਸੇਵਾ ਨਿਭਾ ਚੁੱਕੇ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਸੁਫਨਿਆਂ ਨੂੰ ਸਾਕਾਰ ਕਰਦੀ ਸ਼ਾਇਰਾ -ਐਡਵੋਕੇਟ ਹਰਸਿਮਰਤ ਕੌਰ “
Next articleਵਿਕਾਸ ਮੈਨੇਜਰ ਨਬਾਰਡ ਵਲੋਂ ਚਾਲੂ ਵਿਕਾਸ ਕਾਰਜਾਂ ਦਾ ਨਿਰੀਖਣ