(ਸਮਾਜ ਵੀਕਲੀ)
ਰੁੱਖ ਬਣ ਬੈਠਾਂ ਤੇਰੇ ਵਸਲ ਲਈ , ਤੱਕਦਾਂ ਤੇਰੇ ਰਾਹਾਂ ਨੂੰ
ਇਕਲਾਪੇ ‘ਚ ਮਰ ਮੁੱਕ ਜਾਵਾਂ ਨਾ, ਰੋਕੀਂ ਬੈਠਾਂ ਸਾਹਾਂ ਨੂੰ
ਰੁੱਖ ਬਣ ਬੈਠਾਂ ਤੇਰੇ ਵਸਲ ਲਈ————–
ਮੈਂ ਕੱਕਾ ਰੇਤ ਹਾਂ ਟਿੱਬਿਆਂ ਦਾ, ਤੂੰ ਹੈਂ ਮਹਿਕ ਘਟਾਂਵਾਂ ਦੀ
ਮੇਰੀ ਰੂਹ ਤ੍ਰੇਹੀ ਸਦੀਆਂ ਤੋਂ, ਆ ਕਰ ਬਾਰਿਸ਼ ਵਫਾਵਾਂ ਦੀ
ਆਕਾਸ਼ ਬਣਿਆ ਬੈਠਾਂ ਹਾਂ, ਤੇਰੇ ਲਈ ਖੋਲ ਕੇ ਬਾਹਾਂ ਨੂੰ
ਰੁੱਖ ਬਣ ਬੈਠਾਂ ਤੇਰੇ ਵਸਲ ਲਈ————–
ਸੂਰਜ ਹਾਂ ਤਿੱਖੜ ਦੁਪਿਹਰਾਂ ਦਾ, ਭਟਕ ਰਿਹਾਂ ਗਗਨ ਵਿਚ
ਜੂਨ ਸਰਾਪੀ ਮੈਂ ਸੜ ਰਿਹਾਂ , ਪਾਕਿ ਇਸ਼ਕ ਦੀ ਅਗਨ ਵਿਚ
ਗਜ਼ਲ ਗੀਤ ਬਣਾ ਦਿੰਦਾਂ, ਦਿਲ ਆਪਣੇ ਦੀਆਂ ਧਾਹਾਂ ਨੂੰ
ਰੁੱਖ ਬਣ ਬੈਠਾਂ ਤੇਰੇ ਵਸਲ ਲਈ————-
ਹੰਡ ਗਿਆਂ ਹਾਂ ਤੂਫ਼ਾਨਾਂ ਵਿਚ, ਨਾਲ ਲਹਿਰਾਂ ਦੇ ਖਹਿਣਾ ਮੈਂ
ਚਾਹਿਤ ਮਹੁੱਬਤ ਦੀ ਦਿਲ ਵਿਚ, ਲੈ ਕੇ ਜਿਉਂਦੇ ਰਹਿਣਾ ਮੈਂ
ਅਰਪਣ ਕਰ ਦਿਆਂ ਫੁੱਲਾਂ ਜਿਉਂ,ਆ ਇਸ਼ਕ ਦੀਆਂ ਚਾਹਾਂ ਨੂੰ
ਰੁੱਖ ਬਣ ਬੈਠਾਂ ਤੇਰੇ ਵਸਲ ਲਈ——————-
ਆ ਬੁੱਕਲ਼ ਵਿੱਚ ਛੁਪਾਲਾਂ ਤੈਨੂੰ, ਐ ਪੁੱਨਿਆਂ ਦਿਆਂ ਚੰਨਾਂ
ਰੇਤਗੜੵ ਤੇਰਾ ਬਣਜੇ “ਬਾਲੀ”, ਗੁੱਟ ਗਾਨੇ ਸ਼ਗਨ ਦੇ ਬੰਨਾਂ
ਥੰਮੀ ਬੈਠਾਂ ਮੁੱਦਤਾਂ ਤੋਂ ਦਿਲ, ਰੂਹ ਚੰਦਰੀ ਦੀਆਂ ਧਾਹਾਂ ਨੂੰ
ਰੁੱਖ ਬਣ ਬੈਠਾਂ ਵਸਲ ਤੇਰੇ ਲਈ————
ਬਲਜਿੰਦਰ ਸਿੰਘ “ਬਾਲੀ ਰੇਤਗੜੵ”
29/07/2021
9465129168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly