“ਲੋਕ ਬੋਲੀਆਂ ਵਿੱਚ ਵੀਰ ਦਾ ਸੰਕਲਪ “

ਅੰਮ੍ਰਿਤਪਾਲ ਕਲੇਰ

(ਸਮਾਜ ਵੀਕਲੀ)

ਸਾਉਣ ਦੇ ਮਹੀਨੇ ਤੀਆਂ ਦਾ ਤਿਓਹਾਰ ਕੁੜੀਆਂ ਦਾ ਸਭ ਵੱਡਾ ਤਿਉਹਾਰ ਹੈ । ਪੁਰਾਣੇ ਸਮਿਆਂ ਵਿੱਚ ਤੀਆਂ ਪੰਜਾਬ ਦੇ ਹਰ ਪਿੰਡ ਪਿੰਡ ਵਿਚ ਕਿਸੇ ਖੁੱਲ੍ਹੀ ਥਾਂ ਤੇ ਲਗਦੀਆਂ ਸਨ । ਉਨ੍ਹਾਂ ਸਮਿਆਂ ਵਿਚ ਭਰਾ ਆਪਣੀਆਂ ਨਵ ਵਿਆਹੀਆਂ ਭੈਣਾਂ ਨੂੰ ਸਹੁਰਿਆਂ ਤੋਂ ਲੈ ਕੇ ਆਉਂਦੇ ਸਨ, ਅਤੇ ਭੈਣ ਖੁਸ਼ੀ ਵਿੱਚ ਖੀਵੀ ਹੁੰਦੀ ਸੀ। ਨਵ ਵਿਆਹੀ ਕੁੜੀ ਦੇ ਪੇਕੇ ਘਰ ਆਉਣ ਤੇ ਘਰ ਵਿੱਚ ਰੌਣਕਾਂ ਲੱਗ ਜਾਂਦੀਆਂ ਸਨ ਅਤੇ ਭੈਣਾਂ ਵੀ ਆਪਣੇ ਭਰਾਵਾਂ ਦੀਆਂ ਲੱਖ ਲੱਖ ਸੁੱਖਾਂ ਮਨਾਉਂਦੀਆਂ ਸਨ ।

ਘਰ ਵਿੱਚ ਸਾਉਣ ਮਹੀਨੇ ਖੀਰ ਪੂੜੇ ਅਤੇ ਗੁਲਗੁਲੇ ਬਣਦੇ ਸਨ । ਫਿਰ ਆਪਣੇ ਆਂਢ ਗੁਆਂਢ ਅਤੇ ਸ਼ਰੀਕੇ ਵਿਚ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਲੈਣ ਦੇਣ ਹੁੰਦਾ ਸੀ, ਜੋ ਕਿ ਸਮਾਜ ਵਿਚ ਭਾਈਚਾਰਕ ਅਤੇ ਸਾਂਝੀਵਾਲਤਾ ਦੀ ਨਿਸ਼ਾਨੀ ਹੁੰਦੀ ਸੀ।। ਕੁੜੀਆਂ ਕੱਤਰੀਆਂ ਸਾਰੇ ਪਿੰਡ ਦੀਆਂ ਸਾਂਝੀਆਂ ਧੀਆਂ ਭੈਣਾਂ ਸਮਝੀਆਂ ਜਾਂਦੀਆਂ ਸਨ। ਫਿਰ ਇਹ ਸ਼ਾਮਾਂ ਵੇਲੇ ਕੁੜੀਆਂ ਕਿਸੇ ਸਾਂਝੀ ਥਾਂ ਜਾਂ ਪਿੜ ਵਿੱਚ ਇਕੱਠੀਆਂ ਹੋ ਕੇ ਤੀਆਂ ਲਾਉਂਦੀਆਂ ਸਨ । ਸਹੁਰਿਆਂ ਤੋਂ ਆਈਆਂ ਕੁੜੀਆਂ ਆਪਣੀਆਂ ਸਹੇਲੀਆਂ ਨੂੰ ਬੜੇ ਮੋਹ ਅਤੇ ਪਿਆਰ ਨਾਲ ਮਿਲਦੀਆਂ ਸਨ ਤੀਆਂ ਮੇਲ ਮਿਲਾਪ ਦਾ ਅਤੇ ਮਨੋਰੰਜਨ ਦਾ ਬਹੁਤ ਵਧੀਆ ਜ਼ਰੀਆ ਸਨ।

ਪਿੱਪਲਾਂ ਤੇ ਬੋਹੜਾਂ ਉੱਤੇ ਪੀਂਘਾਂ ਝੂਟਦੀਆਂ ਅੱਲ੍ਹੜ ਮੁਟਿਆਰਾਂ ਜਦੋਂ ਪੀਂਘ ਚੜਾਉਂਦੀਆਂ ਸਨ ਤਾਂ ਆਪਣੇ ਆਪ ਨੂੰ ਹੀਰ ਸਮਝਦੀਆਂ ਸਨ ਅਤੇ ਸੁਪਨਿਆਂ ਦੇ ਸ਼ੈਲ ਸ਼ਬੀਲੇ ਨੂੰ ਰਾਂਝਾ। ਤੀਆਂ ਦੇ ਗਿੱਧੇ ਦਾ ਖੜਕਾਟ ਪਿੰਡ ਵਿੱਚ ਸੁਣਦਾ ਹੁੰਦਾ ਸੀ । ਨਵ ਵਿਆਹੀਆਂ ਦੀਆਂ ਬੋਲੀਆਂ ਵਿਚ ਆਪਣੇ ਵੀਰਾਂ ਅਤੇ ਪੇਕਿਆਂ ਪ੍ਰਤੀ ਅੰਤਾਂ ਦਾ ਮੋਹ ਅਤੇ ਉਦਰੇਵਾਂ ਹੁੰਦਾ ਸੀ, ਜੋ ਉਨ੍ਹਾਂ ਦੀਆਂ ਬੋਲੀਆਂ ਵਿੱਚ ਝਲਕਦਾ ਹੁੰਦਾ ਸੀ। ਆਪਣੇ ਭਰਾਵਾਂ ਪ੍ਰਤੀ ਉਮੜ ਉਮੜ ਪੈਂਦੇ ਇਸ ਮੋਹ ਨੂੰ ਦੇਖੋ ਕੁਝ ਨਮੂਨੇ ਦੇ ਤੌਰ ਤੇ ………
“ਮੇਰਾ ਵੀਰ ਨੀਂ ਸਰੂ ਦਾ ਬੂਟਾ, ਵਿਹੜੇ ਵਿਚ ਲਾ ਰੱਖਦੀ “।
” ਪੁੱਤ ਵੀਰ ਦਾ ਭਤੀਜਾ ਮੇਰਾ ਨਿਓਂ ਜੜ੍ਹ ਬਾਬਲ ਦੀ “।
” ਪੰਜ ਪੌੜੀਆਂ ਚੁਬਾਰਾ ਟੱਪ ਜਾਵਾਂ, ਚੱਕ ਕੇ ਭਤੀਜੇ ਨੂੰ”।
“ਵੀਰ ਲੈ ਗਿਆ ਭਜਾ ਕੇ ਬੋਤਾ ਖਡ਼੍ਹੀ ,ਵੇਖਾਂ ਨਿੰਮ ਵਿਚਦੀ”।
“ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ, ਸਰਵਣ ਵੀਰ ਕੁੜੀਓ”।
“ਕਾਲੀ ਘਟਾ ਬਨੇਰੇ ਕੋਲੋਂ ਮੁੜਗੀ ਵੀਰਾ ,ਕੁਸ਼ ਪੁੰਨ ਕਰਦੇ”।
“ਸਣੇ ਬਲਦ ਗੱਡਾ ਪੁੰਨ ਕੀਤਾ, ਵੀਰ ਮੇਰੇ ਧਰਮੀ ਨੇ “।
“ਪੁੱਤ ਵੀਰ ਦਾ ਭਤੀਜਾ ਮੇਰਾ ,ਭੂਆ ਕਹਿ ਕੇ ਮੱਥਾ ਟੇਕਦਾ”।
“ਵੀਰਾ ਆਵੀਂ ਵੇ ਭੈਣ ਦੇ ਵਿਹੜੇ, ਪੁੰਨਿਆ ਦਾ ਚੰਦ ਬਣ ਕੇ “।
“ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ ‘ਤੈਨੂੰ ਵੀਰਾ ਦੁੱਧ ਦਾ ਛੰਨਾ”।
“ਹੱਥ ਛਤਰੀ ਸੂਏ ਦੀ ਜਾਵੇ ਪਟੜ੍ਹੀ ,ਉਹ ਵੀਰ ਮੇਰਾ ਕੁੜੀਓ”।
“ਬੋਤਾ ਬੰਨ੍ਹ ਵੇ ਸਰਵਣਾ ਵੀਰਾ ,ਕਿੱਲੀਆਂ ਰੰਗੀਨ ਗੱਡੀਆਂ”।
“ਵੀਰ ਮੇਰਾ ਪੱਟ ਦਾ ਲੱਛਾ, ਭਾਬੋ ਸੋਨੇ ‘ਚ ਝੂਲਦੀ ਆਵੇ”।

ਕਈ ਵਾਰ ਤਾਂ ਸੱਸ ਵੀ ਆਪਣੀ ਨੂੰਹ ਨੂੰ ਤਾਅਨਾ ਦਿੰਦੀ ਸੀ ਜੇ ਕਿਤੇ ਭਰਾ ਤੋਂ ਭੈਣ ਨੂੰ ਸਹੁਰਿਆਂ ਤੋਂ ਲੈਣ ਨਾ ਜਾਇਆ ਜਾਂਦਾ ਤਾਂ …..

“ਬਹੁਤਿਆਂ ਭਰਾਵਾਂ ਵਾਲੀਏ, ਤੈਨੂੰ ਤੀਆਂ ਨੂੰ ਲੈਣ ਨਾ ਆਏ”।

ਭੈਣ ਭਰਾ ਦੇ ਇਸ ਮੋਹ ਭਿੱਜੇ ਰਿਸ਼ਤੇ ਵਿੱਚ ਭੈਣ ਵੈਰਾਗਮਈ ਅਤੇ ਕਈ ਵਾਰ ਗੁੱਸੇ ਵੀ ਹੋ ਜਾਂਦੀ ਸੀ ਅਤੇ ਆਪਣਾ ਝੂਠੀ ਮੂਠੀ ਦਾ ਗੁੱਸਾ ਵੀ ਬੋਲੀ ਰਾਹੀਂ ਹੀ ਕਡਦੀ ਹੈ ….

“ਵੀਰਾ ਵੇ ਮੁਰੱਬੇ ਵਾਲਿਆ, ਭੈਣ ਰੱਖੜੀ ਤੇ ਖਾਲੀ ਹੱਥ ਮੋੜੀ”।

ਅੱਜ ਦੇ ਤਕਨੀਕੀ ਯੁੱਗ ਵਿੱਚ ਤੀਆਂ ਬੀਤੇ ਸਮੇਂ ਦੀ ਹੂਕ ਅਤੇ ਇਕ ਸਟੇਜੀ ਪ੍ਰੋਗਰਾਮ ਬਣ ਕੇ ਰਹਿ ਗਈਆਂ ਹਨ। ਰਿਸ਼ਤਿਆਂ ਵਿੱਚ ਮਿਠਾਸ ਦੀ ਥਾਂ ਸਵਾਰਥ ਘੁਲ ਗਿਆ ਹੈ । ਤੀਆਂ ਦੀ ਇਸ ਬੋਲੀ ਨੇ ਬਨਾਵਟੀ ਜਿਹਾ ਰੂਪ ਲੈ ਲਿਆ ਹੈ …

” ਸਾਉਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ “।

ਅੰਮ੍ਰਿਤਪਾਲ ਕਲੇਰ( ਚੀਦਾ) ਮੋਗਾ
ਮੋਬਾਈਲ 9915780980

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੀ ਐੱਸ ਐੱਨ ਐੱਲ ਦੀ ਫਾਈਬਰ ਨੈੱਟ ਸੇਵਾ ਤੋਂ ਖਪਤਕਾਰ ਡਾਢੇ ਪ੍ਰੇਸ਼ਾਨ
Next articleਪਿੰਡ ਬੂਲਪੁਰ ਦੇ ਚੌਗਿਰਦੇ ਨੂੰ ਨਵੇਂ ਰੂਪ ਵਿੱਚ ਵੇਖ ਕੇ ਪ੍ਰੋ ਸੁਖਪਾਲ ਸਿੰਘ ਨੇ ਕੀਤੀ ਖੁ਼ਸੀ ਜ਼ਾਹਿਰ