ਅਸਾਮ ਤੇ ਮੇਘਾਲਿਆ ਸਰਹੱਦੀ ਵਿਵਾਦ ਸੁਲਝਾਉਣ ਲਈ ਬਣਾਉਣਗੇ ਕਮੇਟੀਆਂ

ਗੁਹਾਟੀ (ਸਮਾਜ ਵੀਕਲੀ):  ਅਸਾਮ ਦੇ ਮੁੱਖ ਮੰਤਰੀ ਹਿਮੰਤਾ ਸਰਮਾ ਬਿਸਵਾ ਅਤੇ ਮੇਘਾਲਿਆ ਦੇ ਉਨ੍ਹਾਂ ਦੇ ਹਮਰੁਤਬਾ ਕੋਨਾਰਡ ਕੇ. ਸੰਗਮਾ ਨੇ ਅੱਜ ਕਿਹਾ ਕਿ ਦੋਵੇਂ ਸੂਬੇ ਆਪਣੇ ਅੰਤਰ-ਰਾਜੀ ਸਰਹੱਦੀ ਵਿਵਾਦ ਦੇ ਹੱਲ ਲਈ ਕਮੇਟੀਆਂ ਕਾਇਮ ਕਰਨਗੇ। ਉਨ੍ਹਾਂ ਕਿਹਾ ਕਿ ਦੋਵਾਂ ਸੂਬਿਆਂ ਦੇ ਕੈਬਨਿਟ ਮੰਤਰੀਆਂ ਦੀ ਅਗਵਾਈ ਵਾਲੇ ਦੋ ਪੈਨਲ ਕਾਇਮ ਕੀਤੇ ਜਾਣਗੇ। ਸਰਮਾ ਨੇ ਕਿਹਾ ਕਿ ਹਰੇਕ ਪੈਨਲ ’ਚ ਉਸ ਸੂਬੇ ਦੇ ਨੌਕਰਸ਼ਾਹਾਂ ਤੋਂ ਇਲਾਵਾ ਇੱਕ ਕੈਬਨਿਟ ਮੰਤਰੀ ਸਣੇ ਪੰਜ ਮੈਂਬਰ ਹੋਣਗੇ।

ਮੁੱਖ ਮੰਤਰੀਆਂ ਨੇ ਸਾਂਝੀ ਕਾਨਫਰੰਸ ’ਚ ਕਿਹਾ ਕਿ ਕਮੇਟੀਆਂ ਦਾ ਮਕਸਦ ਸ਼ੁਰੂਆਤੀ ਤੌਰ ’ਤੇ 12 ਵਿੱਚੋਂ ਛੇ ਵਿਵਾਦਤ ਸਥਾਨਾਂ ਦੇ ਮਸਲੇ ਦਾ ਪੜਾਅਵਾਰ ਹੱਲ ਕਰਨਾ ਹੋਵੇਗਾ। ਦੋਵੇਂ ਪੈਨਲਾਂ ਦੇ ਮੈਂਬਰਾਂ ਦੇ ਵਿਵਾਦਤ ਸਥਾਨਾਂ ਦੌਰਾ ਅਤੇ ਆਮ ਨਾਗਰਿਕ ਕਮੇਟੀਆਂ ਦੇ ਮੈਂਬਰਾਂ ਨਾਲ ਗੱਲਬਾਤ ਕਰਕੇ 30 ਦਿਨਾਂ ’ਚ ਚਰਚਾ ਮੁਕੰਮਲ ਕਰਨਗੇ।

ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਕੇ. ਸੰਗਮਾ ਨੇ ਕਿਹਾ ਕਿ ਵਿਵਾਦਾਂ ਦੇ ਹੱਲ ਲਈ ਪੰਜ ਪਹਿਲੂਆਂ, ਜਿਨ੍ਹਾਂ ਵਿੱਚ ਇਤਿਹਾਸਕ ਤੱਥ, ਉੱਥੋਂ ਦੇ ਲੋਕਾਂ ਦਾ ਸਾਂਝਾ ਸੱਭਿਆਚਾਰ, ਪ੍ਰਸ਼ਾਸਨਿਕ ਸਹੂਲਤ, ਸਬੰਧਤ ਲੋਕਾਂ ਦੀਆਂ ਭਾਵਨਾਵਾਂ ਅਤੇ ਜ਼ਮੀਨ ਦੀ ਨੇੜਤਾ ਸ਼ਾਮਲ ਹੈ, ’ਤੇ ਵਿਚਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘ਸਿਧਾਂਤਕ ਤੌਰ ’ਤੇ ਅਸੀਂ ਇਨ੍ਹਾਂ ਪੰਜ ਪਹਿਲੂਆਂ ਦੇ ਘੇਰੇ ’ਚ ਇੱਕ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ।’ ਪਹਿਲੇ ਗੇੜ ’ਚ ਛੇ ਵਿਵਾਦਤ ਸਥਾਨਾਂ ਤਾਰਾਬਾਰੀ, ਗਿਜਾਂਗ, ਫਾਲੀਆ, ਬਾਕਲਾਪਾਰਾ ਅਤੇ ਖ਼ਾਨਪਾਰਾ ਦੇ ਹੱਲ ਬਾਰੇ ਚਰਚਾ ਹੋਵੇਗੀ, ਜੋ ਅਸਾਮ ਦੇ ਕਛਾਰ, ਕਾਮਰੂਪ ਸ਼ਹਿਰ ਅਤੇ ਕਾਮਰੂਪ ਦਿਹਾਤੀ ਜ਼ਿਲ੍ਹਿਆਂ ਅਤੇ ਮੇਘਾਲਿਆ ਦੇ ਪੱਛਮੀ ਖਾਸੀ ਪਹਾੜੀਆਂ, ਰੀ ਭੋਈ ਅਤੇ ਪੂਰਬੀ ਜੈਂਤੀਆ ਪਹਾੜੀਆਂ ਵਿੱਚ ਪੈਂਦੇ ਹਨ।

ਅਸਾਮ ਦੇ ਮੁੱਖ ਮੰਤਰੀ ਸਰਮਾ ਨੇ ਕਿਹਾ ਕਿ ਜੇਕਰ ਸਰਹੱਦਾਂ ਦੁਬਾਰਾ ਉਲੀਕਣ ਦੀ ਲੋੜ ਪਈ, ਹਾਲਾਂਕਿ ਇਸ ਦੇ ਆਸਾਰ ਬਹੁਤ ਘੱਟ ਹਨ, ਤਾਂ ਦੋਵੇਂ ਸੂਬੇ ਇਸ ਦੀ ਸਿਫਾਰਸ਼ ਕੇਂਦਰ ਸਰਕਾਰ ਨੂੰ ਭੇੇਜਣਗੇ। ਉਨ੍ਹਾਂ ਕਿਹਾ, ‘ਅਸਾਮ ਵੱਲੋਂ ਇਨ੍ਹਾਂ ਸਥਾਨਾਂ ਸਬੰਧੀ ਕੋਈ ਵਿਵਾਦ ਨਹੀਂ ਹੈ ਪਰ ਮੇਘਾਲਿਆ ਸਰਕਾਰ ਇਹ 12 ਸਥਾਨ ਆਪਣੇ ਹੋਣ ਦਾ ਦਾਅਵਾ ਕਰਦੀ ਹੈ। ਦੋਵਾਂ ਸਰਕਾਰਾਂ ਨੇ ਇਸ ਵਿਵਾਦ ਦੇ ਹੱਲ ਲਈ ਅੱਗੇ ਗੱਲਬਾਤ ਚਲਾਉਣ ਵਾਸਤੇ ਅੱਜ ਇੱਥੇ ਗੱਲਬਾਤ ਕੀਤੀ ਹੈ।’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਸੀ ਤੋਂ ਖੁੰਝੀਆਂ ਭਾਰਤੀ ਮੁਟਿਆਰਾਂ ਨੇ ਹਾਰ ਕੇ ਵੀ ਰਚ ਦਿੱਤਾ ਇਤਿਹਾਸ
Next article‘ਐਡਵਾਈਜ਼ਰੀ ਵਾਪਸ ਲੈਣ ਦੇ ਬਾਵਜੂਦ ਅਸਾਮ ਤੋਂ ਮਿਜ਼ੋਰਮ ਨਹੀਂ ਆ ਰਹੇ ਵਾਹਨ’