ਨਵੀਂ ਦਿੱਲੀ (ਸਮਾਜ ਵੀਕਲੀ): ਇਥੇ ਜੰਤਰ-ਮੰਤਰ ’ਤੇ ਕਿਸਾਨ ਸੰਸਦ ਦੇ 12ਵੇਂ ਦਿਨ ਅੱਜ ਮੋਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ। ਮਤੇ ਵਿੱਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਰੌਲਾ-ਰੱਪਾ ਪਾਇਆ ਸੀ ਪਰ ਇਸ ਦਿਸ਼ਾ ਵਿੱਚ ਕੋਈ ਵੀ ਠੋਸ ਕੰਮ ਨਹੀਂ ਕੀਤਾ ਹੈ। ਮਤੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਸੀ-2+50 ਫ਼ੀਸਦ ਐੱਮਐੱਸਪੀ ਦੇਣ ਦੇ ਆਪਣੇ ਵਾਅਦਿਆਂ ਤੋ ਵਾਰ-ਵਾਰ ਭਗੌੜੇ ਸਾਬਿਤ ਹੋਏ ਹਨ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਵੀ ਕਿਸਾਨਾਂ ਨੂੰ ਧੋਖਾ ਦਿੱਤਾ ਗਿਆ ਹੈ ਜਿੱਥੇ ਸਰਕਾਰ ਦਾ ਖ਼ਰਚਾ ਵਧਿਆ, ਕਿਸਾਨਾਂ ਦੀ ਕਵਰੇਜ ਘਟੀ ਤੇ ਕਾਰਪੋਰੇਸ਼ਨਾਂ ਨੂੰ ਲਾਭ ਹੋਇਆ ਹੈ।
ਮਤੇ ’ਚ ਇਹ ਵੀ ਕਿਹਾ ਹੈ ਕਿ ਭਾਰਤ ਦੀ ਬਰਾਮਦ ’ਚ ਗਿਰਾਵਟ ਦਰਜ ਹੋਈ ਹੈ ਜਦਕਿ ਦਰਾਮਦ ਵਿੱਚ ਵਾਧਾ ਹੋਇਆ ਹੈ। ਮਤੇ ਮੁਤਾਬਕ ਜਦੋਂ ਵੀ ਕੁਦਰਤੀ ਆਫ਼ਤਾਂ ਦੌਰਾਨ ਕਿਸਾਨਾਂ ਨੂੰ ਸਰਕਾਰੀ ਸਹਾਇਤਾ ਦੇਣ ਦੀ ਗੱਲ ਤੁਰਦੀ ਹੈ, ਤਾਂ ਇਹ ਇੱਕ ਵੱਡੀ ਅਸਫ਼ਲਤਾ ਸਾਬਿਤ ਹੁੰਦੀ ਹੈ। ਭਲਕੇ ਅਤੇ ਐਤਵਾਰ ਨੂੰ ਕਿਸਾਨ ਸੰਸਦ ਨਹੀਂ ਹੋਵੇਗੀ ਅਤੇ ਇਹ ਬਹਿਸ ਸੋਮਵਾਰ ਨੂੰ ਵੀ ਜਾਰੀ ਰਹੇਗੀ। ਉਸ ਦਿਨ ਮਹਿਲਾ ਕਿਸਾਨ ਸੰਸਦ ਦਾ ਪ੍ਰਬੰਧ ਕੀਤਾ ਜਾਵੇਗਾ। ਉਸ ਦਿਨ ਭਾਰਤ ਛੱਡੋ ਦਿਵਸ ਵੀ ਹੈ ਅਤੇ ਕਿਸਾਨ ਅੰਦੋਲਨ ਦਾ ਮੁੱਖ ਨਾਅਰਾ ‘ਮੋਦੀ ਗੱਦੀ ਛੱਡੋ, ਕਾਰਪੋਰੇਟੋ ਭਾਰਤ ਛੱਡੋ’ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly