ਕਿਸਾਨ ਜਥੇਬੰਦੀਆਂ ਵਲੋਂ ਨਵਜੋਤ ਸਿੱਧੂ ਦਾ ਵਿਰੋਧ, ਪੁਲਿਸ ਅਫ਼ਸਰਾਂ ਨਾਲ ਆਗੂਆਂ ਦੀ ਹੋਈ ਤੂੰ ਤੂੰ,ਮੈਂ ਮੈਂ

ਜਲੰਧਰ ( ਸਮਾਜ ਵੀਕਲੀ )- ਅੱਜ ਜਲੰਧਰ-ਪਠਾਨਕੋਟ ਹਾਈਵੇ ਉੱਤੇ ਪਿੰਡ ਬੱਲਾ ਵਿਖੇ ਆਪਣੇ ਆਪ ਨੂੰ ਖੂਹ ਅਤੇ ਕਿਸਾਨਾਂ ਨੂੰ ਪਿਆਸੇ ਦੱਸਣ ਵਾਲੇ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ‌ਵਲੋਂ ਕਾਂਗਰਸੀ ਅਹੁਦੇਦਾਰ ਦੇ ਘਰ ਪਹੁੰਚਣ ਦੀ ਜਦੋਂ ਕਿਸਾਨ ਜਥੇਬੰਦੀਆਂ ਨੂੰ ‌ਭਿਣਕ ਲੱਗੀ‌ ਤਾਂ ਇਸ ਉੱਤੇ ਉਹਨਾਂ ਨੇ ਸਿੱਧੁ ਦਾ ਹੱਥਾਂ ਵਿੱਚ ਕਾਲੇ ਅਤੇ ਜਥੇਬੰਦੀਆਂ ਦੇ ਝੰਡੇ ਲੈ ਕੇ ਜ਼ੋਰਦਾਰ ਵਿਰੋਧ ਕੀਤਾ। ਇਸ ਮੌਕੇ ਇੱਕ ਪੁਲਿਸ ਅਧਿਕਾਰੀ ਦੀ ਕਿਸਾਨ ਆਗੂਆਂ ਨਾਲ ਤੂੰ ਤੂੰ, ਮੈਂ ਮੈਂ ਵੀ ਹੋਈ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਭਾਜਪਾ ਦੇ ਮੰਤਰੀਆਂ ਸੰਤਰੀਆਂ ਦੇ ਘੇਰਾਓ ਕਰਨ ਅਤੇ ਬਾਕੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਘੇਰ ਕੇ ਉਹਨਾਂ ਨੂੰ ਸਵਾਲ ਕਰਨ ਦਾ ਐਲਾਨ ਕੀਤਾ ਹੋਇਆ ਹੈ।

ਸਰੂਪ ਨਗਰ ਰਾਓਵਾਲੀ ਸਥਿਤ ਪੰਜਾਬੀ ਲਹਿਰ ਖਬਰ ਏਜੰਸੀ ਦੀ ਰਿਪੋਰਟ ਮੁਤਾਬਕ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਇਕ ਪਾਸੇ ਕਿਸਾਨ ਆਪਣੀ ਜ਼ਮੀਨ ਰੋਜ਼ੀ ਰੋਟੀ ਬਚਾਉਣ ਲਈ ਦਿੱਲੀ ਦੀਆਂ ਸੜਕਾਂ ‘ਤੇ ਆਪਣੀਆਂ ਜਾਨਾਂ ਕੁਰਬਾਨ ਕਰ‌ ਰਹੇ ਹਨ ਤੇ ‌ਦੂਸਰੇ ਪਾਸੇ ਸਿਆਸੀ ਪਾਰਟੀਆਂ ਆਪਣੀ ਵੋਟ ਬੈਂਕ ਦੀ ਰਾਜਨੀਤੀ ਚਮਕਾਉਣ ਲੱਗੀਆਂ ਹੋਈਆਂ ਹਨ। ਉਨਾਂ ਕਿਹਾ ਚਾਰ ਸਾਲ ਬੀਤ‌ ਗਏ ਕੋਈ ਮੰਤਰੀ ਸੰਤਰੀ ‌ਲੋਕਾਂ ਚ ਨਿੱਤਰਿਆ ਨਹੀਂ ਤੇ ਹੁਣ ਵੋਟਾਂ ਆਈਆਂ ਤਾਂ ਮੀਂਹ ਦੇ ਡੱਡੂਆਂ ਵਾਂਗ ਖੂਹਾਂ ਚੋਂ ਨਿਕਲ ਆਏ।

ਉਨਾਂ ਕਿਹਾ ਕਿ ਪਹਿਲਾਂ ਦਿੱਲੀ ਮੋਰਚਾ ਜਿਤਾਓ ਇਲੈਕਸ਼ਨ ਬਾਅਦ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਖੂਹ ਅਤੇ ਕਿਸਾਨਾਂ ਨੂੰ ਪਿਆਸੇ ਦੱਸਣ ਵਾਲਾ ਸਿੱਧੂ ਹੰਕਾਰਿਆ ਹੋਇਆ ਏ ਅਤੇ ਊਟ ਪਟਾਂਗ ਬੋਲ ਰਿਹਾ। ਉਨ੍ਹਾਂ ਕਿਹਾ ਕਿ ਆਪਣੇ ਕਾਰਜਜਕਾਲ ਦੌਰਾਨ ਅਸਫ਼ਲ ਰਹਿਣ ਮਗਰੋਂ ਹੁਣ ਫਿਰ ਨਵੇਂ ਸਬਜ਼ਬਾਗ ਵਿਖਾਉਣ ਦੇ ਰਾਹ ਪੈ ਗਏ ਹਨ।ਲੋਕ ਮੂਰਖ਼ ਨਹੀਂ ਬਣਨ ਦੀ ਬਜਾਏ ਦਿੱਲੀ ਅੰਦੋਲਨ ਜਿੱਤਣ ਵੱਲ ਜ਼ੋਰ ਲਗਾਉਣਗੇ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਕੰਦੋਲਾ, ਸੁਰਜੀਤ ਸਿੰਘ ਸਮਰਾ, ਜਥੇਦਾਰ ਕਸ਼ਮੀਰ ਸਿੰਘ ਅਤੇ ਨੌਜਵਾਨ ਅਮਰਜੀਤ ਸਿੰਘ ਨਵਾਂ ਪਿੰਡ, ਗੁਰਪ੍ਰੀਤ ਸਿੰਘ ਚੀਦਾ ਅਤੇ ਵੀਰ ਕੁਮਾਰ ਆਦਿ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleM&M’s Q1FY22 standalone net profit rises to Rs 856 cr
Next articleSC rules in Amazon’s favour, holds emergency arbitration award enforceable