ਪੰਡਿਤ ਧਰੇਨਵਰ ਰਾਓ ਨੇ ਲਿਖੀ ਨਵਜੋਤ ਸਿੱਧੂ ਨੂੰ ਰੂਹ ਝੰਜੋੜਵੀਂ ਚਿੱਠੀ

ਸਭਿਆਚਾਰਕ ਮਹਿਕਮੇ ਦਾ ਮੁਖੀ ਹੁੰਦਿਆਂ ਅਧੂਰਾ ਰਹਿੰਦਾ ਲੱਚਰ ਤੇ ਹਿੰਸਕ ਗਾਇਕੀ ਵਿਰੁੱਧ ਕਾਨੂੰਨ ਬਣਾਉਣ ਦਾ ਵਾਅਦਾ ਕਰਵਾਇਆ ਯਾਦ

– ਰਮੇਸ਼ਵਰ ਸਿੰਘ 

ਮੋਗਾ, (ਸਮਾਜ ਵੀਕਲੀ)- ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਧੁਰ ਦਿਲ ਤੋਂ ਖੈਰਖਵਾਹ ਅਤੇ ਕੰਨੜ ਭਾਸ਼ਾ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਵਾਦਕ ਪੰਡਿਤ ਧਰੇਨਵਰ ਰਾਓ ਨੇ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਰਾਹੀਂ ਉਹਨਾਂ ਦੁਆਰਾ ਆਪਣੇ ਸਭਿਆਚਾਰਕ ਮਹਿਕਮੇ ਦਾ ਮੁਖੀ ਹੁੰਦਿਆਂ ਕੀਤਾ ਪਰ ਅਧੂਰਾ ਰਹਿੰਦਾ ਲੱਚਰ ਤੇ ਹਿੰਸਕ ਗਾਇਕੀ ਵਿਰੁੱਧ ਕਾਨੂੰਨ ਬਣਾਉਣ ਦਾ ਵਾਅਦਾ ਯਾਦ ਕਰਵਾਇਆ। ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਜ਼ਫਰਨਾਮੇ ਦੇ ਵਾਕ ਨਾਲ਼ ਸ਼ੁਰੂਆਤ ਕਰਦਿਆਂ ਸ਼੍ਰੀ ਰਾਓ ਨੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਦੀਨਾ (ਮੋਗਾ) ਤੋਂ ਸ. ਸਿੱਧੂ ਨੂੰ ਸੰਬੋਧਨ ਕਰਦਿਆਂ ਲਿਖਿਆ:-
ਹਮੂੰ ਮਰਦ ਬਾਯਦ ਸ਼ਵਦ ਸੁਖਨਵਰ॥
ਨ ਸ਼ਿਕਮੇ ਦਿਗ਼ਰ ਦਰ ਦਹਾਨਿ ਦਿਗਰ॥
(ਜ਼ਫ਼ਰਨਾਮਾ)

(ਅਰਥ:- ਮਰਦ ਆਪਣੇ ਬਚਨ ਦਾ ਪੱਕਾ ਹੋਣਾ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਢਿੱਡ ਵਿਚ ਕੁਝ ਹੋਰ ਤੇ ਮੂੰਹ ਤੇ ਕੁਝ ਹੋਰ ਲਈ ਬੈਠਾ ਹੋਵੇ)

ਸਤਿਕਾਰਯੋਗ ਨਵਜੋਤ ਸਿੰਘ ਜੀਓ,

ਸਭ ਤੋਂ ਪਹਿਲਾਂ ਆਪਜੀ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਦੀ ਬਹੁਤ ਬਹੁਤ ਵਧਾਈ ਹੋਵੇ। ਮੈਂ ਆਸਵੰਦ ਹਾਂ ਕਿ ਤੁਹਾਡੀ ਤਰੱਕੀ ਦਾ ਸਫ਼ਰ ਲਗਾਤਾਰ ਜਾਰੀ ਰਹੇਗਾ। ਮੈਂ ਅਰਦਾਸ ਕਰਦਾ ਹਾਂ ਕਿ ਤੁਹਾਡੀ ਮਿਹਨਤ ਅਤੇ ਇਮਾਨਦਾਰੀ ਦਾ ਸਫ਼ਰ ਤੁਹਾਨੂੰ ਸੂਬੇ ਅਤੇ ਮੁਲਕ ਦੇ ਸਰਬ ਉੱਚ ਅਹੁਦਿਆਂ ਤੱਕ ਲੈ ਜਾਵੇ।

ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਦੀ ਗੱਲ ਕਰਨ ਵਾਲ਼ੇ ਤੁਸੀਂ ਹਮੇਸ਼ਾ ਸੱਚਾਈ ਦੀ ਪੈਰਵੀ ਕਰਦੇ ਹੋ। ਪਰ ਨਵਜੋਤ ਸਿੰਘ ਜੀ, ਜਦੋਂ ਤੁਸਾਂ ਸੱਭਿਆਚਾਰਕ ਵਜਾਰਤ ਦਾ ਕੰਮਕਾਜ ਸੰਭਾਲ਼ਇਆ ਹੋਇਆ ਸੀ, ਓਦੋਂ ਤੁਸਾਂ ਲੱਚਰ, ਸ਼ਰਾਬੀ ਤੇ ਹਥਿਆਰੀ ਗਾਣੇ ਲਿਖਣ ਤੇ ਗਾਉਣ ਵਾਲਿਆਂ ਨੂੰ ਨੱਥ ਪਾਉਣ ਲਈ ਕਾਨੂੰਨ ਬਣਾਉਣ ਦੀ ਗੱਲ ਇਕ ਪ੍ਰੈਸ ਕਾਨਫਰੰਸ ਵਿਚ ਕਹੀ ਸੀ ਜਿਸਨੇ ਸਾਰੇ ਪੰਜਾਬੀਆਂ ਵਿਚ ਇਕ ਬੜੀ ਵੱਡੀ ਉਮੀਦ ਜਗਾਈ ਸੀ। ਪਰ ਸਾਡੀ ਬਦਕਿਸਮਤੀ ਕਿ ਇਸ ਐਲਾਨ ਤੋਂ ਕੁਝ ਸਮਾਂ ਬਾਅਦ ਹੀ ਤੁਸਾਂ ਵਜ਼ੀਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਤੁਹਾਡੇ ਤੋਂ ਬਾਅਦ ਸੱਭਿਆਚਾਰਕ ਮਹਿਕਮੇ ਦੇ ਵਜ਼ੀਰ ਬਣੇ ਚਰਨਜੀਤ ਸਿੰਘ ਜੀ ਨੇ ਵੀ ਪੰਜਾਬੀ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣੇ ਲਿਖਣ ਤੇ ਗਾਉਣ ਵਾਲਿਆਂ ਨੂੰ ਨੱਥ ਪਾਉਣ ਲਈ ਕਾਨੂੰਨ ਬਣਵਾਉਣਗੇ ਪਰ ਕੁਝ ਨਾ ਹੋਇਆ। ਇਸ ਤਰ੍ਹਾਂ ਵਾਰ ਵਾਰ ਵਾਅਦਾ ਕਰਕੇ ਇਸ ਸੰਜੀਦਾ ਮੁੱੱਦੇ ਨੂੰ ਅੱਖੋਂ ਪਰੋਖੇ ਕਰ ਛੱਡਣਾ ਵਾਅਦਾ ਤੋੜਨ ਤੋਂ ਘੱਟ ਨਹੀਂ ਹੈ।

ਇਥੇ ਜ਼ਿਕਰਯੋਗ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੇਰੀ ਜਨਹਿਤ ਯਾਚਿਕਾ ਤੇ 22/7/2019 ਨੂੰ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣੇ ਸਾਡੇ ਬਚਿਆਂ ਦੇ ਇਖਲਾਕ ਤੇ ਬੁਰਾ ਅਸਰ ਪਾ ਰਹੇ ਹਨ ਅਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਗੁੰਡਾਗਰਦੀ ਵਾਲ਼ੇ ਸਭਿਆਚਾਰ ਨੂੰ ਬੜਾਵਾ ਦੇ ਰਹੇ ਹਨ। ਇਸ ਲਈ ਮਾਣਯੋਗ ਹਾਈ ਕੋਰਟ ਨੇ ਸਖ਼ਤ ਹਦਾਇਤ ਦਿੱਤੀ ਸੀ ਕਿ ਨਸ਼ੇ, ਸ਼ਰਾਬ, ਗੁੰਡਾਗਰਦੀ ਅਤੇ ਮਾਰਧਾੜ ਨੂੰ ਬੜ੍ਹਾਵਾ ਦੇਣ ਵਾਲ਼ੇ ਅਤੇ ਹਿੰਸਾ ਫੈਲਾਉਣ ਵਾਲ਼ੇ ਗਾਣੇ ਗਾਇਕੀ ਅਖਾੜਿਆਂ ਸਮੇਤ ਕਿਤੇ ਵੀ ਗਾਏ ਅਤੇ ਵਜਾਏ ਨਹੀਂ ਜਾਂ ਸਕਣਗੇ।

ਪੰਜਾਬ ਵਿਚੋਂ ਨਸ਼ਾਖੋਰੀ ਅਤੇ ਗੁੰਡਾਗਰਦੀ ਨੂੰ ਖਤਮ ਕਰਨ ਦਾ ਪ੍ਰਣ ਕਰਨ ਵਾਲੇ ਤੁਹਾਡੇ ਵਰਗੇ ਹਿੰਮਤੀ ਲੋਕ ਜਦੋਂ ਤੱਕ ਅਜਿਹੇ ਗਾਣੇ ਲਿਖਣ ਤੇ ਗਾਉਣ ਵਾਲ਼ਿਆਂ ਨੂੰ ਕਰੜੇ ਹੱਥ ਨਹੀਂ ਪਾਉਂਦੇ ਉਦੋਂ ਤੱਕ ਪੰਜਾਬੀ ਸਮਾਜ ਦਾ ਇਹ ਗੰਭੀਰ ਮਸਲਾ ਹੱਲ ਕਰਨਾ ਮੁਸ਼ਕਲ ਹੋਵੇਗਾ। ਇਸ ਲਈ ਮੈਂ ਮੰਗ ਕਰਦਾ ਹਾਂ ਕਿ ਤੁਸੀਂ ਸਭ ਤੋਂ ਪਹਿਲਾਂ ਆਪਣਾ ਵਾਅਦਾ ਪੂਰਾ ਕਰੋ ਅਤੇ ਪੰਜਾਬ ਦੀ ਫ਼ਿਜ਼ਾ ਵਿੱਚ ਘੋਲ਼ੀ ਜਾ ਰਹੀ ਲੱਚਰਪੁਣੇ ਦੀ ਜ਼ਹਿਰ ਤੋਂ ਲੋਕਾਂ ਦਾ ਖਹਿੜਾ ਛੁਡਾਉਣ ਲਈ ਸਰਕਾਰ ਨੂੰ ਇਕ ਸਖ਼ਤ ਕਾਨੂੰਨ ਬਣਾਉਣ ਲਈ ਮਜਬੂਰ ਕਰ ਦੇਵੋ।

ਸਰਦਾਰ ਨਵਜੋਤ ਸਿੰਘ ਸਾਹਿਬ ਜੀ, ਜੇਕਰ ਤੁਸੀਂ ਇਹ ਕਾਨੂੰਨ ਬਣਵਾ ਕੇ ਆਪਣਾ ਵਾਅਦਾ ਪੂਰਾ ਕਰ ਦਿੰਦੇ ਹੋ ਤਾਂ ਨਾ ਸਿਰਫ਼ ਅਮੀਰ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਵਿਰਾਸਤ ਸੁਰੱਖਿਅਤ ਹੋ ਜਾਣਗੇ ਸਗੋਂ ਪੰਜਾਬ ਤੋਂ ਅਗਵਾਈ ਲੈਕੇ ਹੋਰਨਾਂ ਸੂਬਿਆਂ ਵਿਚ ਵੀ ਅਜਿਹੇ ਕਾਨੂੰਨ ਬਣਨਗੇ ਜਿਸ ਨਾਲ਼ ਭੋਜਪੁਰੀ, ਕੰਨੜ, ਤਾਮਿਲ, ਤੇਲਗੂ ਵਰਗੀਆਂ ਭਾਸ਼ਾਵਾਂ ਵੀ ਲੱਚਰਤਾ ਤੋਂ ਪੂਰੀ ਤਰਾਂ ਸੁਰੱਖਿਅਤ ਹੋ ਜਾਣਗੀਆਂ।

ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਤੁਰੰਤ ਮੇਰੀ ਫਰਿਆਦ ਦੇ ਸੰਬੰਧ ਵਿਚ ਕਾਰਵਾਈ ਕਰੋਗੇ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਸਾਰਥਕ ਕਦਮ ਚੁੱਕੋਗੇ। ਮੈਨੂੰ ਇਹ ਵੀ ਉਮੀਦ ਹੈ ਕਿ ਤੁਸੀਂ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣ ਲਈ ਮਜਬੂਰ ਕਰ ਦੇਵੋਗੇ। ਇਸ ਨਾਲ਼ ਜਿੱਥੇ ਬੱਚਿਆਂ ਦੀ ਇਖਲਾਕੀ ਗਿਰਾਵਟ ਰੁਕ ਜਾਏਗੀ ਉੱਥੇ ਹਥਿਆਰਬਾਜੀ ਨੂੰ ਹਲ੍ਹਾਸ਼ੇਰੀ ਦੇਣ ਵਾਲੇ ਗਾਣੇ ਬੰਦ ਹੋਣ ਨਾਲ਼ ਗੁੰਡਾਗਰਦੀ ਨੂੰ ਵੀ ਠੱਲ੍ਹ ਪਵੇਗੀ ਅਤੇ ਸੂਬੇ ਵਿੱਚ ਅਮਨ, ਸ਼ਾਂਤੀ ਅਤੇ ਭਾਈਚਾਰਾ ਵਧਾਉਣ ਵਾਲ਼ੇ ਗਾਣੇ ਵੱਜਣ ਨਾਲ਼ ਸਾਜ਼ਗਾਰ ਮਾਹੌਲ ਬਣੇਗਾ।

ਮੈਂ ਇਕ ਵਾਰ ਫਿਰ ਬੇਨਤੀ ਕਰਦਾ ਹਾਂ ਕਿ ਆਪਣਾ ਕੀਤਾ ਹੋਇਆ ਵਾਅਦਾ ਨਿਭਾਓ ਤਾਂ ਜੋ ਤੁਹਾਨੂੰ ਬੁਲੰਦੀ ਵੱਲ ਲੈ ਜਾਣ ਵਾਲ਼ਾ ਤੁਹਾਡਾ ਸਫ਼ਰ, ਲੋਕਾਂ ਦੀਆਂ ਦੁਆਵਾਂ ਸਦਕਾ ਤਹਾਨੂੰ ਹੋਰ ਵੱਡੇ ਅਹੁਦਿਆਂ ਦੀ ਮੰਜ਼ਿਲ ਤੱਕ ਲੈ ਜਾਵੇ।

ਆਦਰ ਅਤੇ ਸਤਿਕਾਰ ਸਹਿਤ,
ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦਾ ਸੇਵਕ,
ਪੰਡਿਤ ਰਾਓ ਧਰੇਨਵਰ

ਜਿਕਰਯੋਗ ਹੈ ਕਿ ਪੰਡਿਤ ਜੀ ਸਮੇਂ ਸਮੇਂ ‘ਤੇ ਸਮਾਜਿਕ ਮੁੱਦਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਸਬੰਧਤ ਮੁੱਦੇ ਨੂੰ ਉਭਾਰਨ ਲਈ ਸਿਰ ‘ਤੇ ਬੋਰਡ ਚੁੱਕ ਕੇ ਜਨਤਕ ਥਾਵਾਂ ‘ਤੇ ਪ੍ਰਦਰਸ਼ਨ ਕਰਨਾ ਉਨ੍ਹਾਂ ਦੀ ਆਪਣੀ ਹੀ ਵੱਖਰਾ ਅੰਦਾਜ਼ ਹੈ। ਉਪਰੋਕਤ ਚਿੱਠੀ ਪ੍ਰਾਪਤ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਕੀ ਪ੍ਰਤੀਕਰਮ, ਪ੍ਰਤੀਕਿਰਿਆ ਜਾਂ ਕਰਮ ਹੋਵੇਗਾ ? ਆਉਣ ਵਾਲ਼ਾ ਸਮਾਂ ਹੀ ਦੱਸੇਗਾ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਥੀ ਗੁਰਨਾਮ ਚੜੂਨੀ ਦਾ ਦੋਆਬਾ ਦੌਰਾ ਅੱਜ
Next articleਵਿਧਾਨ ਸਭਾ ਹਲਕਾ ਫਿਲੌਰ ਦੀ ਸੀਟ ਦੀ ਮੰਗ ਸੰਬੰਧੀ ਵਿਸ਼ਾਲ ਵਰਕਰ ਸੰਮੇਲਨ ਗੋਰਾਇਆ ਵਿਖੇ 7 ਨੂੰ-ਵਿਨੈ ਅੱਪਰਾ, ਧੀਰਜ ਸਿੱਧੂ