ਤਰਕਸ਼ੀਲਾਂ ਵੱਲੋਂ ਕੋਵਿਡ -19 ਤੇ ਵਿਚਾਰ ਚਰਚਾ ਕਰਵਾਈ ਗਈ

ਸੰਗਰੂਰ, (ਸਮਾਜ ਵੀਕਲੀ) ,(ਰਮੇਸ਼ਵਰ ਸਿੰਘ): ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸੰਗਰੂਰ ਵਲੋਂ ਸਥਾਨਕ ਅਫ਼ਸਰ ਕਲੋਨੀ ਵਿਖੇ ਕੋਵਿਡ -19 ਵਾਇਰਸ, ਇਸ ਦੇ ਬਦਲਦੇ ਰੂਪਾਂ ਬਾਰੇ ਜਾਣਕਾਰੀ, ਸਾਵਧਾਨੀਆਂ ਤੇ ਪ੍ਰਹੇਜ਼ ਵਿਸ਼ੇ ਤੇ ਇਕ ਰੋਜ਼ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਵਿਚਾਰ ਚਰਚਾ ਦੇ ਮੁੱਖ ਬੁਲਾਰੇ ਡਾਕਟਰ ਅਮਨਦੀਪ ਅਗਰਵਾਲ ਸੰਗਰੂਰ ਸਨ। ਵਿਚਾਰ ਚਰਚਾ ਦੀ ਸ਼ੁਰੂਆਤ ਇਕਾਈ ਪ੍ਰਧਾਨ ਮਾਸਟਰ ਪਰਮ ਵੇਦ ਵਲੋਂ ਹਾਜ਼ਰੀਨ ਦਾ ਸਵਾਗਤ ਕਰਦਿਆਂ ਤੇ ਵਿਸ਼ੇ ਬਾਰੇ ਜਾਣਕਾਰੀ ਨਾਲ ਹੋਈ।

ਉਪਰੋਕਤ ਡਾਕਟਰ ਅਮਨਦੀਪ ਅਗਰਵਾਲ ਨੇ ਕੋਵਿਡ-19, ਇਸਦੇ ਬਦਲਦੇ ਰੂਪਾਂ, ਸੰਭਾਵੀ ਤੀਜੀ ਲਹਿਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਕਰੋਨਾ ਵਾਇਰਸ ਪਹਿਲਾਂ ਤੋਂ ਹੀ ਸਾਰੇ ਆਲੇ-ਦੁਆਲੇ ਮੌਜੂਦ ਸੀ ਪਰ ਇਸ ਦੀ ਕੋਵਿਡ-19 ਕਿਸਮ ਇਕ ਨਵਾਂ ਵਾਇਰਸ ਹੈ। ਬੁਖਾਰ, ਗਲੇ ਦੀ ਖਰਾਬੀ ,ਖੰਘ,ਪੇਟ ਦਰਦ,ਸਿਰਦਰਦ, ਟੱਟੀਆਂ ਆਦਿ ਮੁੱਖ ਨਿਸ਼ਾਨੀਆਂ ਹਨ,80% ਲੋਕਾਂ ਨੂੰ ਇਹ ਨਿਸ਼ਾਨੀਆਂ ਵੀ ਸਾਧਾਰਨ ਰੂਪ ਵਿਚ ਹੁੰਦੀਆਂ ਹਨ ਪਰ ਇਸ ਦੇ ਲੱਛਣਾਂ ਦੇ ਗੰਭੀਰ ਹੋਣ ਦੀ ਸੂਰਤ ਵਿਚ ਸਮੇ ਸਿਰ ਤੁਰੰਤ ਡਾਕਟਰੀ ਸਹਾਇਤਾ ਦਾ ਨਾਂ ਮਿਲਣਾ ਜਾਨ ਲੇਵਾ ਸਾਬਤ ਹੋ ਸਕਦਾ ਹੈ ।

ਉਨ੍ਹਾਂ ਕਿਹਾ ਕਿ ਕਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਕੇ , ਉਪਰੋਕਤ ਲੱਛਣਾਂ ਦੇ ਮੌਜੂਦਾ ਹੋਣ ਤੇ ਤੁਰੰਤ ਟੈਸਟ ਕਰਵਾਉਣ ਨਾਲ ਅਸੀਂ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਬਚ ਸਕਦੇ ਹਾਂ। ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ, ਸੈਰ ਤੇ ਕਸਰਤ ਕਰਨ, ਪੁੰਗਰੇ ਅਨਾਜ ਸਮੇਤ ਵਧੀਆ ਭੋਜਨ ਖਾਣ, ਘੱਟੋ-ਘੱਟ ਸਾਢੇ ਤਿੰਨ ਲੀਟਰ ਪਾਣੀ ਪੀਣ, ਵਧੀਆ ਸੋਚਣ, ਤੇ ਜ਼ੋਰ ਦਿੰਦਿਆਂ ਕਿਹਾ ਕਿ ਕਰੋਨਾ ਵਾਇਰਸ ਸਮੇਤ ਹੋਰ ਬੀਮਾਰੀਆਂ ਦਾ ਤੋੜ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਹੁੰਦੀ ਹੈ ਜੋ ਬੁਲੰਦ ਹੌਸਲੇ ਨਾਲ ਵਧਦੀ ਹੈ, ਘਬਰਾਉਣ ਨਾਲ ਘਟਦੀ ਹੈ।

ਕਰੋਨਾ-19 ਦੇ ਬਦਲਦੇ ਰੂਪ ਡੈਲਟਾ ਆਦਿ,ਸੰਭਾਵੀ ਤੀਜੀ ਲਹਿਰ ਲਗਾਏ ਜਾ ਰਹੇ ਅਗੇਤੇ ਅੰਦਾਜਿਆਂ ਨੂੰ ਗੈਰ ਵਿਗਿਆਨਕ ਵਰਤਾਰਾ ਕਰਾਰ ਦਿੱਤਾ ਅਤੇ ਕਿਹਾ ਕਿ ਕਿਸੇ ਵੀ ਸਮਾਜ ਵਿਚ ਪਾਈ ਜਾਂਦੀ ਝੁੰਡ ਪ੍ਰਤੀਰੋਧਕ ਸਕਤੀ ਦੇ ਸਰਵੇ ਦੀ ਅਣਹੋਂਦ ਵਿਚ ਅਜਿਹੇ ਪ੍ਰਚਾਰ ਲੋਕਾਂ ਵਿਚ ਡਰ ਪੈਦਾ ਕਰਦੇ ਹਨ। ਬਲੈਕ,ਵਾਈਟ,ਯੈਲੋ ਵੱਖ-ਵੱਖ ਫੰਗਸਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਿਰਫ ਬਹੁਤ ਹੀ ਕਮਜੋਰ ਪ੍ਰਤੀਰੋਧਕ ਸ਼ਕਤੀ ਵਾਲੇ ਲੋਕਾਂ ਵਿਚ ਹੋ ਸਕਦੀ ਹੈ ਇਸ ਲਈ ਆਮ ਲੋਕਾਂ ਨੂੰ ਇਨ੍ਹਾਂ ਦੀ ਚਿੰਤਾ ਨੂੰ ਮਨ ਵਿਚੋਂ ਕੱਢਣ ਬਾਰੇ ਕਿਹਾ ।

ਉਨ੍ਹਾਂ ਅਜੇ ਬਾਹਰ ਬੇਫ਼ਿਕਰ ਹੋ ਕੇ ਪਹਾੜਾਂ ਆਦਿ ਤੇ ਘੁੰਮਣ ਜਾਣ ਤੋਂ ਗ਼ੁਰੇਜ਼ ਕਰਨ ਦਾ ਸੁਝਾਅ ਵੀ ਦਿੱਤਾ।ਇਸ ਤੋਂ ਬਾਅਦ ਸਵਰਨਜੀਤ ਸਿੰਘ ਨੇ ਵੀ ਕਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਬਾਰੇ ਜਾਗਰੂਕ ਕਰਦਿਆਂ ਬਿਮਾਰੀ ਦੀ ਗੰਭੀਰਤਾ ਵਾਰੇ ਦਸਿਆ ਅਤੇ ਲੱਛਣ ਆਉਣ ਉਪਰੰਤ ਨੀਮ ਹਕੀਮਾਂ ਤੋਂ ਇਲਾਜ ਕਰਵਾਉਣ ਦੀ ਥਾਂ ਤੁਰੰਤ ਯੋਗ ਡਾਕਟਰੀ ਸਲਾਹ ਲੈਣ ਦੇ ਫਾਇਦਿਆਂ ਵਾਰੇ ਦੱਸਿਆ। ਉਹਨਾਂ ਕਰੋਨਾ ਦੀ ਦੂਜੀ ਲਹਿਰ ਸਮੇਂ ਸਰਕਾਰੀ ਖੇਤਰ ਵਿਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਕਾਰਨ ਅਤੇ ਅਫਸਰਸ਼ਾਹੀ ਦੇ ਦੁਰਪਰਬੰਧ ਕਾਰਨ ਮੌਤ ਦੀ ਗਿਣਤੀ ਵਿਚ ਹੋਏ ਵਾਧੇ ਵਾਰੇ ਦਸਦਿਆਂ ਸਰੋਤਿਆਂ ਨੂੰ ਵਧੀਆ ਸਿਹਤ ਸਹੂਲਤਾਂ ਲੈਣ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ ।

ਸਵਾਲ ਜਵਾਬ ਸ਼ੈਸ਼ਨ ਵਿੱਚ ਸੁਰਿੰਦਰ ਪਾਲ, ਗੁਰਦੀਪ ਸਿੰਘ ਲਹਿਰਾ,ਨਿਰਮਲ ਸਿੰਘ ਦੁੱਗਾਂ, ਕ੍ਰਿਸ਼ਨ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ, ਰਘਬੀਰ ਸਿੰਘ, ਧਰਮਵੀਰ ਸਿੰਘ,ਰਾਮ ਸਿੰਘ, ਕੁਲਵੰਤ ਸਿੰਘ, ਮਾਂਗੇ ਰਾਮ, ਲਖਵੀਰ ਸਿੰਘ, ਅਮਰਨਾਥ, ਪ੍ਰਗਟ ਸਿੰਘ ਗੁਰਜੀਤ ਸਿੰਘ ਲੱਡੀ, ਕਿਰਨਦੀਪ ਕੌਰ ਪੰਧੇਰ, ਸੁਰਿੰਦਰ ਸ਼ਰਮਾ, ਦੇਵਿੰਦਰ ਕੌਰ, ਗੁਰਮੀਤ ਕੌਰ, ਵਨੀਤਾ ਰਾਣੀ, ਸੁਨੀਤਾ ਰਾਣੀ, ਸੁਖਵਿੰਦਰ ਕੌਰ ਸਿੱਧੂ, ਗੁਰਮੇਲ ਕੌਰ ਨੇ ਭਾਗ ਲਿਆ ਤੇ ਡਾਕਟਰ ਅਮਨਦੀਪ ਅਗਰਵਾਲ ਅਤੇ ਸਵਰਨਜੀਤ ਸਿੰਘ ਨੇ ਸਰੋਤਿਆਂ ਵਲੋਂ ਕੀਤੇ ਸਵਾਲ ਤੇ ਮਨ ਵਿੱਚ ਚਲ ਰਹੇ ਸ਼ੰਕਿਆ ਦੀ ਬਾਖੂਬੀ ਨਵਿਰਤੀ ਕੀਤੀ। ਇਸ ਉਪਰੰਤ ਤਰਕਸ਼ੀਲਾਂ ਵੱਲੋਂ ਡਾ਼ ਅਮਨਦੀਪ ਅਗਰਵਾਲ ਨੂੰ ਵਿਗਿਆਨਕ/ਤਰਕਸ਼ੀਲ ਵਿਚਾਰਾਂ ਦੀ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਤਰਕਸ਼ੀਲ ਆਗੂ ਲੈਕਚਰਾਰ ਕ੍ਰਿਸ਼ਨ ਸਿੰਘ ਨੇ ਵਿਚਾਰ ਚਰਚਾ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕੀਤੀ। ਵਿਚਾਰ ਚਰਚਾ ਭਾਵਪੂਰਤ ਹੋ ਨਿਬੜੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleAzad Engineering wins Boeing contract for aviation components
Next articleਸ਼ੁਭ ਸਵੇਰ ਦੋਸਤੋ,