(ਸਮਾਜ ਵੀਕਲੀ)
ਸੁਖਜੀਤ ਆਪਣੀਆਂ ਦੋ ਭੈਣਾਂ ਦਾ ਇਕੱਲਾ ਭਰਾ ਸੀ। ਉਸ ਦੇ ਪਿਤਾ ਜੀ ਇੱਕ ਸਧਾਰਨ ਕਿਸਾਨ ਸਨ । ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬੜੀ ਹੀ ਤੰਗੀ- ਤੁਰਸ਼ੀ ਵਿਚ ਰਹਿ ਕੇ ਚੰਗਾ ਪੜ੍ਹਾਇਆ ਲਿਖਾਇਆ ਤਾਂ ਕਿ ਉਹ ਆਪਣੇ ਭਵਿੱਖ ਵਿੱਚ ਵਧੀਆ ਜ਼ਿੰਦਗੀ ਜਿਊ ਸਕਣ, ਲੜਕੀਆਂ ਦਾ ਚੰਗੇ ਘਰਾਂ ਵਿਚ ਵਿਆਹ ਕੀਤੇ। ਸੁਖਜੀਤ ਨੇ ਐਮ.ਐਸ.ਈ. ਬੀਐੱਡ. ਕੀਤੀ ਸੀ,ਪਰ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ।ਇਸ ਕਰਕੇ ਸੁਖਜੀਤ ਆਪਣੇ ਪਿਤਾ ਨਾਲ ਖੇਤੀ ਕਰਨ ਲੱਗ ਪਿਆ ਤੇ ਉਸ ਨੇ ਘਰ ਵਿਚ ਡੇਅਰੀ ਫਾਰਮਿੰਗ ਦਾ ਕੰਮ ਖੋਲ੍ਹਿਆ ।
ਪ੍ਰਮਾਤਮਾ ਦੀ ਕਿਰਪਾ ਨਾਲ ਪੜ੍ਹਿਆ-ਲਿਖਿਆ ਹੋਣ ਕਾਰਨ ਉਸ ਦਾ ਕੰਮ ਬਹੁਤ ਵਧੀਆ ਚੱਲਣ ਲੱਗ ਪਿਆ ਤੇ ਕਮਾਈ ਵੀ ਵਧੀਆ ਹੋਣ ਲੱਗ ਪਈ। ਮਿਹਨਤੀ ਤੇ ਪੜ੍ਹਿਆ-ਲਿਖਿਆ ਹੋਣ ਕਾਰਨ ਸੁਖਜੀਤ ਦਾ ਵਿਆਹ ਇੱਕ ਪੜ੍ਹੀ-ਲਿਖੀ ਤੇ ਸੂ ਸੂਝਵਾਨ ਲੜਕੀ ਨਾਲ ਹੋ ਗਿਆ । ਉਸਦੇ ਘਰ ਦੋ ਬੱਚੇ ਇਕ ਲੜਕਾ ਤੇ ਇੱਕ ਲੜਕੀ ਹੋਏ । ਉਹਨਾਂ ਨੂੰ ਵੀ ਉਸ ਨੇ ਵਧੀਆ ਸਕੂਲ ਵਿਚ ਪਾਇਆ।
ਪਰ ਜਦੋਂ ਦੀ ਕਿਸਾਨੀ ਲਹਿਰ ਚੱਲੀ ਹੈ ਉਦੋਂ ਦਾ ਹੀ ਸੁਖਜੀਤ ਕੁਝ ਉਦਾਸ ਰਹਿੰਦਾ ਸੀ।ਇਕ ਦਿਨ ਉਹ ਹੌਂਸਲਾ ਕਰਕੇ ਕਿਸਾਨੀ ਮੋਰਚੇ ਤੇ ਚਲਾ ਗਿਆ, ਉੱਥੇ ਲੱਗਭੱਗ ਉਹ ਸੱਤ ਦਿਨ ਰਿਹਾ, ਕਿਸਾਨਾਂ ਦੇ ਵਿੱਚ ਰਹਿ ਕੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ। ਉਨ੍ਹਾਂ ਦੀਆਂ ਤਕਲੀਫਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਇਆ। ਉਸਨੇ ਕਿਸਾਨਾਂ ਦੇ ਹੱਕਾਂ ਪ੍ਰਤੀ ਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਭਾਸ਼ਣ ਦਿੱਤੇ। ਉਸ ਦਾ ਮੋਰਚੇ ਤੋਂ ਛੱਡ ਕੇ ਆਉਣ ਦਾ ਜੀ ਨਹੀਂ ਕਰਦਾ ਸੀ ,ਪਰ ਉਸਨੂੰ ਘਰ ਦੀ ਵੀ ਚਿੰਤਾ ਸੀ। ਪਿਤਾ ਜੀ ਠੀਕ ਨਹੀਂ ਸਨ। ਘਰ ਦਾ ਕੰਮ ਕਿਵੇਂ ਹੋਵੇਗਾ?ਹੁਣ ਜਦੋਂ ਉਹ ਘਰ ਆ ਗਿਆ ,ਤੇ ਉਹ ਬਹੁਤ ਉਦਾਸ ਰਹਿਣ ਲੱਗਾ।
ਇਕ ਦਿਨ ਉਸਦੀ ਪਤਨੀ ਨੇ ਪੁੱਛਿਆ,” ਤੁਸੀਂ ਜਦੋਂ ਦੇ ਕਿਸਾਨੀ ਮੋਰਚੇ ਤੋਂ ਆਏ ਹੋ, ਬਹੁਤ ਹੀ ਉਦਾਸ ਰਹਿੰਦੇ ਹੋ।”ਸੁਖਜੀਤ ਆਪਣੀ ਪਤਨੀ ਨੂੰ ਕਹਿੰਦਾ ਹੈ ,”ਕੋਮਲ ਜਿਹੜੀ ਹਾਲਤ ਮੈਂ ਕਿਸਾਨਾਂ ਦੀ ਦੇਖੀ ਹੈ ਉਹ ਮੇਰੇ ਅੰਦਰ ਘਰ ਕਰ ਗਈ ਹੈ, ਮੈਂ ਉਨ੍ਹਾਂ ਦੇ ਦੁੱਖ ਨੂੰ ਨਹੀਂ ਵੇਖ ਸਕਦਾ।”ਫਿਰ ਉਹ ਕੋਮਲ ਨੂੰ ਕਹਿੰਦਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਨਾਲ ਵਿਚਰ ਕੇ ਉਹਨਾਂ ਦੇ ਦੁੱਖ ਨੂੰ
ਸਮਝਿਆ ਜਾਏ, ਕਿ ਉਹ ਕਿਹੋ ਜਿਹੀ ਜ਼ਿੰਦਗੀ ਜੀ ਰਹੇ ਹਨ।
ਕਿਸਾਨ ਜੋ ਦੁਨੀਆਂ ਦਾ ਅੰਨਦਾਤਾ ਹੈਂ ,ਉਹ ਕਿਸ ਤਰ੍ਹਾਂ ਭਿਖਾਰੀਆਂ ਵਾਂਗ ਆਪਣੇ ਹੱਕ ਮੰਗ ਰਿਹਾ ਹੈ ਉਹ ਆਪਣੀਆਂ ਲੋੜਾਂ ਨੂੰ ਮਾਰ ਕੇ ਦੂਸਰਿਆਂ ਦੀ ਲੋੜਾਂ ਪੂਰੀਆਂ ਕਰਦਾ ਹੈਂ ਜੋ ਗੁਲਾਮੀ ਤੋਂ ਭੈੜਾ ਹੈ ਫਿਰ ਕਿਵੇਂ ਸਾਡਾ ਦੇਸ਼ ਤਰੱਕੀ ਦੀਆਂ ਲਹਿਰਾਂ ਤੇ ਜਾਏਗਾ ,ਮੈਨੂੰ ਤੇ ਲੱਗਦਾ ਹੈ ਕੀ ਅਸੀਂ ਫਿਰ ਗੁਲਾਮੀ ਦੀਆਂ ਲੀਹਾਂ ਤੇ ਜਾ ਰਹੇ ਹਾਂ। ਸਾਡੇ ਬੱਚਿਆਂ ਦਾ ਭਵਿੱਖ ਕੀ ਹੈ? ਕੀ ਸਭ ਕੁਝ ਹੁੰਦੇ ਹੋਏ ਕਾਰਨ ਹੀ ਲੋਕ ਆਪਣੇ ਬੱਚੇ ਵਿਦੇਸ਼ਾ ਵਿੱਚ ਭੇਜ ਰਹੇ ਹਨ। ਮੈਨੂੰ ਤਾਂ ਆਪਣੇ ਬੱਚਿਆਂ ਦਾ ਫਿਕਰ ਪਿਆ ਹੋਇਆ ਹੈ।ਸਾਡੇ ਇਨ੍ਹਾਂ ਪੜ੍ਹਨ ਦੇ ਬਾਵਜੂਦ ਵੀ ਅਸੀਂ ਬੇਰੁਜ਼ਗਾਰ ਹਾਂ।
ਆਪਣੀ ਖੇਤੀਬਾੜੀ ਵਿੱਚ ਮਿਹਨਤ ਕਰਦੇ ਹੋਏ ਆਪਣੀ ਚੰਗੀ ਜ਼ਿੰਦਗੀ ਗੁਜ਼ਾਰ ਕਰ ਰਹੇ ਹਾਂ, ਉਸ ਤੇ ਵੀ ਇਹ ਸਰਮਾਏਦਾਰ ਆਪਣੇ ਕਬਜ਼ੇ ਕਰ ਰਹੇ ਹਨ। ਦੋਵੇਂ ਗੱਲਾਂ ਕਰਦੇ ਕਰਦੇ ਰੋਈ ਜਾ ਰਹੇ ਹਨ , ਇਨ੍ਹੇ ਨੂੰ ਸੁਖਜੀਤ ਦੇ ਪਿਤਾ ਜੀ ਆ ਜਾਂਦੇ ਹਨ ਉਹ ਉਨ੍ਹਾਂ ਨੂੰ ਸਮਝਾਉਂਦੇ ਹਨ ,ਕਿ ਪ੍ਰਮਾਤਮਾ ਤੇ ਵਿਸ਼ਵਾਸ਼ ਰੱਖੋ, ਉਸਨੇ ਜੋ ਕਰਨਾ ਹੈ, ਠੀਕ ਹੀ ਕਰਨਾ ਹੈ। ਪਰਮਾਤਮਾ ਸਭ ਦੀ ਸੁਣਦਾ ਹੈ।ਸੁਖਜੀਤ ਨੂੰ ਗੁਰਬਾਣੀ ਦੀ ਤੁੱਕ ਯਾਦ ਆ ਜਾਂਦੀ ਹੈ।
ਕਰਣ ਕਰਾਵਨ ਕਰਨੈ ਜੋਗੁ ।।
ਜੋ ਤਿਸੁ ਭਾਵੈ ਸੋਈ ਹੋਗੁ।।
ਆਪਣੇ ਚਿਹਰੇ ਤੇ ਮੁਸਕਾਨ ਲਿਆਂਦਾ ਹੋਇਆ ਇਕ ਨਵੇਂ ਵਿਸ਼ਵਾਸ ਤੇ ਉਤਸਾਹ ਨਾਲ ਖੇਤਾਂ ਨੂੰ ਚੱਲ ਪੈਂਦਾ ਹੈ।
ਸਰਿਤਾ ਦੇਵੀ
9464925265
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly