(ਸਮਾਜ ਵੀਕਲੀ)
ਬਾਮਣਵਾਦ ਨੇ ਇੰਡੀਆ ਦੇ ਲੋਕਾਂ ਦੀ ਬਹੁਤ ਜ਼ਿਆਦਾ ਗੰਦੀ ਸੋਚ ਬਣਾ ਦਿੱਤੀ ਹੈ। ਇੰਡੀਆ ਵਿੱਚ ਰਹਿਣ ਜਾਂ ਹਜ਼ਾਰਾਂ ਮੀਲ ਦੂਰ ਆਕੇ ਵਿਦੇਸ਼ਾਂ ਵਿੱਚ ਪੱਕੇ ਤੌਰ ਤੇ ਰਹਿਣ, ਫਿਰ ਵੀ ਜਾਤ-ਪਾਤ ਵਾਲੀ ਗੰਦੀ ਸੋਚ ਨੂੰ ਨਹੀਂ ਛੱਡਦੇ। ਬਾਬਾ ਸਾਹਿਬ ਨੇ ਬਿਲਕੁਲ ਠੀਕ ਕਿਹਾ ਹੈ ਕਿ ‘ਇੰਡੀਅਨ ਆਪਣੀ ਰੋਟੀ ਰੋਜ਼ੀ ਲਈ ਕਿਸੇ ਵੀ ਦੇਸ਼ ਵਿੱਚ ਚਲੇ ਜਾਣ ਅਗਰ ਇਹ ਆਪਣੀਆਂ ਬੁਰਾਈਆਂ ਦਾ ਜਹਾਜ਼ ਭਰਕੇ ਨਹੀਂ ਲੈ ਜਾ ਸਕਦੇ ਤਾਂ ਸੂਟਕੇਸ ਭਰਕੇ ਜ਼ਰੂਰ ਲੈ ਜਾਂਦੇ ਹਨ’। ਇਹ ਹਰ ਇਨਸਾਨ ਦੇ ਕੰਮ ਨੂੰ ਨਹੀਂ, ਉਸਦੀ ਜਾਤ ਨੂੰ ਦੇਖਦੇ ਹਨ। ਇਤਹਾਸ ਵਿੱਚ ਦੇਖੀਏ ਤਾਂ ਜੋ ਮਾਣ-ਸਨਮਾਨ ਸ਼ਹੀਦ ਊਧਮ ਸਿੰਘ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ। ਇਸ ਦਾ ਇੱਕ ਹੀ ਕਾਰਨ ਹੈ ਕਿ ਉਹ ਬਾਮਣਾਂ ਦੇ ਧਰਮ ਅਨੁਸਾਰ ਛੋਟੀ ਜਾਤ ਵਿੱਚੋਂ ਸਨ। ਦਰਅਸਲ ਇਸ ਵਿੱਚ ਬਾਮਣਾਂ ਦਾ ਦੋਸ਼ ਨਹੀਂ ਹੈ, ਉਹ ਤਾਂ ਆਪਣੇ ਧਰਮ ਗਰੰਥਾਂ ਦੀ ਸਿੱਖਿਆ ਉੱਤੇ ਅਮਲ ਕਰਕੇ ਆਪਣੇ ਆਪਨੂੰ ਇੱਕ ਪੱਕੇ ਬਾਮਣ ਸਾਬਤ ਕਰ ਰਹੇ ਹਨ। ਹਿੰਦੂਆਂ ਦੇ ਵੀਸਵੀਂ ਸਦੀ ਦੇ ਅਵਤਾਰ ਕਰਮ ਚੰਦ ਗਾਂਧੀ ਨੇ ਲਿਖਿਆ ਹੈ ‘ਅਗਰ ਕੋਈ ਇਨਸਾਨ ਕੁਰਾਨ ਨੂੰ ਨਹੀਂ ਮੰਨਦਾ ਤਾਂ ਉਹ ਕਿਵੇਂ ਕਹਿ ਸਕਦਾ ਹੈ ਕਿ ਉਹ ਮੁਸਲਮਾਨ ਹੈ ? ਅਗਰ ਕੋਈ ਇਨਸਾਨ ਬਾਈਬਲ ਨੂੰ ਨਹੀਂ ਮੰਨਦਾ ਤਾਂ ਉਹ ਕਿਵੇਂ ਕਹਿ ਸਕਦਾ ਹੈ ਕਿ ਉਹ ਈਸਾਈ ਹੈ ? ਅਗਰ ਕੋਈ ਜਾਤ-ਪਾਤ ਨੂੰ ਨਹੀਂ ਮੰਨਦਾ ਤਾਂ ਉਹ ਕਿਵੇਂ ਕਹਿ ਸਕਦਾ ਹੈ ਕਿ ਉਹ ਹਿੰਦੂ ਹੈ’ ! (ਬਾਬਾ ਸਾਹਿਬ ਡਾ: ਅੰਬੇਡਕਰ ਦੀ ਕਿਤਾਬ “ਜਾਤ ਪਾਤ ਦਾ ਬੀਜ ਨਾਸ਼” ਵਿੱਚੋਂ) ਬਹੁਤ ਸਾਰੇ ਯੋਧਿਆਂ, ਵਿਦਵਾਨਾਂ, ਲਿਖਾਰੀਆਂ, ਬੁੱਧੀਜੀਵੀਆਂ ਆਦਿ ਨਾਲ ਇਹ ਹੀ ਹੋਇਆ। ਇੱਕ ਪ੍ਰੋਫੈਸਰ ਜਾਂ ਮਾਸਟਰ 26 ਜਨਵਰੀ ਨੂੰ ਭਾਰਤ ਦੇ ਸੰਵਿਧਾਨ ਵਾਰੇ ਵਿਦਆਰਥੀਆਂ ਨੂੰ ਪੌਣਾ ਘੰਟਾ ਲੈਕਚਰ ਦੇਵੇਗਾ ਪਰ ਇੱਕ ਵਾਰ ਵੀ ਇਹ ਕਹਿਣ ਦੀ ਹਿੰਮਤ ਨਹੀਂ ਕਰੇਗਾ ਕਿ ਇਸ ਸੰਵਿਧਾਨ ਨੂੰ ਲਿਖਣ ਲਈ ਆਪਣੀ ਸਿਹਤ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਡਾ: ਅੰਬੇਡਕਰ ਨੇ ਲਿਖਿਆ ਸੀ, ਕਿਉਕਿ ਬਾਮਣ ਧਰਮ ਅਨੁਸਾਰ ਡਾ: ਅੰਬੇਡਕਰ ਇੱਕ ਛੋਟੀ ਜਾਤੀ ਨਾਲ ਸੰਬੰਧ ਰੱਖਦੇ ਸਨ।
ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪਿੰਡ ਸੁਨਾਮ, ਜਿਲ੍ਹਾ ਸੰਗਰੂਰ, ਪੰਜਾਬ ਵਿੱਚ ਹੋਇਆ ਸੀ। ਬਾਬਾ ਸਾਹਿਬ ਦੀ ਕਿਤਾਬ ‘ਜਾਤ ਪਾਤ ਦਾ ਬੀਜ ਨਾਸ਼’ ਅਨੁਸਾਰ ਹਰ ਅੰਬੇਡਕਰੀ ਜਾਤ ਪਾਤ ਦਾ ਨਾਸ਼ ਹੀ ਨਹੀਂ ਸਗੋਂ ਬੀਜ ਨਾਸ਼ ਕਰਨ ਦਾ ਹਾਮੀ ਹੈ। ਸਾਨੂੰ ਮਜ਼ਬੂਰੀ ਨਾਲ ਲਿਖਣਾ ਪੈ ਰਿਹਾ ਹੈ ਕਿ ਊਧਮ ਸਿੰਘ ਚਮਾਰ ਜਾਤੀ ਵਿੱਚ ਪੈਦਾ ਹੋਏ। ਅੱਜ ਕੱਲ ਦੀ ਤਰ੍ਹਾਂ ਜਿਵੇਂ ਯੂ ਪੀ ਤੋਂ ਨੀਵੀਆਂ ਜਾਤਾਂ ਦੇ ਗਰੀਬ ਲੋਕ ਦਿਹਾੜੀਆਂ ਕਰਨ ਪੰਜਾਬ ਵਿੱਚ ਆਉਂਦੇ ਹਨ, ਇਸ ਤਰ੍ਹਾਂ ਹੀ ਊਧਮ ਸਿੰਘ ਦੇ ਪਿਤਾ ਚੂਹੜ ਰਾਮ ਅਤੇ ਮਾਤਾ ਨਰਾਇਣਾ ਦੇਵੀ ਪਿੰਡ ਪਟਿਆਲੀ, ਜਿਲ੍ਹਾ ਅਟਾ, ਯ ੂਪੀ ਤੋਂ 1857 ਦੇ ਗਦਰ ਤੋਂ ਬਾਦ ਸੁਨਾਮ ਪਿੰਡ ਵਿੱਚ ਸਰਦਾਰ ਧੰਨਾ ਸਿੰਘ ਅਤੇ ਸਰਦਾਰਨੀ ਮਾਇਅ ਕੌਰ ਦੇ ਖੇਤਾਂ ਕੰਮ ਕਰਦੇ ਸਨ। ਧੰਨਾ ਸਿੰਘ ਕੰਬੋਜ ਸਨ, ਚੂਹੜ ਰਾਮ ਅਤੇ ਨਰਾਇਣਾ ਦੇਵੀ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਸਨ। ਹੌਲੀ ਹੌਲੀ ਧੰਨਾ ਸਿੰਘ ਅਤੇ ਮਾਇਆ ਕੌਰ ਨੇ ਇਨ੍ਹਾਂ ਨੂੰ ਸਿੱਖ ਧਰਮ ਵਿੱਚ ਪ੍ਰੀਵਰਤਤ ਕਰਕੇ ਚੂਹੜ ਰਾਮ ਦਾ ਨਾਂਅ ਟਹਲ ਸਿੰਘ ਅਤੇ ਉਸਦੀ ਪਤਨੀ ਦਾ ਨਾਂਅ ਹਰਨਾਮ ਕੌਰ ਰੱਖ ਦਿੱਤਾ। ਧੰਨਾ ਸਿੰਘ ਦੇ ਨਾਲ ਹਰ ਵਕਤ ਰਹਿਣ ਕਰਕੇ ਲੋਕ ਟਹਲ ਸਿੰਘ ਨੂੰ ਵੀ ਕੰਬੋਜ ਹੀ ਸਮਝਣ ਲੱਗ ਪਏ। ਧੰਨਾ ਸਿੰਘ ਨੇ ਆਪਣੇ ਇੱਕ ਸਕੇ ਸੰਬੰਧੀ ਨੂੰ ਕਹਿਕੇ ਟਹਿਲ ਸਿੰਘ ਨੂੰ ਇੱਕ ਰੇਲਵੇ ਫਾਟਕ ਤੇ ਗੇਟਮੈਨ ਦੀ ਨੌਕਰੀ ਤੇ ਲਗਾ ਦਿੱਤਾ, ਇਸ ਲਈ ਟਹਲ ਸਿੰਘ ਆਪਣੇ ਪ੍ਰੀਵਾਰ ਨਾਲ ਰੇਲਵੇ ਫਾਟਕ ਨੇ ਨਜ਼ਦੀਕ ਹੀ ਘਰ ਬਣਾਕੇ ਰਹਿਣ ਲੱਗਾ। ਇੱਕ ਦਿਨ ਟਹਲ ਸਿੰਘ ਬਾਹਰ ਗਏ ਹੋਏ ਸਨ ਤਾਂ ਇੱਕ ਸ਼ੇਰ ਆ ਗਿਆ ਜਿਸਨੇ ਕਈ ਜਾਨਵਰਾਂ ਨੂੰ ਖਾਣ ਦੀ ਕੋਸ਼ਿਸ਼ ਵਿੱਚ ਜ਼ਖਮੀ ਵੀ ਕਰ ਦਿੱਤਾ। ਜਦੋਂ ਊਧਮ ਸਿੰਘ ਨੇ ਸ਼ੇਰ ਨੂੰ ਦੇਖਿਆ, ਸ਼ੇਰ ਦੌੜਨ ਲੱਗਾ ਤਾਂ ਇਸ ਦੌਰਾਨ ਸ਼ੇਰ ਇੱਕ ਲੱਕੜੀ ਦੇ ਜੰਗਲੇ ਵਿੱਚ ਫਸ ਗਿਆ। ਬਾਲਕ ਊਧਮ ਸਿੰਘ ਨੇ ਕੁਹਾੜੀ ਨਾਲ ਸ਼ੇਰ ਤੇ ਕਈ ਵਾਰ ਕੀਤੇ ਜਿਸ ਨਾਲ ਸ਼ੇਰ ਮਰ ਗਿਆ। ਇਹ ਊਧਮ ਸਿੰਘ ਦੀ ਪਹਿਲੀ ਬਹਾਦਰੀ ਅਤੇ ਨਿਡਰਤਾ ਸੀ। ਜਦੋਂ ਟਹਲ ਸਿੰਘ ਨੇ ਇਹ ਸਭ ਦੇਖਿਆ ਤਾਂ ਡਰ ਗਿਆ, ਇਹ ਸੋਚਕੇ ਕਿ ਕੋਈ ਹੋਰ ਜੰਗਲੀ ਜਾਨਵਰ ਫਿਰ ਆ ਸਕਦਾ ਹੈ, ਟਹਲ ਸਿੰਘ ਨੇ ਗੇਟਮੈਨ ਦੀ ਨੌਕਰੀ ਛੱਡ ਦਿੱਤੀ। ਟਹਲ ਸਿੰਘ ਦੇ ਦੋ ਬੇਟੇ ਹੀ ਸਨ, ਊਧਮ ਸਿੰਘ ਦੇ ਵੱਡੇ ਭਰਾ ਦਾ ਨਾਂਅ ਸਾਧੂ ਸਿੰਘ ਸੀ ਜੋ ਉਸ ਤੋਂ ਉਮਰ ਵਿੱਚ ਪੰਜ ਸਾਲ ਬੜਾ ਸੀ। ਊਧਮ ਸਿੰਘ ਪੰਜ ਸਾਲ ਦੀ ਉਮਰ ਦੇ ਹੀ ਸਨ, ਜਦੋਂ ਉਨ੍ਹਾਂ ਦੀ ਮਾਤਾ ਜੀ ਦੀ ਮੌਤ ਹੋ ਗਈ ਅਤੇ ਇੱਕ ਸਾਲ ਬਾਦ ਹੀ ਟਹਲ ਸਿੰਘ ਵੀ ਚਲ ਵਸੇ। ਕਿਸੇ ਹਮਦਰਦੀ ਨੇ ਦੋਨਾਂ ਬੱਚਿਆਂ ਨੂੰ ਰਾਮਬਾਗ, ਅੰਮ੍ਰਿਤਸਰ ਦੇ ਪੁਤਲੀਘਰ ਸੈਂਟਰਲ ਆਸ਼ਰਮ ਵਿੱਚ ਦਾਖਲ ਕਰਾ ਦਿੱਤਾ। ਅਨਾਥ ਆਸ਼ਰਮ ਵਿੱਚੋਂ ਹੀ ਸਾਧੂ ਸਿੰਘ, ਸਾਧੂਆਂ ਦੇ ਪ੍ਰਭਾਵ ਹੇਠ ਆਕੇ ਇੱਕ ਸਾਧੂਆਂ ਦੇ ਟੋਲੇ ਨਾਲ ਹੀ ਚਲੇ ਗਿਆ ਬਾਅਦ ਵਿੱਚ ਉਸਦਾ ਕੋਈ ਪਤਾ ਨਹੀਂ ਲੱਗਾ ਕਿ ਕਿੱਥੇ ਹੈ! ਊਧਮ ਸਿੰਘ ਵਿਚਾਰਾ ਇਕੱਲਾ ਹੀ ਰਹਿ ਗਿਆ। ਬੈਜਨਾਥ ਹਾਈ ਸਕੂਲ ਤੋਂ 1916 ਵਿੱਚ ਊਧਮ ਸਿੰਘ ਨੇ ਪੰਜਾਬੀ, ਉੜਦੂ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਮੈਟਰਿਕ ਪਾਸ ਕੀਤੀ।
13 ਅਪ੍ਰੈਲ 1919 ਨੂੰ, ਦੁਨੀਆ ਦੀ ਪਹਿਲੀ ਲੜਾਈ ਤੋਂ ਬਾਦ ਸੁਰੱਖਿਅਤ ਬਚਕੇ ਆਏ ਪਛਾੜੇ ਹੋਏ (ਅੱਜ ਦੇ ਸ਼ਡੂਲਡ ਕਾਸਟ) ਲੋਕ ਅੰਮ੍ਰਿਤਸਰ, ਹਰਮੰਦਰ ਸਾਹਿਬ ਵਿੱਚ ਕੜ੍ਹਾਹ ਪ੍ਰਸ਼ਾਦ ਦੀ ਦੇਗ ਦੇਣ ਲਈ ਪਹੁੰਚੇ ਤਾਂ ਸਿੰਘਾਂ ਨੇ ਉਨ੍ਹਾਂ ਨੂੰ ਨੀਚੀ ਜਾਤੀ ਦੇ ਹੋਣ ਕਰਕੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਨੇ ਇਸ ਵਧੀਕੀ ਦੇ ਖਿਲਾਫ, ਨਜ਼ਦੀਕ ਹੀ ਜਲ੍ਹਿਆਂ ਵਾਲੇ ਬਾਗ਼ ਵਿੱਚ ਮੀਟਿੰਗ ਕਰਨ ਦਾ ਫੈਸਲਾ ਕੀਤਾ। ਇਨ੍ਹਾਂ ਪਛਾੜੇ ਹੋਏ ਲੋਕਾਂ ਦੇ ਖ਼ਿਲਾਫ ਉੱਚ ਜਾਤੀ ਲੋਕਾਂ ਨੇ ਅੰਗਰੇਜ਼ਾਂ ਨੂੰ ਖਬਰ ਕਰ ਦਿੱਤੀ ਕਿ ਜਲ੍ਹਿਆਂ ਵਾਲੇ ਬਾਗ਼ ਵਿੱਚ ਅੰਗਰੇਜ਼ ਹਕੂਮਤ ਦੇ ਖਿਲਾਫ ਬਗਾਵਤ ਕਰਨ ਲਈ ਬਹੁਤ ਜ਼ਿਆਦਾ ਗਿਣਤੀ ਵਿੱਚ ਲੋਕ ਸਭਾ ਕਰ ਰਹੇ ਹਨ। ਜਨਰਲ ਡਾਇਰ ਨੇ ਜੋ ਜਲ੍ਹਿਆਂ ਵਾਲੇ ਬਾਗ਼ ਅੰਦਰ ਆਉਣ ਅਤੇ ਜਾਣ ਲਈ ਇੱਕੋ ਹੀ ਇੱਕ ਦਰਵਾਜ਼ਾ ਸੀ ਉਸ ਅੱਗੇ ਸੈਨਾ ਤੈਨਾਤ ਕਰਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਹੁਤ ਸਾਰੇ ਲੋਕਾਂ ਨੇ ਗੋਲੀ ਤੋਂ ਬਚਣ ਲਈ ਇਸ ਬਾਗ਼ ਵਿੱਚ ਜੋ ਖੁਹ ਸੀ ਉਸ ਵਿੱਚ ਛਾਲਾਂ ਮਾਰ ਦਿੱਤੀਆਂ, ਗੋਲੀਆਂ ਦੀ ਮੌਤ ਤੋਂ ਤਾਂ ਬਚ ਗਏ ਪਰ ਉਨ੍ਹਾਂ ਲਈ ਖੂਹ ਵਿੱਚ ਵੀ ਮੌਤ ਹੀ ਸੀ। ਊਧਮ ਸਿੰਘ ਲੋਕਾਂ ਨੂੰ ਪਾਣੀ ਪਲਾਉਣ ਦੀ ਸੇਵਾ ਕਰ ਰਿਹਾ ਸੀ। ਇਸ ਕਤਲੋ-ਗਾਰਤ ਅਤੇ ਖੂਨ ਖਰਾਬੇ ਨੇ ਊਧਮ ਸਿੰਘ ਦੇ ਦਿਲ ਨੂੰ ਹਿਲਾਕੇ ਰੱਖ ਦਿੱਤਾ। ਇਸ 20 ਸਾਲਾ ਅਣਖੀਲੇ ਨੌਜਵਾਨ ਨੇ ਲਾਸ਼ਾਂ ਦੇ ਢੇਰ ਅਤੇ ਆਪਣੇ ਤੜਫਦੇ ਲੋਕਾਂ ਨੂੰ ਦੇਖਕੇ ਕਸਮ ਖਾਧੀ ਕਿ ਉਹ ਜਨਰਲ ਡਾਇਰ ਨੂੰ ਮੌਤ ਦੇ ਘਾਟ ਉਤਾਰਕੇ ਇਸਦਾ ਬਦਲਾ ਲਵੇਗਾ। ਜਲ੍ਹਿਆਂ ਵਾਲੇ ਬਾਗ਼ ਦੀ ਧਰਤੀ ਖੁਨ ਨਾਲ ਲੱਥ ਪੱਥ ਸੀ, ਇਸ ਅਣਖੀ ਨੌਜਵਾਨ ਨੇ ਇਸ ਮਿੱਟੀ ਨੂੰ ਇੱਕ ਸ਼ੀਸ਼ੀ ਪਾ ਲਿਆ। ਕਿੱਥੋਂ ਤੱਕ ਸੱਚ ਹੈ ਪਤਾ ਨਹੀਂ ? ਇੰਟਰਨੈਟ ਤੇ ਕੋਈ ਕਹਿੰਦਾ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਸਾਲੇ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਨੇ ਨੇ ਜਨਰਲ ਡਾਇਰ ਨੂੰ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਲਈ ਸਨਮਾਨਤ ਕੀਤਾ ਸੀ, ਕਈ ਕਹਿੰਦੇ ਹਨ ਕਿ ਸਿਮਰਨਜੀਤ ਸਿੰਘ ਮਾਨ ਦੇ ਨਾਨੇ ਨੇ ਸਨਮਾਨਤ ਕੀਤਾ ਸੀ!
ਜਨਰਲ ਡਾਇਰ ਨੂੰ ਮਾਰਨਾ ਇਤਨਾ ਆਸਾਨ ਨਹੀਂ ਸੀ, ਇਹ ਕੰਮ ਕਰਨ ਲਈ ਰਸਤੇ ਵਿੱਚ ਸੈਂਕੜੇ ਮੁਸੀਬਤਾਂ ਸਨ। ਇਸ ਸਾਕੇ ਤੋਂ ਬਾਅਦ ਊਧਮ ਸਿੰਘ ਭਾਰਤ ਛੱਡਕੇ ਅਮਰੀਕਾ ਚਲੇ ਗਿਆ, ਜਿੱਥੇ ਉਸਨੇ ਗਦਰੀ ਲਹਿਰੀਆਂ ਨਾਲ ਸੰਪਰਕ ਬਣਾਇਆ ਜੋ ਭਾਰਤ ਵਿੱਚ ਹਥਿਆਰਬੰਦ ਇਨਕਲਾਬ ਕਰਨਾ ਚਾਹੁੰਦੇ ਸਨ ਪਰ ਭਗਤ ਸਿੰਘ ਨੇ ਊਧਮ ਸਿੰਘ ਨੂੰ ਵਾਪਸ ਭਾਰਤ ਬੁਲਾ ਲਿਆ, ਵਾਪਸ ਆਉਂਦੇ ਸਮੇਂ ਉਹ ਆਪਣੇ ਨਾਲ ਹਥਿਆਰ ਲੈ ਆਇਆ। ਲਾਇਸੈਂਸ ਤੋਂ ਬਗੈਰ ਹਥਿਆਰ ਰੱਖਣ ਦੇ ਜ਼ੁਲਮ ਵਿੱਚ ਉਸਨੂੰ ਚਾਰ ਸਾਲ ਦੀ ਜੇਲ੍ਹ ਹੋ ਗਈ। ਊਧਮ ਸਿੰਘ ਨੂੰ ਗਾਉਣ ਦਾ ਬਹੁਤ ਸ਼ੌਕ ਸੀ ਜੇਲ੍ਹ ਵਿੱਚ ਉਹ ‘ਸਰਫਰੋਸ਼ੀ ਕੀ ਤਮੱਨਾ ਅੱਬ ਹਮਾਰੇ ਹਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਵਾਯੂਏ ਕਾਤਲ ਮੇਂ ਹੈ’ ਉੱਚੀ ਆਵਾਜ਼ ਵਿੱਚ ਗਾਇਆ ਕਰਦਾ ਸੀ। ਭਗਤ ਸਿੰਘ ਨੂੰ ਊਧਮ ਸਿੰਘ ਆਪਣਾ ਗੁਰੂ ਮੰਨਦਾ ਸੀ ਹਰ ਸਮੇਂ ਉਸਦੀ ਫੋਟੋ ਆਪਣੀ ਜੇਬ ਵਿੱਚ ਰੱਖਦਾ ਸੀ। ਜੇਲ੍ਹ ਤੋਂ ਛੁੱਟਕੇ ਊਧਮ ਸਿੰਘ ਕਸ਼ਮੀਰ ਚਲੇ ਗਿਆ, ਜਿੱਥੇ ਉਹ ਮੋਟਰ ਮਕੈਨਕ ਅਤੇ ਤਰਖਾਣਾ ਕੰਮ ਕਰਨ ਲੱਗਾ। ਊਧਮ ਸਿੰਘ ਦਾ ਦਿਮਾਗ ਬਹੁਤ ਟੈਕਨੀਕਲ ਸੀ, ਉਹ ਭੇਸ ਬਦਲਣ ਵਿੱਚ ਬਹੁਤ ਮਾਹਿਰ ਸੀ।
1934 ਵਿੱਚ ਉਹ ਇੰਗਲੈਂਡ ਚਲੇ ਗਿਆ, ਇੰਗਲੈਂਡ ਵਿੱਚ ਉਸਨੇ ਪੰਜਾਬੀ ਇਨਕਲਾਬੀਆਂ ਨਾਲ ਸੰਪਰਕ ਬਣਾਇਆ। ਇਸ ਦੌਰਾਨ ਉਸਨੇ ਸਰ ਮਾਇਕਲ ਐਡਵਰਡ ਦੇ ਘਰ ਨੌਕਰੀ ਵੀ ਕੀਤੀ, ਜਦੋਂ ਅਦਾਲਤ ਵਿੱਚ ਜੱਜ ਨੇ ਊਧਮ ਸਿੰਘ ਨੰੁ ਪੁੱਛਿਆ ਕਿ ਨੌਕਰ ਹੁੰਦੇ ਹੋਏ ਤੰੂ ਮਾਇਕਲ ਐਡਵਰਡ ਨੂੰ ਕਿਉਂ ਨਹੀਂ ਮਾਰਿਆ ? ਤਾਂ ਊਧਮ ਸਿੰਘ ਨੇ ਜਬਾਬ ਦਿੱਤਾ ਕਿ ਅਗਰ ਮੈਂ ਨੌਕਰ ਹੁੰਦਿਆਂ ਮਾਇਕਲ ਨੂੰ ਮਾਰ ਦਿੰਦਾ ਤਾਂ ਲੋਕ ਕਹਿੰਦੇ ਕਿ ਇੱਕ ਨੌਕਰ ਨੇ ਮਾਲਕ ਨੂੰ ਮਾਰ ਦਿੱਤਾ ਹੈ। ਮੈਂ ਤਾਂ ਇਨਕਲਾਬੀ ਦੇ ਤੌਰ ਤੇ ਇੱਕ ਹੱਤਿਆਰੇ ਨੂੰ ਲੋਕਾਂ ਦੇ ਸਾਹਮਣੇ ਮਾਰਕੇ ਇਹ ਦੱਸਣਾ ਚਾਹੰੁਦਾ ਸੀ ਕਿ ਇੱਕ ਜ਼ਾਲਮ ਜਨਰਲ ਨੂੰ ਮਾਰਕੇ ਆਪਣੇ ਦੇਸ਼ ਵਿੱਚ, ਕੀਤੇ ਖੂਨ ਖਰਾਬੇ ਦਾ ਬਦਲਾ ਲਿਆ ਹੈ।
23 ਜੁਲਾਈ 1927 ਨੂੰ ਜਨਰਲ ਡਾਇਰ ਦੀ ਮੌਤ ਹੋ ਚੁੱਕੀ ਸੀ, ਇਸ ਲਈ ਸਰ ਮਾਇਕਲ ਐਡਵਰਡ ਤੋਂ ਹੀ ਬਦਲਾ ਲੈਣਾ ਸੀ। ਲੰਡਨ ਰਹਿੰਦਿਆਂ ਊਧਮ ਸਿੰਘ ਨੇ ਜੀਵਕਾ ਲਈ ਕਈ ਕੰਮ ਕੀਤੇ ਪਰ ਆਪਣਾ ਅਸਲੀ ਮਕਸਦ, ਕਦੀ ਵੀ ਕਿਸੇ ਨੂੰ ਨਹੀਂ ਦੱਸਿਆ। ਇੰਡੀਆ ਆਰਕੇਜ਼ ਵਿੱਚ 13 ਮਾਰਚ 1940 ਨੂੰ ਊਧਮ ਸਿੰਘ ਨੇ ਇੱਕ ਨੋਟਿਸ ਦੇਖਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਈਸਟ ਇੰਡੀਆ ਅਸੋਸੀਏਸ਼ਨ ਅਤੇ ਰੌਇਲ ਸੈਂਟਰਲ ਸੁਸਾਇਟੀ ਦੋਨਾਂ ਨੇ ਮਿਲਕੇ ਕੈਕਸਟਨ ਹਾਲ ਵਿੱਚ ਇੱਕ ਮੀਟਿੰਗ ਰੱਖੀ ਹੈ, ਜਿਸ ਵਿੱਚ ਸਰਪਰਸਤੀ ਸਾਈਕਸ ਅਫਗਾਨਿਸਤਾਨ ਦੇ ਵਿਸ਼ੇ ਬੋਲਣ ਲਈ ਖਾਸ ਮਹਿਮਾਨ ਸਨ ਪਰ ਲੌਰਡ ਜੈਟਲੈਂਡ ਅਤੇ ਮਾਇਕਲ ਐਡਵਰਡ ਵੀ ਆ ਰਹੇ ਸਨ। ਊਧਮ ਸਿੰਘ ਨੇ ਇਸ ਮੀਟਿੰਗ ਵਿੱਚ ਜਾਣ ਦਾ ਇਰਾਦਾ ਬਣਾ ਲਿਆ। ਸ਼ਾਮ ਦੇ ਤਿੰਨ ਵਜੇ ਮੀਟਿੰਗ ਡਊਡਰ ਰੂਮ ਵਿੱਚ ਲੌਰਡ ਜੈਟਲੈਂਡ ਦੀ ਪ੍ਰਧਾਨਗੀ ਵਿੱਚ ਸ਼ੁਰੂ ਹੋਈ। ਸਰਪਰਸਤੀ ਸਾਈਕਸ ਦੇ ਭਾਸ਼ਣ ਤੋਂ ਬਾਦ ਸਰ ਮਾਇਕਲ ਐਡਵਰਡ ਨੇ ਮੀਟਿੰਗ ਨੂੰ ਸੰਬੋਧਨ ਕੀਤਾ। ਊਧਮ ਸਿੰਘ ਹਾਲ ਦੇ ਸੈਂਟਰ ਵਿੱਚ ਖਾਲੀ ਛੱਡੀ ਹੋਈ ਜਗ੍ਹਾ ਦੇ ਦਾਏਂ ਖੜਾ ਸੀ। ਜਦੋਂ ਮੀਟਿੰਗ ਖਤਮ ਹੋਈ ਤਾਂ ਉਹ ਬਹੁਤ ਜਲਦੀ ਜਲਦੀ ਅੱਗੇ ਵਧਿਆ, ਗੋਲੀ ਚਲਣ ਦੀ ਆਵਾਜ਼ ਆਈ, ਸਰ ਐਡਵਰਡ ਧਰਤੀ ਤੇ ਡਿਗਦਾ ਨਜ਼ਰ ਆਇਆ। ਊਧਮ ਸਿੰਘ ਉਸਦੇ ਨਜ਼ਦੀਕ ਹੀ ਖੜਾ ਸੀ, ਉਸਨੇ ਦੌੜਨ ਦੀ ਕੋਸ਼ਿਸ਼ ਬਿਲਕੁਲ ਨਹੀਂ ਕੀਤੀ, ਉਸਦੇ ਪਿਸਤੌਲ ਦੀਆਂ ਛੇ ਗੋਲੀਆਂ ਖਤਮ ਹੋ ਚੁੱਕੀਆਂ ਸਨ। ਸਾਰਾ ਹਾਲ ‘ਇਨਕਲਾਬ ਜਿੰਦਾਬਾਦ, ਸਾਮਰਾਜਬਾਦ ਮੁਰਦਾਬਾਦ’ ਦੇ ਨਾਹਰਿਆਂ ਨਾਲ ਗੂੰਜ ਉੱਠਿਆ। ਊਧਮ ਸਿੰਘ ਨੇ ਆਪਣੇ ਪਿਸਤੌਲ ਦੀਆਂ ਛੇ ਦੀਆਂ ਛੇ ਗੋਲੀਆਂ ਸਰ ਮਾਇਕਲ ਐਡਵਰਡ ਦੀ ਛਾਤੀ ਵਿੱਚ ਬਹੁਤ ਨਜ਼ਦੀਕ ਤੋਂ ਦਾਗ ਦਿੱਤੀਆਂ। ਕੈਕਸਟਨ ਹਾਲ ਵਿੱਚ ਹਿਫਾਜ਼ਤ ਅਫਸਰ, ਰੌਬਟ ਵਿਲੀਅਮ ਸਟੀਵਨਜ਼ ਨੇ ਊਧਮ ਸਿੰਘ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਸਾਰਜੈਂਟ ਮੈਕ-ਵਿਲੀਅਮ ਦੇ ਹਵਾਲੇ ਕਰ ਦਿੱਤਾ। ਊਧਮ ਸਿੰਘ ਦੀ ਤਲਾਸ਼ੀ ਲੈਣ ਤੇ ਉਸਦੀ ਪਤਲੂਨ ਦੀ ਸੱਜੀ ਜੇਬ ਵਿੱਚੋਂ 17 ਰੌਂਦ ਅਤੇ ਖੱਭੀ ਜੇਬ ਵਿੱਚੋਂ 8 ਗੋਲੀਆਂ ਮਿਲੀਆਂ ਅਤੇ ਓਵਰਕੋਟ ਦੀ ਜੇਬ ਵਿੱਚੋਂ ਮੋਚੀਆਂ ਦੁਆਰਾ ਚਮੜੇ ਨੂੰ ਕੱਟਣ ਵਾਲੀ ਰੰਬੀ ਮਿਲੀ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਵਲੋਂ ਪੂਰੀ ਤਰ੍ਹਾਂ ਤਿਆਰ ਹੋ ਕੇ ਆਇਆ ਸੀ। ਛੇ ਅਪ੍ਰੈਲ 1940 ਨੂੰ ਊਧਮ ਸਿੰਘ ਨੇ ਖਾਲਸਾ ਜਥਾ ਦੇ ਸਕੱਤਰ ਨੂੰ ਖੱਤ ਲਿਖਿਆ ਕਿ ਉਹ ਜਰੂਰੀ ਕਿਤਾਬਾਂ ਦੀ ਉਡੀਕ ਵਿੱਚ ਬੈਠਾ ਹੈ ਅਤੇ ਕਿਤਾਬਾਂ ਵਿੱਚ ਕੋਈ ਵੀ ਧਾਰਮਕ ਕਿਤਾਬ ਨਾ ਹੋਵੇ। ਉਸਨੇ ਹੀਰ ਵਾਰਸ ਸ਼ਾਹ ਦੀ ਮੰਗ ਕੀਤੀ ਕਿਉਂਕਿ ਉਹ ਇੱਕ ਇਸ ਹੀ ਕਿਤਾਬ ਦੀ ਕਸਮ ਚੱੁਕਣਾ ਚਾਹੁੰਦਾ ਸੀ, ਕਿਉਂਕਿ ਉਹ ਵੀ ਆਪਣੇ ਪਿਆਰ ਲਈ ਖਤਮ ਹੋ ਰਿਹਾ ਸੀ। (ਊਧਮ ਸਿੰਘ ਦੀਆਂ ਚਿੱਠੀਆਂ, ਸਫਾ 29) ਫਰਕ ਸਿਰਫ ਇਹ ਹੀ ਸੀ ਕਿ ਪਿਆਰ ਕਿਸੀ ਵਿਅਕਤੀ ਨਾਲ ਨਹੀਂ ਬਲਕਿ ਕਰੋੜਾਂ ਲੋਕਾਂ ਅਤੇ ਦੇਸ਼ ਲਈ ਸੀ।
4 ਜੂਨ 1940 ਨੂੰ ਊਧਮ ਸਿੰਘ ਦਾ ਮੁਕੱਦਮਾ ਸੈਂਟਰਲ ਕਰਿਮੀਨਲ ਕੋਰਟ ਓਲਡ ਬੇਲੀ ਵਿੱਚ ਜਸਟਸ ਐਟਕਿੰਸਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਊਧਮ ਸਿੰਘ ਨੇ ਆਪਣੀ ਸਫਾਈ ਵਿੱਚ ਇਹ ਹੀ ਕਿਹਾ ‘ਮੈਂ ਕਸੂਰਵਾਰ ਨਹੀਂ, ਮੈਂ ਆਪਣਾ ਬਚਾ ਰਿਜ਼ਰਵ ਰੱਖਦਾ ਹਾਂ, ਮੈਂ ਰੋਸ ਪ੍ਰਗਟ ਕਰਨ ਲਈ ਗੋਲੀ ਚਲਾਈ। ਮੈਂ ਅੰਗਰੇਜ਼ਾਂ ਦੇ ਸਾਮਰਾਜ ਵਿੱਚ ਭਾਰਤੀ ਲੋਕਾਂ ਨੂੰ ਭੁੱਖੇ ਮਰਦੇ ਦੇਖਿਆ, ਮੈਂ ਇਹ ਕੰਮ ਕੀਤਾ, ਪਿਸਤੌਲ 3-4 ਵਾਰ ਚਲਾਇਆ। ਮੈਨੂੰ ਆਪਣਾ ਰੋਸ ਪ੍ਰਗਟ ਕਰਨ ਤੇ ਕੋਈ ਅਫਸੋਸ ਨਹੀਂ, ਇਹ ਮੇਰਾ ਫਰਜ਼ ਸੀ ਅਤੇ ਰੋਸ ਵੀ। ਮੈਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਕਿ ਮੈਨੂੰ ਸਜ਼ਾ ਹੋਵੇਗੀ, ਦਸ-ਵੀਹ ਸਾਲ ਜਾਂ ਫਾਂਸੀ। ਮੈਂ ਆਪਣਾ ਕੰਮ ਪੂਰਾ ਕਰ ਦਿੱਤਾ ਹੈ ਅਤੇ ਮੈਂ ਆਪਣੇ ਦੇਸ਼ ਦੇ ਸੈਂਕੜੇ ਬੇਗੁਨਾਹਾਂ ਉੱਤੇ ਗੋਲੀਆਂ ਚਲਾਉਣ ਵਾਲੇ ਕਾਤਲ ਨੂੰ ਜਾਨ ਤੋਂ ਮਾਰਕੇ ਕੋਈ ਗਲਤੀ ਨਹੀਂ ਕੀਤੀ। ਪੰਜ ਜੂਨ 1940 ਨੂੰ ਊਧਮ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਉਸਨੂੰ ਸਜ਼ਾਏ-ਮੌਤ ਦੀ ਸਜ਼ਾ ਸੁਣਾਉਣ ਤੋਂ ਬਾਦ ਉਸਨੂੰ ਪੈਟਨਵੀਲ ਭੇਜ ਦਿੱਤਾ, ਜਿੱਥੇ ਉਸਨੂੰ 31 ਜੁਲਾਈ 1940 ਨੂੰ ਫਾਂਸੀ ਦੇ ਦਿੱਤੀ ਗਈ।
ਊਧਮ ਸਿੰਘ ਅਨਾਥ ਸੀ, ਪਛਾੜੀਆਂ ਹੋਈਆਂ ਜਾਤਾਂ ਵਿੱਚੋਂ ਸੀ। ਧਰਮ ਦੇ ਠੇਕੇਦਾਰਾਂ ਅਨੁਸਾਰ ਉਹ ਨਾਸਤਕ ਸੀ ਲੇਕਿਨ ਅੰਗਰੇਜ਼ਾਂ ਦੇ ਦੇਸ਼ ਦੀ ਰਜਧਾਨੀ ਲੰਡਨ ਵਿੱਚ ਸਰ ਮਾਇਕਲ ਐਡਵਰਡ ਨੂੰ ਗੋਲੀ ਨਾਲ ਮੌਤ ਦੇ ਘਾਟ ਉਤਾਰਕੇ ਜਲ੍ਹਿਆਂ ਵਾਲੇ ਬਾਗ ਵਿੱਚ ਸੈਂਕੜੇ ਲੋਕਾਂ ਦੇ ਕਤਲੇ-ਆਮ ਦੇ ਬਦਲੇ ਦੀ ਜੋ ਕਸਮ ਖਾਧੀ ਸੀ ਉਸਨੂੰ ਪੂਰਾ ਕਰ ਦਿੱਤਾ। ਇੰਗਲੈਂਡ ਦੀਆਂ ਅਖਬਾਰਾਂ ਅਤੇ ਹੋਰ ਮੀਡੀਆ ਨੇ ਊਧਮ ਸਿੰਘ ਦੀ ਇਸ ਮਹਾਨ ਸ਼ਹੀਦੀ ਨੂੰ ਨਜ਼ਰਅੰਦਾਜ਼ ਕੀਤਾ। ਭਾਰਤ ਵਿੱਚ ਕਰਮ ਚੰਦ ਗਾਂਧੀ ਨੇ ਊਧਮ ਸਿੰਘ ਦੀ ਇਸ ਕੁਰਬਾਨੀ ਨੂੰ ਉੱਚਿਤ ਨਹੀਂ ਕਿਹਾ, ਜਦੋਂ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਊਧਮ ਸਿੰਘ ਦੀ ਸ਼ਹੀਦੀ ਦੀ ਪ੍ਰਸੰਸਾ ਕੀਤੀ, ਇੱਕ ਪਾਸੇ ਸ਼ਹੀਦ ਊਧਮ ਸਿੰਘ ਦਾ ਬਲੀਦਾਨ, ਦੂਜੇ ਪਾਸੇ ਉਹ ਸਿੱਖ ਲੀਡਰ ਜਿਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ ਦੇ ਹਤਿਆਰੇ ਜਨਰਲ ਡਾਇਰ ਨੂੰ ਸਨਮਾਨਤ ਕੀਤਾ। ਅੱਜ ਵੀ ਇਹੋ ਜਿਹੇ ਲੋਕ ਹਰ ਸਭਾ ਵਿੱਚ ਪ੍ਰਧਾਨ ਹਨ ਅਤੇ ਰਾਜ ਸੱਤਾ ਤੇ ਕਾਬਜ ਹਨ।
– ਹਰਬੰਸ ਵਿਰਦੀ, ਵੈਸਟ ਲੰਡਨ