1971 ਜੰਗ ਦੀ ਜੇਤੂ ਮਸ਼ਾਲ ਤਾਮਿਲਨਾਡੂ ਪੁੱਜੀ

ਚੇਨੱਈ,  (ਸਮਾਜ ਵੀਕਲੀ): ਭਾਰਤ ਦੀ 1971 ਵਿਚ ਪਾਕਿਸਤਾਨ ਉਤੇ ਜਿੱਤ ਦੀ ਪ੍ਰਤੀਕ ਜੇਤੂ ਮਸ਼ਾਲ ਭਾਰਤੀ ਜਲ ਸੈਨਾ ਦੇ ਸਟੇਸ਼ਨ (ਆਈਐਨਐੱਸ) ਕੱਟਾਬੋਮਨ ਪਹੁੰਚ ਗਈ ਹੈ। ਇਸ ਮੌਕੇ ਗਾਰਡ ਆਫ ਆਨਰ ਦਿੱਤਾ ਗਿਆ ਤੇ ਸਟੇਸ਼ਨ ਕਮਾਂਡਰ ਕੈਪਟਨ ਆਸ਼ੀਸ਼ ਕੇ ਸ਼ਰਮਾ ਨੂੰ ਮਸ਼ਾਲ ਸੌਂਪੀ ਗਈ। ਇਸ ਮੌਕੇ ਰੱਖਿਆ ਕਰਮੀ, ਪ੍ਰਸ਼ਾਸਕੀ ਤੇ ਸੇਵਾਮੁਕਤ ਫ਼ੌਜੀ ਅਧਿਕਾਰੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਭਾਰਤ ਦੀ ਪਾਕਿ ਉਤੇ ਇਸ ਜਿੱਤ ਨੂੰ 50 ਵਰ੍ਹੇ ਹੋ ਗਏ ਹਨ ਤੇ ਪਿਛਲੇ ਸਾਲ ਦਸੰਬਰ ਵਿਚ ਹਥਿਆਰਬੰਦ ਬਲਾਂ ਨੇ ‘ਗੋਲਡਨ ਜੁਬਲੀ’ ਸਮਾਰੋਹ ਆਰੰਭੇ ਸਨ। 1971 ਦੀ ਜੰਗ ਵਿਚ ਕੁਰਬਾਨੀਆਂ ਦੇਣ ਵਾਲਿਆਂ ਨੂੰ ਇਸ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ। ਜੇਤੂ ਮਸ਼ਾਲ ਨੂੰ ਕੰਨਿਆਕੁਮਾਰੀ ਲਿਜਾਇਆ ਜਾਵੇਗਾ ਤੇ ਇਸ ਨੂੰ 1971 ਦੀ ਜੰਗ ਦੇ ਨਾਇਕਾਂ ਦੇ ਘਰਾਂ ’ਚ ਲਿਜਾਣ ਦੀ ਯੋਜਨਾ ਵੀ ਹੈ। ਆਈਐਨਐੱਸ ਕੱਟਾਬੋਮਨ ਤੋਂ ਬਾਅਦ ਜੇਤੂ ਮਸ਼ਾਲ ਨੂੰ ਤੱਟ ਰੱਖਿਅਕਾਂ ਨੂੰ ਸੌਂਪਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਦਸੰਬਰ 2020 ਵਿਚ ਚਾਰ ਜੇਤੂ ਮਸ਼ਾਲਾਂ ਨੂੰ ਕੌਮੀ ਜੰਗੀ ਯਾਦਗਾਰ ਤੋਂ ਵੱਖ-ਵੱਖ ਦਿਸ਼ਾਵਾਂ ਲਈ ਰਵਾਨਾ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਹਥਿਆਰਬੰਦ ਸੈਨਾਵਾਂ ਦੇ ਵੱਖ-ਵੱਖ ਵਿੰਗ 1971 ਦੀ ਜੰਗ ਵਿਚ ਭਾਰਤ ਦੀ ਜਿੱਤ ਦੇ 50ਵੇਂ ਵਰ੍ਹੇ ਨੂੰ ਮਨਾ ਰਹੇ ਹਨ। ਇਸ ਦੌਰਾਨ ਕਈ ਤਰ੍ਹਾਂ ਦੇ ਸਮਾਗਮ ਕੀਤੇ ਜਾ ਰਹੇ ਹਨ ਤੇ ਚਾਰ ਵੱਖ-ਵੱਖ ਦਿਸ਼ਾਵਾਂ ਵਿਚ ਭੇਜੀਆਂ ਗਈਆਂ ਮਸ਼ਾਲਾਂ ਨੂੰ ਪੂਰੇ ਭਾਰਤ ਵਿਚ ਜਿੱਤ ਦੇ ਨਾਇਕਾਂ ਦੇ ਘਰਾਂ ਵਿਚ ਵੀ ਲਿਜਾਇਆ ਜਾ ਰਿਹਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਤੁਸੀਂ ਆਪਣੇ ਵਿੱਚੋਂ ਚੰਗੇ, ਸਾਫ਼-ਸੁਥਰੇ ਉਮੀਦਵਾਰ ਚੁਣੋ’
Next articleਯੂਪੀ ਦਾ ਆਬਾਦੀ ਮਾਡਲ ਪੂਰੇ ਮੁਲਕ ’ਚ ਲਾਗੂ ਹੋਵੇ: ਫੜਨਵੀਸ