ਸ਼ਾਮਚੁਰਾਸੀ (ਚੁੰਬਰ) –ਸ਼ਾਮਚੁਰਾਸੀ ਸ਼ਹਿਰ ਦੇ ਬਾਹਰ ਬਾਹਰ ਇਕ ਘਰ ਚੋਂ ਬੀਤੀ ਰਾਤ ਅਣਪਛਾਤਿਆਂ ਵੱਲੋਂ ਘਾਤ ਲਗਾ ਕੇ ਕੀਤੀ ਗਈ ਲੁੱਟ ਵਿੱਚ ਗਹਿਣਿਆਂ ਸਮੇਤ ਕੈਸ਼ ਅਤੇ ਵਿਦੇਸ਼ੀ ਕਰੰਸੀ ਲੁੱਟ ਕੇ ਲਿਜਾਣ ਦਾ ਸਮਾਚਾਰ ਹੈ । ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਇਸ ਲੁੱਟ ਦਾ ਸ਼ਿਕਾਰ ਹੋਏ ਪੀੜਤ ਹਰਜਿੰਦਰ ਸਿੰਘ, ਹਰਭਜਨ ਸਿੰਘ ਪੁੱਤਰ ਕਰਨੈਲ ਸਿੰਘ, ਕੁਲਵਿੰਦਰ ਕੌਰ ਅਤੇ ਸਾਬਕਾ ਐੱਮ ਸੀ ਕੁਲਦੀਪ ਕੌਰ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਲੁਟੇਰਿਆਂ ਵਲੋਂ ਉਨ੍ਹਾਂ ਦੇ ਘਰ ਦੇ ਪਿਛਲੇ ਪਾਸਿਓਂ ਦੋ ਕਮਰਿਆਂ ਦੀਆਂ ਤਾਕੀਆਂ ਵਿੱਚੋਂ ਗਰਿੱਲਾਂ ਪੁੱਟ ਕੇ ਲੁਟੇਰੇ ਅੰਦਰ ਵੜੇ । ਜਿਨ੍ਹਾਂ ਨੇ ਉਨ੍ਹਾਂ ਦੇ ਘਰ ਦੀਆਂ ਸਾਰੀਆਂ ਅਲਮਾਰੀਆਂ ਅਤੇ ਲਾਕਰ ਤੋੜ ਕੇ ਅੰਦਰ ਪਏ ਸਾਰੇ ਸਾਮਾਨ ਦੀ ਬੁਰੀ ਤਰ੍ਹਾਂ ਫ਼ਰੋਲਾ ਫ਼ਰਾਲੀ ਕੀਤੀ ਅਤੇ ਉਨ੍ਹਾਂ ਦੇ ਕਰੀਬ 22 ਤੋਂ 24 ਤੋਲੇ ਦੇ ਵਿਚਕਾਰ ਸੋਨੇ ਦੇ ਬਣੇ ਸਾਰੇ ਗਹਿਣੇ ਜਿਸ ਵਿੱਚ 12 ਤੋਲੇ ਦਾ ਇਕ ਰਾਣੀ ਹਾਰ , ਕੜਾ, ਚੇਨੀ, ਲੇਡੀਜ਼ ਚੇਨੀ, ਤਿੰਨ ਮੁੰਦਰੀਆਂ ,ਤਿੰਨ ਸੈੱਟ ਬੱਚਿਆਂ ਦੀਆਂ ਵਾਲੀਆਂ, ਦੋ ਸੋਨੇ ਦੇ ਗਜਰੇ ਅਤੇ ਦੋ ਲੇਡੀਜ਼ ਮੁੰਦੀਆਂ , 3 ਲੇਡੀਜ਼ ਮੁੰਦੀਆਂ ਤੋਂ ਇਲਾਵਾ ਚਾਰ ਘੜੀਆਂ ਅਤੇ ਪੰਜੇਬਾਂ ਆਦਿ ਚੋਰੀ ਕਰ ਲਈਆਂ। ਇੱਥੇ ਹੀ ਬਸ ਨਹੀਂ ਉਕਤ ਚੋਰਾਂ ਨੇ ਉਨ੍ਹਾਂ ਦੇ ਲਾਕਰ ਵਿਚ ਪਏ ਹੋਏ 4 ਲੱਖ ਪੱਚੀ ਹਜ਼ਾਰ ਦੇ ਕਰੀਬ ਦੀ ਨਕਦੀ ਤੋਂ ਇਲਾਵਾ ਪੰਜ ਸੌ ਯੂਰੋ ਅਤੇ ਪੰਜ ਸੌ ਪੰਜਾਹ ਕੈਨੇਡੀਅਨ ਡਾਲਰ ਵੀ ਚੋਰੀ ਕਰ ਲਏ । ਉਕਤ ਪਰਿਵਾਰ ਬਾਹਰ ਵਿਹੜੇ ਚ ਸੁੱਤਾ ਹੋਇਆ ਸੀ ਜਿਸ ਕਰ ਕੇ ਚੋਰਾਂ ਨੇ ਇਸ ਘਟਨਾ ਨੂੰ ਘਾਤ ਲਗਾ ਕੇ ਅੰਜਾਮ ਦਿੱਤਾ । ਇਸ ਲੁੱਟ ਬਾਰੇ ਪੀਡ਼ਤ ਪਰਿਵਾਰ ਨੂੰ ਸਵੇਰੇ 4 ਵਜੇ ਪਤਾ ਲੱਗਾ ਜਦ ਉਨ੍ਹਾਂ ਨੇ ਅੰਦਰ ਸਾਰਾ ਸਾਮਾਨ ਖਿੱਲਰਿਆ ਦੇਖਿਆ ਤਾਂ ਉਨ੍ਹਾਂ ਨੂੰ ਇਹ ਲੁੱਟ ਹੋਣ ਦਾ ਖਦਸ਼ਾ ਜ਼ਾਹਰ ਹੋਇਆ ।
ਇਸ ਲੁੱਟ ਦੀ ਸੂਚਨਾ ਤੁਰੰਤ ਸ਼ਾਮ ਚੁਰਾਸੀ ਪੁਲਸ ਚੌਕੀ ਨੂੰ ਦਿੱਤੀ ਗਈ । ਜਿਨ੍ਹਾਂ ਤੋਂ ਬਾਅਦ ਪੁਲਿਸ ਕਰਮੀਆਂ ਦੀ ਟੀਮ ਡੀ ਐੱਸ ਪੀ ਹੁਸ਼ਿਆਰਪੁਰ ਦੀ ਅਗਵਾਈ ਵਿਚ ਥਾਣਾ ਬੁੱਲ੍ਹੋਵਾਲ ਦੇ ਐਸ ਐਚ ਓ ਸਮੇਤ ਉਕਤ ਸਥਾਨ ਤੇ ਪੁੱਜੀ ਅਤੇ ਸਾਰੀ ਮੁੱਢਲੀ ਤਫਤੀਸ਼ ਕੀਤੀ। ਇਸ ਮੌਕੇ ਫਿੰਗਰ ਪ੍ਰਿੰਟ ਮਾਹਿਰ ਟੀਮ ਤੋਂ ਇਲਾਵਾ ਡੌਗ ਸਕੁਐਡ ਦੀ ਟੀਮ ਵੀ ਪੁੱਜੀ । ਜਿਨ੍ਹਾਂ ਨੇ ਇਸ ਲੁੱਟ ਸਬੰਧੀ ਸਾਰੀ ਜਾਂਚ ਪਡ਼ਤਾਲ ਕਰਦਿਆਂ ਆਪਣੀ ਕਾਰਵਾਈ ਕੀਤੀ ਅਤੇ ਉਕਤ ਪੀਡ਼ਤ ਪਰਿਵਾਰ ਨੂੰ ਜਲਦ ਹੀ ਚੋਰ ਲੁਟੇਰਿਆਂ ਨੂੰ ਫੜ ਲੈਣ ਦਾ ਵਿਸ਼ਵਾਸ ਦਿਵਾਇਆ । ਜ਼ਿਕਰਯੋਗ ਹੈ ਕਿ ਥੋੜ੍ਹੇ ਦਿਨ ਪਹਿਲਾਂ ਪਿੰਡ ਕਡਿਆਣਾ ਵਿਖੇ ਵੀ ਇਕ ਅਜਿਹੀ ਹੀ ਲੁੱਟ ਹੋਈ । ਜਿਸ ਵਿਚ ਉਕਤ ਲੁਟੇਰਿਆਂ ਵੱਲੋਂ ਵੱਡਾ ਨੁਕਸਾਨ ਕੀਤਾ ਗਿਆ । ਇਸੇ ਤਰ੍ਹਾਂ ਬੀਤੀ ਰਾਤ ਨੂਰਪੁਰ ਸਕੂਲ ਵਿੱਚ ਵੀ ਚੋਰੀ ਹੋਣ ਦਾ ਸਮਾਚਾਰ ਹੈ ਇਨ੍ਹਾਂ ਲੁੱਟਾਂ ਖੋਹਾਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਬੁਰੀ ਤਰ੍ਹਾਂ ਇਨ੍ਹਾਂ ਚੋਰ ਲੁਟੇਰਿਆਂ ਤੋਂ ਸਹਿਮ ਚੁੱਕੇ ਹਨ । ਜਿਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਆਪਣੀ ਜਾਨ ਮਾਲ ਦੀ ਰੱਖਿਆ ਕਰਨ ਸਬੰਧੀ ਗੁਹਾਰ ਲਗਾਈ ਹੈ ।