(ਸਮਾਜ ਵੀਕਲੀ)
ਸਹੁਰਿਆਂ ਦੇ ਦਿੱਤੇ ਹੋਏ
ਬੈੱਡਾਂ ਉੱਤੇ ਸੋਨੇ ਆਂ।
ਉਹਨਾਂ ਦੇ ਹੀ ਡਾਈਨਿੰਗ ‘ਤੇ
ਖਾਂਦੇ, ਵਰਤਾਉਨੇ ਆਂ।
ਉਹਨਾਂ ਨੇ ਹੀ ਦਿੱਤੀ ਹੈ
ਮਸ਼ੀਨ ਜਿਹੜੀ ਆਟੋ-ਫੁੱਲੀ,
ਲੀੜੇ-ਲੱਤੇ ਉਹਦੇ ਵਿੱਚ
ਧੋਂਦੇ ਤੇ ਸੁਕਾਉਨੇ ਆਂ।
ਉਹਨਾਂ ਦੀ ਹੀ ਸ਼ਾਨਦਾਰ
ਦਿੱਤੀ ਹੋਈ ਕਾਰ ਵਾਲ਼ਾ,
ਮਾਰ ਮਾਰ ਹੋਰਨ ਸ਼ਰੀਕਾਂ ਨੂੰ
ਮਚਾਉਨੇ ਆਂ।
ਡਰਾਇੰਗ ਰੂਮ ਵਿੱਚ
ਸੋਫਾ-ਸੈੱਟ ਵੀ ਹੈ ਉਹਨਾਂ ਦਾ ਹੀ,
ਜੀਹਦੇ ਉੱਤੇ ਹਰ
ਆਏ ਗਏ ਨੂੰ ਬਿਠਾਉਨੇ ਆਂ।
ਘੜੀ, ਛਾਂਪ, ਚੇਨੀ ਜਿਹੜੀ
ਪਾਉਂਦੇ ਹਾਂ ਸਮਾਗਮਾਂ ‘ਚ,
ਉਹਨਾਂ ਦੀ ਹੀ ਬਖਸ਼ੀ ਇਹ
ਟੋਹਰ ਜੋ ਬਣਾਉਨੇ ਆਂ।
ਕੂਲਰ, ਫਰਿੱਜ, ਐੱਲ. ਸੀ. ਡੀ.
ਵੀ ਹੈ ਉਨ੍ਹਾਂ ਦਿੱਤੀ,
ਉਹਨਾਂ ਦੇ ਹੀ ਦਿੱਤੇ
ਸ਼ੀਸ਼ੇ ਮੂਹਰੇ ਵਾਲ਼ ਵਾਹੁੰਨੇ ਆਂ।
ਪਰ ਸਾਡਾ ਪਤਾ ਆ ਕੇ
ਪੁੱਛੀਂ ਰਣਬੀਰ ਕੁਰੇ,
ਪਿੰਡ ਵਿੱਚ ਵੱਡੇ
ਸਰਦਾਰ ਜੀ ਕਹਾਉਨੇ ਆਂ।
ਰਣਬੀਰ ਕੌਰ ਬੱਲ
ਯੂ.ਐੱਸ.ਏ
+15108616871
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly