ਨਵੀਂ ਦਿੱਲੀ (ਸਮਾਜ ਵੀਕਲੀ): ਉੱਤਰ-ਪੱਛਮੀ ਭਾਰਤ ਖ਼ਾਸਕਰ ਪੰਜਾਬ ਅਤੇ ਹਰਿਆਣਾ ਵਿਚ ਧਰਤੀ ਹੇਠਲਾ ਪਾਣੀ ਖ਼ਤਰਨਾਕ ਪੱਧਰ ਤੱਕ ਹੇਠਾਂ ਚਲਾ ਗਿਆ ਹੈ। ਇਹ ਖੁਲਾਸਾ ਨਵੇਂ ਅਧਿਐਨ ਵਿਚ ਕੀਤਾ ਗਿਆ ਹੈ। ਆਈਆਈਟੀ ਕਾਨਪੁਰ ਦੁਆਰਾ ਪ੍ਰਕਾਸ਼ਤ ਖੋਜ ਪੱਤਰ ਵਿੱਚ ਉੱਤਰ ਪੱਛਮੀ ਭਾਰਤ ਵਿੱਚ 4,000 ਤੋਂ ਜ਼ਿਆਦਾ ਧਰਤੀ ਹੇਠਲੇ ਖੂਹਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਚਾਰ-ਪੰਜ ਦਹਾਕਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਰਾਜਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ’ਤੇ ਆ ਗਿਆ ਹੈ। ਭਾਰਤ ਸਿੰਜਾਈ, ਘਰੇਲੂ ਅਤੇ ਉਦਯੋਗਿਕ ਜ਼ਰੂਰਤਾਂ ਲਈ ਧਰਤੀ ਹੇਠਲੇ ਪਾਣੀ ਦੀ ਦੁਨੀਆ ਵਿੱਚ ਸਭ ਤੋਂ ਵੱਧ ਵਰਤੋਂ ਕਰਦਾ ਹੈ।
ਆਈਆਈਟੀ ਕਾਨਪੁਰ ਦੇ ਪ੍ਰੋਫੈਸਰ ਰਾਜੀਵ ਸਿਨਹਾ ਅਤੇ ਉਸ ਦੇ ਪੀਐੱਚਡੀ ਵਿਦਿਆਰਥੀ ਸੁਨੀਲ ਕੁਮਾਰ ਜੋਸ਼ੀ ਦੀ ਅਗਵਾਈ ਵਿਚ ਹੋਏ ਅਧਿਐਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਰਾਜ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਸ ਅਨੁਸਾਰ ਧਰਤੀ ਹੇਠਲੇ ਪਾਣੀ 1974 ਦੌਰਾਨ ਜ਼ਮੀਨੀ ਪੱਧਰ ਤੋਂ 2 ਮੀਟਰ ਹੇਠਾਂ ਸੀ ਜੋ 2010 ਵਿੱਚ 30 ਮੀਟਰ ਹੋ ਗਿਆ। ਅਧਿਐਨ ਵਿਚ ਕਿਹਾ ਗਿਆ ਹੈ, ‘ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਦੀ ਸਥਿਤੀ ਵੀ ਮਾੜੀ ਹੈ, ਜੋ ਕਿ ਖੇਤੀਬਾੜੀ ਰਾਜ ਹਨ ਅਤੇ ਜਿੱਥੇ ਧਰਤੀ ਹੇਠਲੇ ਪਾਣੀ ਪ੍ਰਬੰਧਨ ਦੀਆਂ ਰਣਨੀਤੀਆਂ ਅਜੇ ਵੀ ਬਹੁਤ ਪੁਰਾਣੀਆਂ ਹਨ।’ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਹਰਿਆਣਾ ਵਿੱਚ ਝੋਨੇ ਦੀ ਕਾਸ਼ਤ ਵਾਲਾ ਖੇਤਰ 1966-67 ਵਿਚ 1,92,000 ਹੈਕਟੇਅਰ ਤੋਂ ਵਧ ਕੇ 2017-18 ਵਿੱਚ 14,22,000 ਹੈਕਟੇਅਰ ਹੋ ਗਿਆ।
ਪੰਜਾਬ ਵਿਚ ਇਹ 2017-18 ਵਿਚ 30,64,000 ਹੈਕਟੇਅਰ ਹੋ ਗਿਆ ਹੈ, ਜੋ 1960-61 ਵਿਚ 2,27,000 ਸੀ। ਮੰਗ ਨੂੰ ਪੂਰਾ ਕਰਨ ਲਈ ਧਰਤੀ ਹੇਠਲੇ ਪਾਣੀ ਦੀ ਮੰਗ ਵੱਧ ਗਈ। ਇਸ ਤੋਂ ਇਲਾਵਾ ਧਰਤੀ ਦੇ ਪਾਣੀ ਦੇ ਪੱਧਰ ਵਿਚ ਸਭ ਤੋਂ ਮਹੱਤਵਪੂਰਨ ਗਿਰਾਵਟ ਘੱਗਰ-ਹਕਰਾ ਪੈਲੀਓਚੈਨਲ (ਕੁਰੂਕਸ਼ੇਤਰ, ਪਟਿਆਲਾ ਅਤੇ ਫਤਿਹਾਬਾਦ ਜ਼ਿਲ੍ਹੇ) ਅਤੇ ਯਮੁਨਾ ਨਦੀ ਬੇਸਿਨ (ਪਾਣੀਪਤ ਅਤੇ ਕਰਨਾਲ ਜ਼ਿਲ੍ਹਿਆਂ ਦੇ ਹਿੱਸੇ) ਵਿਚ ਦਰਜ ਕੀਤੀ ਗਈ ਹੈ। ਇਹ ਖੋਜ ਕੇਂਦਰੀ ਜਲ ਸਕਤੀ ਮੰਤਰਾਲੇ ਤਹਿਤ ਜ਼ਮੀਨੀ ਜਲ ਬੋਰਡ (ਸੀਜੀਡਬਲਯੂਬੀ), ਧਰਤੀ ਵਿਗਿਆਨ ਮੰਤਰਾਲੇ ਅਤੇ ਕੁਦਰਤੀ ਵਾਤਾਵਰਣ ਖੋਜ ਪਰਿਸ਼ਦ (ਐਨਈਆਰਸੀ) ਬਰਤਾਨੀਆਂ ਵੱਲੋਂ ਮਿਲੇ ਫੰਡ ਤਹਿਤ ਕੀਤੀ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly