ਨਵੀਂ ਦਿੱਲੀ (ਸਮਾਜ ਵੀਕਲੀ): ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਆਗੂ ਰਾਹੁਲ ਗਾਂਧੀ, ਨੈਸ਼ਨਲ ਕਾਨਫਰੰਸ ਦੇ ਫ਼ਾਰੂਕ ਅਬਦੁੱਲਾ, ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਵੱਖ ਵੱਖ ਸਿਆਸੀ ਹਸਤੀਆਂ ਨੇ ‘ਉੱਡਣਾ ਸਿੱਖ’ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਮਿਲਖਾ ਸਿੰਘ ਦੇ ਜਹਾਨੋਂ ਤੁਰ ਜਾਣ ਕਾਰਨ ਉਨ੍ਹਾਂ ਦਾ ਦਿਲ ਗ਼ਮਗੀਨ ਹੈ।
ਉਨ੍ਹਾਂ ਇਕ ਟਵੀਟ ਵਿੱਚ ਕਿਹਾ ਕਿ ਫਰਾਟਾ ਦੌੜਾਕ ਵੱਲੋਂ ਕੀਤੇ ਸੰਘਰਸ਼ ਦੀ ਕਹਾਣੀ ਤੇ ਉਨ੍ਹਾਂ ਦਾ ਮਜ਼ਬੂਤ ਕਿਰਦਾਰ ਭਾਰਤੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦਾ ਰਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਖਾ ਸਿੰਘ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਦੇਸ਼ ਨੇ ਵੱਡੀ ਖੇਡ ਸ਼ਖ਼ਸੀਅਤ ਨੂੰ ਗੁਆ ਲਿਆ ਹੈ, ਜਿਸ ਨੇ ਦੇਸ਼ ਦੀਆਂ ਆਸਾਂ ਨੂੰ ਪੂਰਾ ਕੀਤਾ। ਉਨ੍ਹਾਂ ਲਈ ਅਣਗਿਣਤ ਭਾਰਤੀਆਂ ਦੇ ਦਿਲਾਂ ’ਚ ਵਿਸ਼ੇਸ਼ ਥਾਂ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਫਰਾਟਾ ਦੌੜਾਕ ਸਾਰੀਆਂ ਦੁਸ਼ਵਾਰੀਆਂ ’ਤੇ ਪਾਰ ਪਾਉਣ ਦੇ ਆਪਣੇ ਪੱਕੇ ਇਰਾਦੇ ਲਈ ਹੋਰਨਾਂ ਲਈ ਪ੍ਰੇਰਨਾ ਸਰੋਤ ਸੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ‘ਉੱਡਣਾ ਸਿੱਖ’ ਨੇ ਅਥਲੈਟਿਕਸ ਜਗਤ ’ਤੇ ਅਮਿੱਟ ਛਾਪ ਛੱਡੀ ਹੈ ਤੇ ਦੇਸ਼ ਉਨ੍ਹਾਂ ਨੂੰ ਭਾਰਤੀ ਖੇਡ ਜਗਤ ਦੇ ਚਮਕਦੇ ਸਿਤਾਰੇ ਵਜੋਂ ਯਾਦ ਕਰੇਗਾ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮਿਲਖਾ ਸਿੰਘ ਨਾ ਸਿਰਫ਼ ਖੇਡ ਸਿਤਾਰਾ ਬਲਕਿ ਆਪਣੀ ਸਮਰਪਣ ਭਾਵਨਾ ਤੇ ਮੁੜ ਉਭਰਨ ਦੀ ਸ਼ਕਤੀ ਕਰਕੇ ਲੱਖਾਂ ਭਾਰਤੀਆਂ ਲਈ ਪ੍ਰੇਰਨਾ ਸਰੋਤ ਸੀ। ਉਨ੍ਹਾਂ ਕਿਹਾ, ‘ਮੈਂ ਇਸ ਘੜੀ ਵਿੱਚ ਪਰਿਵਾਰ ਤੇ ਦੋਸਤਾਂ ਮਿੱਤਰਾਂ ਦੇ ਦੁੱਖ ਵਿੱਚ ਸ਼ਰੀਕ ਹਾਂ।’’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਮਹਾਨ ਅਥਲੀਟ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਸ਼ਵ ਵਿੱਚ ਭਾਰਤ ਦਾ ਨਾਂ ਉੱਚਾ ਕਰਨ ਵਾਲੇ ‘ਉੱਡਣਾ ਸਿੱਖ’ ਮਿਲਖਾ ਸਿੰਘ ਦੇ ਚਲਾਣੇ ਨਾਲ ਇਕ ਸ਼ਾਨਦਾਰ ਅਧਿਆਇ ਸਮਾਪਤ ਹੋ ਗਿਆ ਹੈ, ਪਰ ਉਹ ਹਮੇਸ਼ਾਂ ਸਾਡੇ ਦਿਲਾਂ ’ਚ ਅਮਰ ਰਹਿਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly