ਪੁਨਰਗਠਨ ਅਧੀਨ ਮਹਿਤਪੁਰ ਬਲਾਕ ਤੇ ਮਰਜ਼ ਹੋਣ ਦਾ ਖਦਸ਼ਾ ਵਧਿਆ
(ਸਮਾਜ ਵੀਕਲੀ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਰਹੂਮ ਦਿਗਜ਼ ਟਕਸਾਲੀ ਆਗੂ ਤੇ ਕੈਬਨਿਟ ਮੰਤਰੀ ਸ੍ਰ ਅਜੀਤ ਸਿੰਘ ਕੌਹਾੜ ਵੱਲੋਂ ਮਹਿਤਪੁਰ ਬਲਾਕ ਦਾ ਉਦਘਾਟਨ 2011 ਵਿਚ ਕੀਤਾ ਗਿਆ ਸੀ। ਗੱਲ ਕਰੀਏ ਮਹਿਤਪੁਰ ਦੀ ਤਾਂ ਜਲੰਧਰ ਜ਼ਿਲ੍ਹੇ ਦੀ ਹੱਦ ਦੀ ਆਖਰੀ ਸਬ ਤਹਿਸੀਲ ਹੈ। ਇਸ ਇਲਾਕੇ ਦਾ ਮਾਣਮੱਤਾ ਇਤਿਹਾਸਕ ਪਿਛੋਕੜ ਹੈ। ਜੋ ਹਮੇਸ਼ਾ ਬੇ ਰੁਖੀ ਦਾ ਸ਼ਿਕਾਰ ਰਿਹਾ। ਕਿਸੇ ਸਮੇ ਮਹਿਤਪੁਰ ਸਿਵਲ ਹਸਪਤਾਲ ਦੀ ਤੂਤੀ ਬੋਲਦੀ ਰਹੀ ਹੈ। ਪਰ ਅੱਜ ਬਿਨਾਂ ਚਾਰਦਿਵਾਰੀ ਤੇ ਖੰਡਰਾਂ ਵਿਚ ਤਬਦੀਲ ਖੜ੍ਹੀ ਇਸ ਦੀ ਬਿਲਡਿੰਗ ਆਪਣੀ ਕਹਾਣੀ ਆਪ ਬਿਆਨ ਕਰਦੀ ਹੈ। ਤਕਰੀਬਨ ਤਿੰਨ ਸਾਲ ਪਹਿਲਾਂ ਅਲੱਗ ਅਲੱਗ ਜਥੇਬੰਦੀਆਂ ਵੱਲੋਂ ਸਰਕਾਰੀ ਹਸਪਤਾਲ ਦੀ ਹੋਂਦ ਨੂੰ ਬਚਾਉਣ ਲਈ ਅਤੇ ਮੁੱਢਲਾ ਸਿਹਤ ਕੇਂਦਰ ਵਿਚ ਆਧੁਨਿਕ ਸਹੂਲਤਾਂ ਲਿਆਉਣ ਲਈ ਲਗਾਤਾਰ ਸੰਘਰਸ਼ ਚਲਦਾ ਰਿਹਾ। ਜਥੇਬੰਦੀਆਂ ਇਸ ਦੀ ਤਰੱਕੀ ਵੱਲ ਤਵੱਜੋਂ ਦੇਣ ਲਈ ਸੰਘਰਸ਼ ਕਰਦੀਆਂ ਰਹੀ ਪਰ ਸਮੇਂ ਦੀ ਸਰਕਾਰ ਵੱਲੋਂ ਕੀਤੇ ਐਲਾਨ ਸਦਕਾ ਮੁਢਲੇ ਸਿਹਤ ਕੇਂਦਰ ਵਿਚ ਨਸ਼ਾ ਛੁਡਾਊ ਕੇਂਦਰ ਅਤੇ ਮਹੱਲਾ ਕਲੀਨਿਕ ਖੋਲ੍ਹ ਕੇ ਜਿੱਤ ਦੇ ਜਸ਼ਨ ਮਨਾਏ ਗਏ। ਪਰ ਸਿਹਤ ਕੇਂਦਰ ਦੀ ਸਿਹਤ ਦਿਨੋਂ ਦਿਨ ਵਿਗੜਦੀ ਦਿਖਾਈ ਦੇ ਰਹੀ ਹੈ। ਹੁਣ ਕਿਸਾਨ, ਮਜ਼ਦੂਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੁਨਰਗਠਨ ਅਧੀਨ ਮਹਿਤਪੁਰ ਬਲਾਕ ਦਾ ਰਲੇਵਾਂ ਕੀਤਾ ਜਾ ਰਿਹਾ ਹੈ। ਅਤੇ ਬਲਾਕ ਮਹਿਤਪੁਰ ਨੂੰ ਬਲਾਕ ਸ਼ਾਹਕੋਟ ਵਿਚ ਮਰਜ਼ ਕਰ ਦਿੱਤਾ ਜਾਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਬਲਾਕ ਮਹਿਤਪੁਰ ਨੂੰ ਬਚਾਉਣ ਲਈ 11 ਮੈਬਰੀ ਸੰਘਰਸ਼ ਕਮੇਟੀ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ 11 ਮੈਂਬਰੀ ਕਮੇਟੀ ਵੱਲੋਂ ਇੱਕ ਮੰਗ ਪੱਤਰ ਵੀ ਐਸ ਡੀ ਐਮ ਨਕੋਦਰ ਰਾਹੀਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਹੈ। ਜਿਸ ਵਿਚ ਬਲਾਕ ਮਹਿਤਪੁਰ ਦੀਆਂ ਸੇਵਾਵਾਂ ਬਹਾਲ ਰੱਖਣ ਦੀ ਗੱਲ ਕੀਤੀ ਗਈ ਹੈ। ਪਿਛੋਕੜ ਵੱਲ ਝਾਤ ਮਾਰੀਏ ਤਾਂ ਪਹਿਲਾਂ ਮਹਿਤਪੁਰ ਦਾ ਇਲਾਕਾ ਵਿਧਾਨ ਸਭਾ ਹਲਕਾ ਫਿਲੌਰ ਨਾਲ ਰਿਹਾ ਫਿਰ ਇਸ ਨੂੰ ਵਿਧਾਨ ਸਭਾ ਹਲਕਾ ਸ਼ਾਹਕੋਟ ਨਾਲ ਰਲਾ ਦਿੱਤਾ ਗਿਆ। ਜਦੋਂ ਕਿ ਮਹਿਤਪੁਰ ਤੋਂ ਵਿਧਾਨ ਸਭਾ ਹਲਕਾ ਸ਼ਾਹਕੋਟ ਤਕਰੀਬਨ 20 ਕਿਲੋਮੀਟਰ ਦੂਰ ਹੈ ਅਤੇ ਸ਼ਾਹਕੋਟ ਨੂੰ ਜਾਣ ਲਈ ਕੋਈ ਸਰਕਾਰੀ ਟਰਾਂਸਪੋਰਟ ਵੀ ਉਪਲਬਧ ਨਹੀਂ ਹੈ। ਇਸ ਦੇ ਉਲਟ ਮਹਿਤਪੁਰ ਦੇ ਲੋਕਾਂ ਵੱਲੋਂ ਅੱਜ ਵੀ ਕਾਗਜ਼ੀ ਕਾਰਵਾਈ ਵਿਚ ਆਪਣੀ ਤਹਿਸੀਲ ਨਕੋਦਰ ਲਿਖੀ ਜਾਂਦੀ ਹੈ ਅਤੇ ਮਹਿਤਪੁਰ ਇਲਾਕੇ ਨੂੰ ਐਸ ਡੀ ਐਮ ਵੀ ਨਕੋਦਰ ਲਗਦਾ ਹੈ ਤੇ ਸਿਵਲ ਹਸਪਤਾਲ ਨਕੋਦਰ ਵਿਚ ਹੀ ਮਹਿਤਪੁਰ ਦੇ ਕੇਸ ਜਾਂਦੇ ਹਨ। ਅਤੇ ਮਾਣਨਯੋਗ ਅਦਾਲਤ ਵੀ ਨਕੋਦਰ ਹੈ। ਜਦੋਂ ਕਿ ਥਾਣਾ ਮਹਿਤਪੁਰ ਨੂੰ ਡੀ ਐਸ ਪੀ ਦਫਤਰ ਸ਼ਾਹਕੋਟ ਲਗਦਾ ਹੈ ਜਦੋਂ ਕਿ ਨਕੋਦਰ ਤੋਂ ਮਹਿਤਪੁਰ ਸਿਧਾ ਰੋਡ ਹੈ ਤੇ ਨਕੋਦਰ ਮਹਿਜ਼ ਮਹਿਤਪੁਰ ਤੋਂ ਸਿਰਫ 9 ਕਿਲੋਮੀਟਰ ਦੂਰ ਹੈ। ਨਕੋਦਰ ਤੋਂ ਮਹਿਤਪੁਰ ਨੂੰ ਸਰਕਾਰੀ ਟਰਾਂਸਪੋਰਟ ਹਰ ਦਸ ਮਿੰਟ ਬਾਅਦ ਚਲਦੀ ਹੈ। ਇਨ੍ਹਾਂ ਸਹੂਲਤਾਂ ਦੇ ਬਾਵਜੂਦ ਮਹਿਤਪੁਰ ਨੂੰ ਵਿਧਾਨ ਸਭਾ ਹਲਕਾ ਨਕੋਦਰ ਨਾਲ ਨਾ ਜੋੜਿਆ ਜਾਣਾ ਹੈਰਾਨ ਕਰਦਾ ਹੈ। ਜੇਕਰ ਮਹਿਤਪੁਰ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਗਿਣਤੀ ਅਨੁਸਾਰ 50 ਹਨ ਪੰਚਾਇਤਾਂ ਦੀ ਗਿਣਤੀ 59 ਦੇ ਕਰੀਬ ਹੈ। ਅਜਕਲ ਮਹਿਤਪੁਰ ਵਿਚ ਨਗਰ ਪੰਚਾਇਤ ਵੀ ਮੌਜੂਦ ਹੈ। ਪਰ ਪੰਜਾਬ ਸਰਕਾਰ ਵੱਲੋਂ ਪੁਨਰਗਠਨ ਅਧੀਨ ਇਕ ਬਲਾਕ ਵਿੱਚ ਘੱਟੋ ਘੱਟ 80 ਪਿੰਡ ਹੋਣੇ ਜ਼ਰੂਰੀ ਹਨ। ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਕੁੱਲ ਬਲਾਕ ਤਿੰਨ ਹਨ ਜਿਨ੍ਹਾਂ ਵਿਚ ਸ਼ਾਹਕੋਟ ਅਤੇ ਲੋਹੀਆ ਬਲਾਕ ਦੇ ਪਿੰਡਾਂ ਦੀ ਗਿਣਤੀ 175 ਹੈ ਪਰ ਬਲਾਕ ਮਹਿਤਪੁਰ ਪਿੰਡਾਂ ਦੀ ਗਿਣਤੀ ਖੁਣੋਂ ਮਰਜ ਕੀਤਾ ਜਾ ਸਕਦਾ ਹੈ। ਉਧਰ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਬਲਾਕ ਮਹਿਤਪੁਰ ਨਿਰੰਤਰ ਸੇਵਾਵਾਂ ਦਿੰਦਾ ਰਿਹਾ ਹੈ। ਇਸ ਲਈ ਕੁਝ ਪਿੰਡਾਂ ਨੂੰ ਇਧਰੋ ਉਧਰੋਂ ਜੋੜ ਕੇ ਬਲਾਕ ਮਹਿਤਪੁਰ ਦੀਆਂ ਸੇਵਾਵਾਂ ਬਹਾਲ ਰੱਖੀਆਂ ਜਾ ਸਕਦੀਆਂ ਹਨ ਇਸ ਨੂੰ ਮਰਜ਼ ਨਾ ਕੀਤਾ ਜਾਵੇ ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਖਾਸਕਰ ਔਰਤਾਂ ਨੂੰ ਬਿਨਾਂ ਟਰਾਂਸਪੋਰਟ ਸਾਧਨ ਸ਼ਾਹਕੋਟ ਜਾਣਾ ਔਖਾ ਸਾਬਤ ਹੋਵੇਗਾ। ਹੈਰਾਨੀ ਦੀ ਹੱਦ ਹੈ ਕਿ ਅੱਜ ਤੱਕ ਮਹਿਤਪੁਰ ਕੋਲ ਕੋਈ ਢੁਕਵਾਂ ਬੱਸ ਸਟੈਂਡ ਨਹੀਂ ਹੈ ਅਤੇ ਬਹੁਤ ਸਾਰੇ ਰੂਟ ਬੱਸ ਟਰਾਂਸਪੋਰਟ ਦੇ ਜੋ ਪਹਿਲਾਂ ਚਲਦੇ ਸਨ ਬੰਦ ਕੀਤੇ ਜਾ ਚੁੱਕੇ ਹਨ। ਖੈਰ ਦੂਜੇ ਪਾਸੇ ਜਥੇਬੰਦੀਆਂ ਅਨੁਸਾਰ ਅਤੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਮੁਤਾਬਕ ਇਹ ਦਫਤਰ 30 ਅਪ੍ਰੈਲ ਤੱਕ ਹੀ ਸੇਵਾਵਾਂ ਦਵੇਗਾ ਇਸ ਤੋਂ ਬਾਅਦ ਸ਼ਾਹਕੋਟ ਮਰਜ਼ ਹੋ ਸਕਦਾ ਹੈ। ਪਰ ਜਥੇਬੰਦੀਆਂ ਵੱਲੋਂ ਬਣਾਈ ਸੰਘਰਸ਼ ਕਮੇਟੀ ਵੱਲੋਂ ਬਲਾਕ ਮਹਿਤਪੁਰ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਉਨ੍ਹਾਂ ਅਨੁਸਾਰ ਜੇਕਰ ਬਲਾਕ ਬਾਬਤ ਸਥਿਤੀ ਸਪੱਸ਼ਟ ਨਾ ਕੀਤੀ ਗਈ ਤਾਂ 30 ਅਪ੍ਰੈਲ ਨੂੰ ਬਲਾਕ ਅੱਗੇ ਧਰਨਾ ਲਗਾਇਆ ਜਾਵੇਗਾ ਪਰ ਬਲਾਕ ਨੂੰ ਮਰਜ਼ ਨਹੀਂ ਹੋਣ ਦਿੱਤਾ ਜਾਵੇਗਾ। ਕੁਝ ਸਿਆਸੀ ਲੋਕਾਂ ਅਨੁਸਾਰ 2027 ਦੀ ਇਲੈਕਸ਼ਨ ਤੱਕ ਮਹਿਤਪੁਰ ਦਾ ਵਿਧਾਨ ਸਭਾ ਹਲਕਾ ਬਦਲਿਆ ਵੀ ਜਾ ਸਕਦਾ ਹੈ। ਦੇਖਣਾ ਹੋਵੇਗਾ ਕਿ ਅਵਾਜ਼ ਏ ਖ਼ਲਕਤ ਕੀ ਰੰਗ ਵਿਖਾਉਦੀ ਹੈ। ਕਿਉਂਕਿ ਸਵਾਲ 2027 ਦੀਆਂ ਵੋਟਾਂ ਦਾ ਵੀ ਹੈ।
ਹਰਜਿੰਦਰ ਸਿੰਘ ਚੰਦੀ ਸੂਬਾ ਪ੍ਰੈੱਸ ਸਕੱਤਰ ਬੀਕੇਯੂ ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



