ਰੁੱਖਾਂ ਦੀ ਪੁਕਾਰ

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

ਖੜ੍ਹੇ ਹਾਂ ਅਡੋਲ।
ਕੁਝ ਸਕੀਏ ਨਾ ਬੋਲ।
ਵੱਢ, ਟੁੱਕ, ਛਾਂਗ ਭਾਵੇਂ ਫੜ ਖਿੱਚ।
ਫਰਜ਼ੋਂ ਨਾ ਮੁੱਖ ਮੋੜੀਏ,
24 ਘੰਟੇ ਕਰਦੇ ਆਂ ਖਿਦਮਤ।

ਕੋਈ ਧਰਮ ਨਾ ਜਾਤ
ਤੇ ਜਾਂ ਮਾਣ ਯਾ ਔਕਾਤ।
ਹੋਵੇ ਛਾਵਾਂ ਚ ਕੋਈ ਵੀ ਇੱਕਮਿੱਕ।
ਫਰਜ਼ੋਂ ਨਾ ਮੁੱਖ ਮੋੜੀਏ,
24 ਘੰਟੇ ਕਰਦੇ ਆਂ ਖਿਦਮਤ।

ਟਾਹਣ, ਪੱਤੇ, ਫਲ, ਫੁੱਲ।
ਕੀਤੇ ਨਾਮ ਤੇਰੇ ਕੁੱਲ।
ਖਾਧ, ਬਾਲਣ, ਸਜ਼ਾਵਟਾਂ ਨੇ ਨਿੱਤ।
ਫਰਜ਼ੋਂ ਨਾ ਮੁੱਖ ਮੋੜੀਏ,
24 ਘੰਟੇ ਕਰਦੇ ਆਂ ਖਿਦਮਤ।

ਦੇਈਏ *ਸਾਫ਼ ਲੈ **ਪਲੀਤ।
ਹੈ ਯੁਗਾਤਰਾਂ ਦੀ ਰੀਤ।
ਪੱਕੇ ਬੰਦਿਆ ਹਾਂ, ਹਵਾ-ਵੱਟ ਮਿੱਤ।
ਜੀ ਫਰਜ਼ੋਂ ਨਾ ਮੁੱਖ ਮੋੜੀਏ,
24 ਘੰਟੇ ਕਰਦੇ ਆਂ ਖਿਦਮਤ।

ਕਿਤੇ ਮਰ ਸੁੱਕ ਜਾਈਏ।
ਤਾਂ ਵੀ ਕੰਮ ਤੇਰੇ ਆਈਏ।
ਕੀ ਪੰਘੂੜੇ ਤੇ ਕੀ ਸਿਵਿਆਂ ਦੇ ਵਿੱਚ।
ਫਰਜ਼ੋਂ ਨਾ ਮੁੱਖ ਮੋੜੀਏ,
24 ਘੰਟੇ ਕਰਦੇ ਆਂ ਖਿਦਮਤ।

ਆਵੇ ‘ਨੇਰ੍ਹੀ ਭਾਵੇਂ ਹੜ੍ਹ।
ਮੱਠਾ ਵੇਗ ਦੇਈਏ ਕਰ।
ਨੰਗੇ ਧੜ ਆਪ ਲਈਏ ਵੇ ਨਜਿੱਠ।
ਜੀ ਫਰਜ਼ੋਂ ਨਾ ਮੁੱਖ ਮੋੜੀਏ,
24 ਘੰਟੇ ਕਰਦੇ ਆਂ ਖਿਦਮਤ।

ਪਰ ਵਿੱਚ ਵੇ ਉਜਾੜ।
ਤੇਰਾ ਰਹੇ ਕੀ ਵਿਗਾੜ ?
ਕਾਹਤੋਂ ਫੇਰਦਾ ਕੁਹਾੜੇ ਜਾਣੇ ਟਿੱਚ।
ਜੀ ਫਰਜ਼ੋਂ ਨਾ ਮੁੱਖ ਮੋੜੀਏ,
24 ਘੰਟੇ ਕਰਦੇ ਆਂ ਖਿਦਮਤ।

ਐਸੀ ਲਾਲਚਾਂ ਦੀ ਮਾਰ।
ਰੋਮੀ ਕਰੇਂ ਨਾ ਵਿਚਾਰ।
ਸੋਚੇਂ ਆਪਣੇ ਘੜਾਮੇਂ ਬੱਸ ਹਿੱਤ।
ਜੀ ਫਰਜ਼ੋਂ ਨਾ ਮੁੱਖ ਮੋੜੀਏ,
24 ਘੰਟੇ ਕਰਦੇ ਆਂ ਖਿਦਮਤ।

 

*- ਆਕਸੀਜਨ
**- ਕਾਰਬਨ ਡਾਇਅਕਸਾਈਡ

ਰੋਮੀ ਘੜਾਮੇਂ ਵਾਲਾ।
98552-81105

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਓਥੇ ਹੀ ਹਾਂ
Next articleਚਿਰਾਗ਼