ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸੱਚ ਤੇ ਕੱਚ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਪਿਛਲੇ ਸਾਲ ਤੋਂ ਕੋਰੋਨਾ ਮਹਾਂਮਾਰੀ ਦਾ ਮੱਕੜ ਜਾਲ ਫੈਲਣ ਤੇ ਪੂਰੇ ਪੰਜਾਬ ਦੇ ਸਕੂਲ ਬੰਦ ਕਰ ਦਿੱਤੇ ਗਏ।ਉਸ ਤੋਂ ਬਾਅਦ ਆਪਣੀਆਂ ਨਿੱਜੀ ਜ਼ਰੂਰਤਾਂ ਵੇਖ ਕੇ ਸਰਕਾਰ ਜਦੋਂ ਦਿਲ ਕਰਦਾ ਹੈ ਲਾਕ ਡਾਊਨ ਲਾਗੂ ਕਰ ਦਿੱਤਾ ਜਾਂਦਾ ਹੈ,ਜਾਂ ਹਟਾ ਦਿੱਤਾ ਜਾਂਦਾ ਹੈ।ਮਾਰਚ ਅਪ੍ਰੈਲ ਇਮਤਿਹਾਨ ਲੈਣ ਦਾ ਸਮਾਂ ਹੁੰਦਾ ਹੈ ਤਾਂ ਸਕੂਲ ਖੋਲ੍ਹ ਦਿੱਤੇ ਗਏ ਪਰ ਫਿਰ ਪਤਾ ਨੀ ਕਿਹੜਾ ਕਰੋਨਾ ਆ ਗਿਆ ਸਕੂਲ ਬੰਦ ਕਰ ਦਿੱਤੇ ਗਏ ਤੇ ਬਾਕੀ ਸਭ ਕੁਝ ਜਦੋਂ ਦਿਲ ਕਰਦਾ ਹੈ ਖੋਲ੍ਹ ਦਿੱਤਾ ਜਾਂਦਾ ਹੈ ਜਾਂ ਬੰਦ ਕਰ ਦਿੱਤਾ ਜਾਂਦਾ ਹੈ।

ਆਪਾਂ ਸਾਰੇ ਜਾਣਦੇ ਹਾਂ,ਕਿਸ ਤਰ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਪਾਸ ਕਰ ਕੇ ਪੂਰੇ ਭਾਰਤ ਵਿੱਚ ਪੰਜਾਬ ਦੇ ਸਕੂਲਾਂ ਨੂੰ ਪਹਿਲਾ ਨੰਬਰ ਹਾਸਲ ਹੋ ਗਿਆ।ਕੋਈ ਪੁੱਛਣ ਵਾਲਾ ਹੈ? ਸਕੂਲ ਬੰਦ ਇਮਤਿਹਾਨ ਕੋਈ ਲਿਆ ਨਹੀਂ ਗਿਆ ਇਹ ਪਹਿਲਾ ਨੰਬਰ ਕਿੱਥੋਂ ਆ ਗਿਆ?ਪਿਛਲੇ ਦਿਨੀਂ ਸਿੱਖਿਆ ਮੰਤਰੀ ਜੀ ਨੇ ਇਹ ਪਹਿਲੇ ਨੰਬਰ ਬਾਰੇ ਯੂ ਟਿਊਬ ਤੇ ਭਾਸ਼ਣ ਦਿੱਤਾ ਸੀ ਉਸ ਪਹਿਲੇ ਨੰਬਰ ਦਾ ਨਤੀਜਾ ਦੁਨੀਆਂ ਦੇ ਸਾਹਮਣੇ ਹੈ।

ਜਦੋਂ ਸਕੂਲ ਖੁੱਲ੍ਹੇ ਵੀ ਹੁੰਦੇ ਹਨ ਤਾਂ ਉਨ੍ਹਾਂ ਦੇ ਅੰਦਰੂਨੀ ਹਾਲਾਤ ਕੀ ਹੁੰਦੇ ਹਨ ਇਹ ਲਾਈਨਾਂ ਹੂਬਹੂ ਬਿਆਨ ਕਰ ਰਹੀਆਂ ਹਨ।ਪ੍ਰਾਈਵੇਟ ਸਕੂਲ ‘ਚੋਂ ਹੱਟ ਕੇ ਨਵਾਂ ਬੱਚਾ ਪਹਿਲੇ ਦਿਨ ਸਰਕਾਰੀ ਸਕੂਲ ਆਇਆ।ਬੱਚਾ ਦੇਖ ਰਿਹਾ ਸਕੂਲ ਵਿੱਚ ਮਿਸਤਰੀ ਚਿਣਾਈ ਦਾ ਕੰਮ ਕਰ ਰਿਹਾ ਤੇ ਸਾਡੇ ਅਧਿਆਪਕ ਜੀ  ਉਸ ਮਿਸਤਰੀ ਨੂੰ ਇਉਂ ਸਮਝਾ ਰਹੇ ਨੇ ਜਿਵੇਂ ਆਰਕੀਟੈਕਟ ਜਾਂ ਇੰਜੀਨੀਅਰ ਹੋਣ। ਇਨ੍ਹੇ ਨੂੰ ਮਿਡ ਡੇ ਮੀਲ ਕੁੱਕ ਰੋਸਾ ਕਰਦੀ ਹੈ,ਕੋਲ ਆਉਂਦੀ ਹੈ,ਮਾਸਟਰ ਜੀ ਆਲੂ ਟਮਾਟਰ ਖਤਮ ਹੋਏ ਪਏ ਹਨ ਜਲਦੀ ਲੈ ਕੇ ਆਓ।।ਮਾਸਟਰ ਜੀ ਤੁਰਨ ਹੀ  ਲੱਗਦੇ ਹਨ,ਉਨ੍ਹਾਂ ਦੇ ਫ਼ੋਨ ਦੀ ਘੰਟੀ ਖੜਕਦੀ ਐ ,ਸ੍ਰੀਮਾਨ ਜੀਓ – ਹਾਂ ਜੀ ਕਹਿ ਕੇ ਕਾਗ਼ਜ਼ ਤੇ ਸਕੇਲ ਲੈ ਕੇ ਲਾਈਨਾਂ ਮਾਰਨ ਲੱਗਦੇ ਨੇ ਤੇ ਨਾਲ ਦੀ ਨਾਲ ਸ਼ੁਰੂ ਹੁੰਦੀ ਐ ਅਲਮਾਰੀ ਦੀ ਫਰੋਲ਼ਾ ਫਰਾਲੀ ।

ਨਵਾਂ ਦਾਖਲ ਹੋਇਆ ਬੱਚਾ ਨਾਲ ਦੇ ਨੂੰ ਪੁੱਛਦਾ ਭਾਈ ਮਾਸਟਰ ਜੀ ਕਿਵੇਂ ਟੈਨਸ਼ਨ ਚ ਆਗੇ ,ਸਾਥੀ  ਦੱਸਦਾ ,ਆਹ ਤਾਂ ਰੋਜ਼ ਦਾ ਈ ਕੰਮ ਆ ਇੱਥੇ ਤਾਂ ਕੋਈ ਡਾਕ -ਡੂਕ ਜਿਹੀ ਆਈ ਰਹਿੰਦੀ ਆ । ਇੰਨੇ ਨੂੰ ਪਿੰਡ ਦਾ ਲੰਬੜਦਾਰ ਮਾਸਟਰ ਜੀ  ਨੂੰ ‘ਵਾਜ ਮਾਰਦਾ ,” ਮਾਸਟਰ ਜੀ ਸਾਡੀ ਨਵੀਂ ਆਈ ਨੂੰਹ ਦੀ ਵੋਟ ਬਣਾ ਦਿਓ ਆ ਚੱਕੋ ‘ਧਾਰ ਕਾਰਡ ਤੇ ਦਸਵੀਂ ਦਾ ਸਰਟੀਫਿਟਕ;ਸ੍ਰੀ ਮਾਨ ਜੀ ਸਾਰੇ ਕਾਗਜ਼ ਫੜ ਲੈਂਦੇ ਹਨ,ਨਵਾਂ ਦਾਖਲ ਹੋਇਆ ਬੱਚਾ ਸੋਚਦਾ ਇੱਥੇ ਹੋਈ ਕੀ ਜਾਂਦਾ ?ਇੱਕ ਹੀ ਇਨਸਾਨ ਇੰਨੇ ਕੰਮ ਕਰ ਰਿਹਾ ਪਰ ਕਮਾਲ ਐ ਜਿਹੜੇ ਕੰਮ ਵਾਸਤੇ ਰੱਖਿਐ ਉਹ ਕਿਉ ਨੀ ਕਰ ਰਿਹਾ।ਮਾਸਟਰ ਜੀ ਦਾ ਕੰਮ ਹੁੰਦਾ ਹੈ ਪੜ੍ਹਾਈ ਕਰਵਾਉਣਾ ਉਹ ਪੂਰਾ ਦਿਨ ਕਰਵਾਈ ਨਹੀਂ।

ਇੰਨੇ ਨੂੰ ਨਾਲ ਦੇ ਕਲਾਸ ਰੂਮ ਚੋਂ ਮੈਡਮ ਆਉਂਦੇ ਹਨ  – ਸਰ ਜੀ ਜੂਮ ਮੀਟਿੰਗ ਚਾਲੂ ਹੋ ਗਈ ਹੈ,ਤੁਹਾਨੂੰ ਆਵਾਜ਼ਾਂ ਪੈ ਰਹੀਆਂ ! ਹੁਣ ਸ੍ਰੀ ਮਾਨ ਜੀ ਵੋਟਾਂ ਆਲੇ ਕਾਗ਼ਜ਼ ਫੜੀ ਬੈਠੇ ਆ ….ਧਿਆਨ ਡਾਕ ਚ ਐ , ਕੁੱਕ ਟਮਾਟਰਾਂ ਉਡੀਕ ਰਹੀ ਹੈ , ਨਵਾਂ ਦਾਖਲ ਹੋਇਆ ਬੱਚਾ ਉਡੀਕ ਰਿਹਾ ਕਿਤੇ ਮਾਸਟਰ ਜੀ ਆ ਕੇ ਕੰਮ ਦੇ ਜਾਂਦੇ ਤਾਂ,ਮਾੜੀ ਮੋਟੀ ਪੜ੍ਹਾਈ ਹੋ ਜਾਂਦੀ।ਤਰਾਸਦੀ ਸਾਡੇ ਸਿਸਟਮ ਦੀ ਅਜਿਹੀਆਂ ਅਨੇਕਾਂ ਸੱਚੀਆਂ ਕਹਾਣੀਆਂ ਸੋਸਲ ਮੀਡੀਆ ਤੇ ਘੁੰਮ ਰਹੀਆਂ ਹਨ ਜੋ ਸਾਡੇ ਲਈ ਮਨੋਰੰਜਨ ਜ਼ਰੂਰ ਹਨ ਪਰ ਸਰਕਾਰ ਦੀਆਂ ਅੱਖਾਂ ਬੰਦ ਹਨ ਪਹਿਲੇ ਨੰਬਰ ਤੇ ਰਹਿਣ ਦੇ ਰਾਗ ਸਰਕਾਰੀ ਤੇ ਪ੍ਰਿੰਟ ਮੀਡੀਆ ਤੇ ਸ਼ਰ੍ਹੇਆਮ ਅਲਾਪੇ ਜਾ ਰਹੇ ਹਨ।

ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਕਰ ਦਿੱਤੀਆਂ ਪਰ ਮਾਸਟਰਾਂ ਨੂੰ ਅਨੇਕਾਂ ਤਰ੍ਹਾਂ ਦੇ ਕੰਮ ਦਿੱਤੇ ਹੋਏ ਹਨ।ਕਹਿੰਦੇ ਹਨ ਬੱਚਿਆਂ ਨੂੰ ਆਨ ਲਾਈਨ ਪੜ੍ਹਾਈ ਕਰਵਾਈ ਜਾਂਦੀ ਹੈ ਕੀ ਸੱਚ ਹੈ ਕੀ ਝੂਠ ਸਭ ਨੂੰ ਪਤਾ ਹੈ।ਪੰਜਾਬ ਤੇ ਰਾਜ ਕਰਦੀ ਪਾਰਟੀ ਕੋਲ ਤਾਂ ਸ਼ੋਸ਼ਾ ਛੱਡਣ ਲਈ ਭਾਰਤ ਵਿਚ ਪਹਿਲੇ ਨੰਬਰ ਦਾ ਰਾਗ ਆ ਗਿਆ।ਦੂਸਰੀਆਂ ਰਾਜਨੀਤਕ ਪਾਰਟੀਆਂ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਕਰ ਰਹੀਆਂ ਹਨ।ਸਾਡੇ ਆਉਣ ਵਾਲੇ ਭਵਿੱਖ ਬੱਚਿਆਂ ਦੀ ਪੜ੍ਹਾਈ ਦਾ ਹਾਲ ਕੀ ਜੋ ਬੁਰਾ ਹਾਲ ਹੈ ਕਿਸੇ ਨੂੰ ਵੀ ਵਿਖਾਈ ਨਹੀਂ ਦਿੰਦਾ।ਪੜ੍ਹਾਈ ਵਿੱਚ ਸਾਡਾ ਪੰਜਾਬ ਪਹਿਲਾਂ ਹੀ ਬਹੁਤ ਪਿੱਛੇ ਹੈ ਹੁਣ ਅੱਗੇ ਕੀ ਹੋਣ ਵਾਲਾ ਹੈ,ਬਿਨਾਂ ਪੜ੍ਹਾਈ ਇਮਤਿਹਾਨ ਤੋਂ ਪਹਿਲਾਂ ਨੰਬਰ ਇਹ ਹੀ ਸਾਡੇ ਬੱਚਿਆਂ ਦਾ ਧੁੰਦਲਾ ਭਵਿੱਖ ਹੈ।

ਚੋਣਾਂ ਬਹੁਤ ਨੇੜੇ ਹਨ ਤਿਆਰੀ ਚੱਲ ਰਹੀ ਹੈ ਉੱਠੋ ਵੋਟਰੋ ਜੋ ਵੀ ਨੇਤਾ ਵੋਟਾਂ ਮੰਗਣ ਆਵੇਗਾ ਉਸ ਤੋਂ ਸਿਹਤ ਸਿੱਖਿਆ ਦੀ ਪਰਿਭਾਸ਼ਾ ਪਹਿਲਾਂ ਪੁੱਛਣਾ।ਸਮਾਰਟ ਸਕੂਲਾਂ ਦੇ ਨਾਂ ਥੱਲੇ ਸਕੂਲਾਂ ਨੂੰ ਰੰਗ ਕਰ ਦਿੱਤਾ ਗਿਆ ਹੈ,ਬੱਚਿਆਂ ਦੀ ਸਿੱਖਿਆ ਦੀ ਫੱਟੀ ਪੋਚ ਦਿੱਤੀ ਗਈ ਹੈ।ਇਸ ਵਾਰ ਚੋਣਾਂ ਵੇਲੇ ਅਸੀਂ ਚੁੱਪ ਰਹੇ ਤਾਂ ਪੰਜਾਬ ਦਾ ਕੀ ਹੋਣ ਵਾਲਾ ਹੈ,ਅੱਜ ਦੀ ਸਿੱਖਿਆ ਦਾ ਮਿਆਰ ਦੱਸ ਹੀ ਰਿਹਾ ਹੈ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392  

Previous articleਅੱਖਰ ਮੰਚ ਕਪੂਰਥਲਾ ਵੱਲੋਂ ਪ੍ਰੀਤਮ ਸਿੰਘ ਘੁੰਮਣ ਨੂੰ ਪਦ ਉਨਤ ਹੋਣ ਤੇ ਕੀਤਾ ਸਨਮਾਨਤ
Next articleਈ ਟੀ ਟੀ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਹੋਈ