ਕਵੀ

ਖੁਸ਼ੀ ਮੁਹੰਮਦ ਚੱਠਾ

(ਸਮਾਜ ਵੀਕਲੀ)

‘ਕਾਫ਼’ ਕਵੀਆਂ ਦੀ ਕਰਾਂ ਕੀ ਗੱਲ ਯਾਰੋ
ਨਾਜ਼ੁਕ ਦਿਲ ਇਹ ਬੜੇ ‘ਜੀ ਹਜ਼ੂਰ’ ਹੁੰਦੇ

ਵੱਖ ਸੋਚ ‘ਤੇ ਲਿਖਣੇ ਦੇ ਢੰਗ ਵੱਖਰੇ
ਤੇ ਵੱਖਰੇ ਸੱਭਨਾਂ ਦੇ ਕੁਝ ਦਸਤੂਰ ਹੁੰਦੇ

ਜਾਣਾ ਹੋਵੇ ਜਦ ਕਵੀ ਦਰਬਾਰ ਅੰਦਰ
ਚਿਹਰੇ ਇਨ੍ਹਾਂ ਦੇ ਬੜੇ ਨੂਰ ਓ ਨੂਰ ਹੁੰਦੇ

ਚਾਹ ਦਾ ਕੱਪ ‘ਤੇ ਲੱਕੜੀ ਦੀ ਤਖਤੀ ਖਾਤਿਰ
ਪੱਲਿਓਂ ਖਰਚ ਕੇ ਵੀ ਹਾਜ਼ਰ ਜਰੂਰ ਹੁੰਦੇ

ਝੂਠੀ – ਸੱਚੀ ਤਾਰੀਫ ‘ਗ਼ਰ ਕੋਈ ਕਰਦਾ
ਉਹਦੇ ਲਈ ਇਹ ਬੜੇ ਮਸ਼ਕੂਰ ਹੁੰਦੇ

ਤਾਂਘ ਰੱਖਦੇ ਨੇ ਸਦਾ ਸੁਣਾਉਣ ਵਾਲੀ
ਖੁਦ ਸੁਣਨ ਲਈ ਨਹੀਂਓਂ, ਮਜ਼ਬੂਰ ਹੁੰਦੇ

ਕੁੱਝ ਲਿਖਦੇ ਨੇ ਇੱਕੋ ਹੀ ਰੰਗ ਯਾਰੋ
ਤੇ ਕੁੱਝ ਸਰਵ ਗੁਣਾਂ, ਭਰਪੂਰ ਹੁੰਦੇ

ਕਈ ਹੁੰਦੇ ਮਸ਼ਹੂਰ ਨੇ ਨਾਮ ਕਰਕੇ
ਅੰਦਾਜ਼ ਏ ਬਿਆਂ ਲਈ ਕਈ ਮਸ਼ਹੂਰ ਹੁੰਦੇ

ਕੌਡੀ ਪੈਂਦਾ ਨਹੀਂ ਮੁੱਲ ਕਦੇ ਲਿਖਤਾਂ ਦਾ
ਫਿਰ ਵੀ ਲਿਖਣ ਲਈ ਕਿਉਂ ਮਜ਼ਬੂਰ ਹੁੰਦੇ

‘ਖੁਸ਼ੀ ਮੁਹੰਮਦਾ’ ਕੁੱਝ ਆਕੜਖੋਰ ਜਿਹੜੇ
ਆਪਣੀ ਹਓਮੈਂ ‘ਚ ਸਦਾ ਮਗ਼ਰੂਰ ਹੁੰਦੇ…..

ਖੁਸ਼ੀ ਮੁਹੰਮਦ ਚੱਠਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਲਾਂ ‘ਚੋਂ ਗੱਲ……
Next articleਧੀਆਂ