ਦਿੱਲੀ ਘੋਲ ਨੂੰ ਸਮਰਪਿਤ ।
(ਸਮਾਜ ਵੀਕਲੀ)
ਵਿਹਲੜ,ਲੁਟੇਰੇ,ਸ਼ੈਤਾਨਾਂ ਦੇ ਵੱਲੋਂ ਘਾਤਕ ਮੁੱਦੇ ਛੇੜੇ ਜਾਂਦੇ ਨੇ!
ਐਸੀ ਨਫਰਤੀ ਅੱਗ ਦੇ ਅੰਦਰ ਤਾਂ ਭੋਲੇ ਭਾਲੇ ਘੇਰੇ ਜਾਂਦੇ ਨੇ!
ਸੁਧਾਰਾਂ ਦੇ ਨਾਂ ਤੇ ਸ਼ਰੇ ਤਬਾਹੀ,ਬੜੀ ਹੀ ਹੰਕਾਰੀ ਬਣ ਬੈਠੀ ਏ,
ਨਿਆਂ,ਸਮਾਨਤਾ ਦੇ ਸ਼ਬਦਾਂ ਤੋਂ ਬਾਰੀਆਂ ਬੂਹੇ ਹੀ ਭੇੜੇ ਜਾਂਦੇ ਨੇ।
ਅਚਿੰਤੇ ਬਾਜ ਨੇ ਕੀ ਸੋਚਿਆ,ਕਿ ਢਿੱਡ ਧੋਣ ਤੱਕ ਵੀ ਜਾਏਗਾ ?
ਨਿਤਾਣਿਆਂ ਦੇ ਤਾਂ ਮਾਣ ਖੋਹ ਖੋਹ,ਤੇਰ ਮੇਰ ਚ ਗੇੜੇ ਜਾਂਦੇ ਨੇ !
ਮਰ ਮਰ ਕਰਨ ਗੁਜਾਰੇ ਲੋਕੀ,ਕਿਓਂ ‘ਰੱਬਾ’ ਤੈਨੂੰ ਇਲਮ ਨਹੀ ?
ਸ਼ਮਸ਼ਾਨ-ਘਾਟਾਂ ਦੇ ਰਾਹਾਂ ਥਾਣੀ ਭਾਂਵੇਂ ਨਿੱਤ ਬਥੇਰੇ ਜਾਂਦੇ ਨੇ !
ਹਕੂਮਤ ਅਤੇ ਆਦਾਲਤ ਕੈਸੀ ਸੁਰ,ਇੱਕੋ ਰੰਗੇ ਰੰਗ ਹੋਈਆਂ ਜਾ,
ਤਦੇ ਸਚਾਈਆਂ ਨੂੰ ਫਾਂਸੀਆਂ ਲਾ ਲਾ ‘ਝਗੜੇ’ ਨਬੇੜੇ ਜਾਂਦੇ ਨੇ !
ਖੋਹ ਖੇਤਾਂ ਦੀ ਖੋਤਾ-ਅੜੀ ਨੇ ਤਿੱਖਾ ਤਿਰਸ਼ੂਲ ਜਾ ਫੜ ਲਿਆ ਹੈ,
ਕੁਫੈਦਿਆਂ ਨੂੰ ਫਾਇਦੇ ਦੱਸ ਦੱਸਕੇ ਸਾਡੇ ਜਖਮ ਉਚੇੜੇ ਜਾਂਦੇ ਨੇ।
ਧਾਗੇ ਤਾਬੀਤਾਂ ਤੇ ਗੋਹਾ ਮੂਤਰ ਦੇ ਜੋ ਜਾਪ ਵਿਛਾਏ ਜਾ ਰਹੇ ਆ,
ਸਾਡੀ ਨਿੱਜੀ ਜਿੰਦਗੀ ਦੇ ਵਿੱਚ ਕਲਪਤੀ ਗੁਰ ਘੁਸੇੜੇ ਜਾਂਦੇ ਨੇ!
ਇਓਂ ਹਨੇਰਿਆਂ ਜਾਲ ਵਿਛਾਕੇ ਅੱਤਮਿੱਟੀ ਸਿਖਰਾਂ ਚੁੱਕੀ ਹੋਈ,
ਕੱਖੋਂ ਹੌਲੇ ਰਹਿ ਰਹਿਕੇ ਅਜਾਈਂ,ਸਾਡੇ ਸੁਬਾਹ ਸਵੇਰੇ ਜਾਂਦੇ ਨੇ ।
ਸੁਣਿਐਂ ਹਿਟਲਰ ਦੀ ਰੂਹ ਦਿੱਲੀਓਂ ਮੁੜ ਲਲਕਾਰੇ ਮਾਰ ਰਹੀ,
ਪਰ ਲੋਕਾਂ ਵੱਲੋਂ ਵੀ ਇਸ ਭਗਵੀਂ ਖੁੱਦੋ ਦੇ ਪਾਜ ਉਧੇੜੇ ਜਾਂਦੇ ਨੇ !
ਰੱਤ ਚੂਸਣੇ ਮਲਕ ਭਾਗੋ ਸੱਭ ਰਲ਼ਕੇ ਇੱਕੋ ਥੜ੍ਹੇ ਤੇ ਬੁੱਕ ਰਹੇ ਆ,
ਵੋਟਾਂ ਵੇਲੇ ਲਾਰੇ ਲਾ ਲਾ ਬੇਜਾਮੀਰੇ,ਜਿੱਤਕੇ ਹੀ ਜਿਹੜੇ ਜਾਂਦੇ ਨੇ!
ਸੁਖਦੇਵ ਸਿੱਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly