(ਸਮਾਜ ਵੀਕਲੀ)
ਚਿੱਤ ਕਰੇ ਨਾਨਕੇ ਜਾ ਆਵਾਂ,
ਨਾਨੀ ਹੱਥੋਂ, ਕੁੱਟੀ ਚੂਰੀ ਖਾ ਆਵਾਂ।
ਡੱਕੇ ਵਾਲੀ ਕੁਲਫ਼ੀ,ਮੰਗਾ ਮਾਮੇ ਤੋਂ,
ਖੁੱਲ੍ਹੇ ਨਾ ਘੋਲ ਗੰਢ ਪਈ ਪਜਾਮੇ ਤੋਂ।
ਵਿੱਚ ਚੁਬੱਚੇ ਫ਼ੇਰ,ਦੜੰਗੇ ਲਾ ਆਵਾਂ…
ਚਿੱਤ ਕਰੇ ਨਾਨਕੇ…
ਮਾਰੀਆਂ ਛਾਲਾਂ ਪਰਾਲੀ ਨਾਲੇ ਤੂੜੀ ਤੇ,
ਚਾਰ ਖੂੰਜਾ ਰੁਮਾਲ ਹੁੰਦਾ ਸੀ ਉਦੋਂ ਜੂੜੀ ਤੇ।
ਨਾਨੀ ਕੋਲ਼ੋ ਫ਼ੇਰ ਮੀਂਢੀਆਂ ਗੁੰਦਵਾ ਆਵਾਂ…
ਚਿੱਤ ਕਰੇ ਨਾਨਕੇ ਜਾ….
ਹੌਲੀ ਹੌਲੀ ਲਿਖਣਾ ਕੰਮ ਉਹ ਕਾਪੀ ਤੇ,
ਚੀਜੀ, ਰੁੰਗਾ ਹੁਣ ਇੱਕ ਸੁਪਨਾ ਜਾਪੀ ਦੇ।
ਆੜੀਆਂ ਦੇ ਨਾਲ ਫ਼ੇਰ ਪੁਰਾਣੀਆਂ ਬਾਤਾਂ ਪਾ ਆਵਾਂ…
ਚਿੱਤ ਕਰੇ ਨਾਨਕੇ ਜਾ…
ਸਾਇਕਲ ਵਾਲੀ ਕੈਂਚੀ ਸਿੱਖਣੀ,
ਪੋਚ ਪੋਚ ਕੇ ਫ਼ੱਟੀ ਲਿੱਖਣੀ।
ਮਾਸੀ ਕੋਲ਼ੋਂ,ਆਪਣੀ ਕਲ਼ਮ ਘੜਾ ਆਵਾਂ…
ਚਿੱਤ ਕਰੇ ਨਾਨਕੇ….
ਮੀਨੇ ਪਿੱਛੋਂ ਪਿੰਡ ਓ ਮੁੜਨਾ,
ਆਕੜ ਆਕੜ ਕੇ ਜੇੇ ਤੁਰਨਾ।
ਦਿੱਤੇ ਨਾਨੇ ਦੇ ਕੱਪੜੇ, ਸਭਨੂੰ ਦਿਖਾ ਆਵਾਂ…
ਚਿੱਤ ਕਰੇ ਨਾਨਕੇ ਜਾ. …
ਭੁੱਲਦੇ ਨਹੀਂ ਦਿਨ ਓਹ ਹਰਵਿੰਦਰ ਨੂੰ,
ਦੇਖਿਆ ਜਦੋਂ ਮੈਂ ਲੰਬੂ ਤੇ ਧਲਮਿੰਦਰ ਨੂੰ।
ਵੀ.ਸੀ.ਆਰ.ਤੇ ਰੀਲ ਪੁਰਾਣੀ ਲਾ ਆਵਾਂ…
ਚਿੱਤ ਕਰੇ ਨਾਨਕੇ ਜਾ ਆਵਾਂ.. .
ਹਰਵਿੰਦਰ ਸਿੰਘ ਰੁੜਕੀ
98140 37915
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly