ਸਹੂਲਤ ਜਾਂ ਸਜ਼ਾ

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਪਿੱਛਲੇ ਦਿਨੀਂ ਅਚਾਨਕ ਹੀ ਪਿੰਡ ਜਾਣ ਦਾ ਸਬੱਬ ਬਣ ਗਿਆ। ਬਹੁਤ ਸਮੇਂ ਬਾਅਦ ਪਿੰਡ ਜਾਣ ਦਾ ਮੌਕਾ ਮਿਲਿਆ ਸੀ। ਇਸ ਕਰਕੇ ਮੈਂ ਬਹੁਤ ਖੁਸ਼ ਸਾਂ। ਮੈਂ ਬੱਸ ਵਿੱਚ ਬਲਾਚੌਰ ਤੋਂ ਆਪਣੇ ਨਾਨਕੇ ਪਿੰਡ ਦਾ ਸਫ਼ਰ ਤੈਅ ਕਰਨਾ ਸੀ। ਕਾਫ਼ੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਇੱਕ ਬੱਸ ਮਿਲ਼ੀ। ਮੈਂ ਹਜੇ ਬੱਸ ਵਿੱਚ ਬੈਠੀ ਹੀ ਸਾਂ ਕਿ ਕੰਡਕਟਰ ਇੱਕ ਬਜ਼ੁਰਗ ਔਰਤ ਨੂੰ ਅਵਾ-ਤਵਾ ਬੋਲਣ ਲੱਗਾ। ਪੁੱਛਣ ਤੇ ਪਤਾ ਲੱਗਾ ਕਿ ਉਹ ਔਰਤ ਕਿਸੇ ਨਜ਼ਦੀਕ ਦੇ ਅੱਡੇ ਤੋਂ ਬੱਸ ਵਿੱਚ ਚੜ੍ਹੀ ਸੀ ਤੇ ਹੁਣ ਨਾਲ਼ ਹੀ ਲਗਦੇ ਅੱਡੇ (ਬਾਈਪਾਸ) ਤੇ ਉੱਤਰਨਾ ਚਾਹੁੰਦੀ ਸੀ। ਉਸਦੇ ਹੱਥ ਵਿੱਚ ਆਧਾਰ ਕਾਰਡ ਸੀ ਜਿਸਨੂੰ ਦੇਖ ਕੇ ਕੰਡਕਟਰ ਲੋਹਾ- ਲਾਖਾ ਹੋਇਆ ਪਿਆ ਸੀ।

ਅਖੇ ਇਹ ਕੀ ਗੱਲ ਹੋਈ? ਓੱਥੋਂ ਚੜ੍ਹੋ ਤੇ ਏਥੇ ਉੱਤਰ ਜਾਓ। ਇਹ ਰੋਡਵੇਜ਼ ਦੀ ਬੱਸ ਹੈ ਕੋਈ ਪ੍ਰਾਈਵੇਟ ਬੱਸ ਨਹੀਂ ਹੈ। ਮਜ਼ਾਕ ਸਮਝਿਆ ਹੋਇਆ ਇਨ੍ਹਾਂ ਲੋਕਾਂ ਨੇ। ਅਧਾਰ ਕਾਰਡ ਫੜਿਆ ਤੇ ਚੜ੍ਹ ਗਏ ਬੱਸ ਵਿੱਚ। ਉਹ ਗੁੱਸੇ ਵਿੱਚ ਬੋਲੀ ਜਾ ਰਿਹਾ ਸੀ ਤੇ ਡਰਾਈਵਰ ਨੂੰ ਕਹਿ ਰਿਹਾ ਸੀ ਕਿ ਚੱਲ,ਚੱਲ ਤੂੰ, ਇੱਥੇ ਬੱਸ ਨਹੀਂ ਰੋਕਣੀ। ਇਹਨੂੰ ਰੋਪੜ ਜਾ ਕੇ ਹੀ ਲਾਹੁਣਾ ਹੁਣ। ਫ਼ੇਰ ਪਤਾ ਲੱਗੂ।

ਸਾਰੀਆਂ ਸਵਾਰੀਆਂ ਚੁੱਪ ਸਨ ਪਰ ਮੇਰੇ ਕੋਲੋਂ ਇਹ ਸੱਭ ਸਹਿਣ ਨਹੀਂ ਹੋਇਆ। ਮੈਂ ਉੱਠ ਕੇ ਡਰਾਈਵਰ ਕੋਲ਼ ਗਈ ਤੇ ਉਹਨੂੰ ਬੱਸ ਰੋਕਣ ਲਈ ਕਿਹਾ। ਮੈਨੂੰ ਬਹੁਤ ਗੁੱਸੇ ‘ਚ ਦੇਖ਼ ਕੇ ਉਹਨੇ ਬੱਸ ਰੋਕ ਦਿੱਤੀ ਤੇ ਮੈਂ ਉਸ ਬਜ਼ੁਰਗ ਮਾਤਾ ਨੂੰ ਹੇਠਾਂ ਉਤਾਰਿਆ ਜੋ ਕਿ ਰੋਣਹਾਕੀ ਹੋਈ ਪਈ ਸੀ। ਇਸ ਤੋਂ ਪਹਿਲਾਂ ਮੈਂ ਕੰਡਕਟਰ ਨੂੰ ਪੁੱਛਿਆ ਕਿ ਤੁਹਾਨੂੰ ਆਪਣੀ ਮਾਂ ਦੀ ਉਮਰ ਦੀ ਔਰਤ ਨਾਲ਼ ਇੰਝ ਬੋਲਦਿਆਂ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ?

ਦੂਜੀ ਗੱਲ ਜੇ ਇਹ ਬੱਸ ਸਰਕਾਰੀ ਹੈ ਤਾਂ ਲੋਕਾਂ ਲਈ ਹੀ ਹੈ ਤੇ ਜੇ ਇਸ ਮਾਤਾ ਨੇ ਆਧਾਰ ਕਾਰਡ ਦੀ ਕੋਈ ਸਹੂਲਤ ਲੈ ਲਈ ਤਾਂ ਤੁਹਾਨੂੰ ਕੀ ਤਕਲੀਫ਼ ਹੋਈ। ਇਹ ਤਾਂ ਸਰਕਾਰ ਨੇ ਸਹੂਲਤ ਦਿੱਤੀ ਹੈ। ਇਸ ਵਿੱਚ ਤੁਹਾਡਾ ਕੀ ਜਾ ਰਿਹਾ?

ਮੇਰੀਆਂ ਗੱਲਾਂ ਸੁਣ ਕੇ ਉਹ ਕੁੱਝ ਢੈਲਾ਼ ਜਿਹਾ ਪੈ ਗਿਆ ਪਰ ਫ਼ੇਰ ਵੀ ਬੋਲਣੋਂ ਨਾਂ ਹੱਟਿਆ ਤਾਂ ਮੈਂ ਉਹਨੂੰ ਪੁੱਛਿਆ ਕਿ ਕੀ ਤੁਸੀਂ ਆਪਣੀ ਮਾਂ ਨਾਲ਼ ਵੀ ਇੰਝ ਹੀ ਬੋਲਦੇ ਹੋ ਤਾਂ ਉਹਨੇ ਖਿੱਝ ਕੇ ਜਵਾਬ ਦਿੱਤਾ ਕਿ ਆਹੋ ਮੈਂ ਇੰਝ ਹੀ ਬੋਲਦਾ ਹਾਂ ਆਪਣੀ ਮਾਂ ਨੂੰ ਵੀ। ਇੰਨਾਂ ਕਹਿ ਕੇ ਉਹਨਾਂ ਨੇ ਬੱਸ ਭਜਾ ਲਈ ਤੇ ਮੈਂ ਉਸ ਮਾਤਾ ਕੋਲ਼ ਹੀ ਖੜ੍ਹੀ ਰਹਿ ਗਈ।

ਮੈਂ ਮਾਤਾ ਜੀ ਨੂੰ ਹੌਂਸਲਾ ਦਿੱਤਾ ਤੇ ਉਹਦੇ ਰਾਹ ਪਾਇਆ ਤੇ ਆਪ ਅਗਲੀ ਬੱਸ ਨੂੰ ਉਡੀਕਣ ਲੱਗ ਗਈ। ਉੱਥੇ ਖੜ੍ਹੇ ਹੀ ਮੇਰੀ ਸੋਚ ਕਈ ਸਾਲ ਪਿੱਛੇ ਚਲੀ ਗਈ ਜਦੋਂ ਅਸੀਂ ਰੋਪੜ ਸਰਕਾਰੀ ਕਾਲਜ ਵਿੱਚ ਪੜ੍ਹਦੀਆਂ ਸਾਂ। ਸਾਡਾ ਸਫ਼ਰ ਕਾਫ਼ੀ ਲੰਬਾ ਹੁੰਦਾ ਸੀ ਇਸ ਲਈ ਸਰਕਾਰੀ ਬੱਸ ਦਾ ਪਾਸ ਬਣਾ ਲਈਦਾ ਸੀ ਪਰ ਉਦੋਂ ਵੀ ਸਰਕਾਰੀ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਇੰਝ ਹੀ ਬਦਤਮੀਜ਼ੀ ਕਰਦੇ ਹੁੰਦੇ ਸਨ। ਜਿੱਥੇ ਅਸੀਂ ਵਿਦਿਆਰਥੀਆਂ ਨੇ ਖੜ੍ਹਨਾ ਉੱਥੋਂ ਬੱਸ ਭਜਾ ਕੇ ਲੈ ਜਾਣੀ ਤੇ ਅੱਗੇ ਪਿੱਛੇ ਕਰਕੇ ਬਾਕੀ ਸਵਾਰੀਆਂ ਨੂੰ ਚੜ੍ਹਾ ਲੈਣਾ। ਕਈ ਵਾਰ ਘਰ ਮੁੜਦੀਆਂ ਨੂੰ ਸ਼ਾਮ ਪੈ ਜਾਣੀ। ਇੰਝ ਲੱਗਦਾ ਸੀ ਕਿ ਇਹ ਸਹੂਲਤ ਨਹੀਂ ਸਜ਼ਾ ਹੈ।

ਇੰਨੇ ਨੂੰ ਇੱਕ ਪ੍ਰਾਈਵੇਟ ਬੱਸ ਆ ਕੇ ਰੁਕੀ ਤਾਂ ਮੇਰੀ ਸੋਚਾਂ ਦੀ ਲੜੀ ਟੁੱਟੀ ਤੇ ਮੈਂ ਫਟਾਫਟ ਬੱਸ ਵਿੱਚ ਚੜ੍ਹ ਗਈ ਤੇ ਸ਼ੁੱਕਰ ਕੀਤਾ ਕਿ ਇਹ ਸਰਕਾਰੀ ਬੱਸ ਨਹੀਂ ਹੈ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ।

ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੇ ਪਿੰਡ ਦੀ ਗਲੀਆਂ….
Next articleਅਗਨੀ ਕਾਂਡ ਦੇ ਪੀੜਤ ਪ੍ਰਵਾਸੀ ਮਜ਼ਦੂਰਾਂ ਦੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਘਰੇਲੂ ਸਮਾਨ ਵੰਡਿਆ ਗਿਆ