ਨਵੀਂ ਦਿੱਲੀ, (ਸਮਾਜ ਵੀਕਲੀ): ਕਰੋਨਾਵਾਇਰਸ ਦੇ ਮੱਦੇਨਜ਼ਰ ਪਿਛਲੇ ਸਾਲ ਦੇਸ਼ ’ਚ ਲਾਗੂ ਤਾਲਾਬੰਦੀ ਦੌਰਾਨ ਯਾਤਰੀ ਰੇਲ ਸੇਵਾਵਾਂ ਵਿੱਚ ਭਾਰੀ ਕਟੌਤੀ ਹੋਣ ਦੇ ਬਾਵਜੂਦ 8700 ਤੋਂ ਵੱਧ ਲੋਕਾਂ ਨੂੰ ਰੇਲ ਪੱਟੜੀਆਂ ’ਤੇ ਕੁਚਲੇ ਜਾਣ ਕਾਰਨ ਜਾਨ ਗੁਆਉਣੀ ਪਈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਵਾਸੀ ਮਜ਼ਦੂਰ ਸਨ। ਮੱਧ ਪ੍ਰਦੇਸ਼ ਦੇ ਕਾਰਕੁਨ ਚੰਦਰ ਸ਼ੇਖਰ ਗੌੜ ਨੇ ਸੂਚਨਾ ਅਧਿਕਾਰ ਕਾਨੂੰਨ ਤਹਿਤ ਇਨ੍ਹਾਂ ਮੌਤਾਂ ਬਾਰੇ ਜਾਣਕਾਰੀ ਮੰਗੀ ਸੀ ਅਤੇ ਰੇਲਵੇ ਬੋਰਡ ਨੇ ਜਨਵਰੀ ਤੋਂ ਦਸੰਬਰ 2020 ਤੱਕ ਦੇ ਅੰਕੜੇ ਜਾਰੀ ਕੀਤੇ ਹਨ।
ਰੇਲਵੇ ਬੋਰਡ ਨੇ ਕਿਹਾ, ‘‘ਸੂਬਾ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ, ਜਨਵਰੀ ਤੋਂ ਦਸੰਬਰ 2020 ਤੱਕ ਰੇਲ ਪੱਟੜੀਆਂ ’ਤੇ ਕੁਚਲੇ ਜਾਣ ਕਾਰਨ 8733 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 805 ਜ਼ਖ਼ਮੀ ਹੋਏ ਹਨ।’’ ਅਧਿਕਾਰੀਆਂ ਨੇ ਵੱਖਰੇ ਤੌਰ ’ਤੇ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਵਾਸੀ ਮਜ਼ਦੂਰ ਸਨ, ਜੋ ਰੇਲ ਪੱਟੜੀਆਂ ਰਾਹੀਂ ਘਰ ਪਰਤ ਰਹੇ ਸਨ ਕਿਉਂਕਿ ਸੜਕਾਂ ਜਾਂ ਮਾਰਗਾਂ ਦੇ ਮੁਕਾਬਲੇ ਇਹ ਪੈਂਡਾ ਛੋਟਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੇ ਇਹ ਰਸਤਾ ਤਾਲਾਬੰਦੀ ਦੀ ਉਲੰਘਣਾ ਕਾਰਨ ਪੁਲੀਸ ਦੇ ਡਰੋਂ ਵੀ ਲਿਆ ਹੋ ਸਕਦਾ ਹੈ।
ਰੇਲਵੇ ਦੇ ਬੁਲਾਰੇ ਡੀਜੇ ਨਰਾਇਣ ਨੇ ਕਿਹਾ ਕਿ ਰੇਲ ਪੱਟੜੀਆਂ ’ਤੇ ਅਜਿਹੀਆਂ ਘਟਨਾਵਾਂ ਕਿਸੇ ਹਾਦਸੇ ਕਾਰਨ ਨਹੀਂ, ਸਗੋਂ ਗ਼ਲਤੀ ਕਾਰਨ ਵਾਪਰਦੀਆਂ ਹਨ। ਉਨ੍ਹਾਂ ਕਿਹਾ, ‘‘ਇਹ ਨਾਗਰਿਕਾਂ ਦੀ ਚਿੰਤਾ ਦਾ ਮਸਲਾ ਹੈ। ਰੇਲ ਪੱਟੜੀਆਂ ’ਤੇ ਹਾਦਸਿਆਂ ਨੂੰ ਰੋਕਣ ਲਈ ਰੇਲਵੇ ਹਮੇਸ਼ਾ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਦੇਸ਼ ਵਿੱਚ 70 ਹਜ਼ਾਰ ਦੇ ਲਗਪਗ ਰੇਲ ਪੱਟੜੀਆਂ ਹਨ, ਜਿਨ੍ਹਾਂ ’ਤੇ ਰੋਜ਼ਾਨਾ 17 ਹਜ਼ਾਰ ਤੋਂ ਵੱਧ ਰੇਲ ਗੱਡੀਆਂ ਲੰਘਦੀਆਂ ਹਨ। ਇਸ ਤਰ੍ਹਾਂ ਮੌਤਾਂ ਹੋਣਾ ਮੰਦਭਾਗਾ ਹੈ।’’ ਉਨ੍ਹਾਂ ਲੋਕਾਂ ਨੂੰ ਰੇਲ ਪੱਟੜੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly