ਕੇਰਲਾ ’ਚ ਅੱਜ ਦਸਤਕ ਦੇ ਸਕਦੀ ਹੈ ਮੌਨਸੂਨ

ਨਵੀਂ ਦਿੱਲੀ, (ਸਮਾਜ ਵੀਕਲੀ): ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੱਖਣ-ਪੱਛਮੀ ਮੌਨਸੂਨ ਦੇ ਕੇਰਲਾ ਪਹੁੰਚਣ ਲਈ ਸਥਿਤੀਆਂ ਸਾਜ਼ਗਾਰ ਹਨ ਤੇ ਭਲਕੇ ਇਹ ਸੂਬੇ ਦੇ ਆਸਮਾਨ ’ਤੇ ਛਾ ਜਾਵੇਗੀ। ਕੇਰਲਾ ’ਚ ਸਥਾਨਕ ਪੱਧਰ ਉਤੇ ਮੀਂਹ ਵੱਖ-ਵੱਖ ਇਲਾਕਿਆਂ ’ਚ ਪਹਿਲਾਂ ਨਾਲੋਂ ਜ਼ਿਆਦਾ ਪੈ ਰਿਹਾ ਹੈ। ਪੱਛਮ ਵੱਲੋਂ ਆਉਂਦੀਆਂ ਹਵਾਵਾਂ ਨੀਵੇਂ ਪੱਧਰ ਉਤੇ ਤੇਜ਼ ਹੋ ਗਈਆਂ ਹਨ। ਅਰਬ ਸਾਗਰ ਦੇ ਦੱਖਣ ਵਿਚ ਵੀ ਤੇਜ਼ ਹਵਾਵਾਂ ਚੱਲ ਰਹੀਆਂ ਹਨ।

ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾਂ ’ਚ ਕੇਰਲਾ ਤੱਟ ’ਤੇ ਜ਼ਿਆਦਾ ਬੱਦਲ ਛਾਏ ਨਜ਼ਰ ਆ ਰਹੇ ਹਨ। ਵਿਭਾਗ ਨੇ ਕਿਹਾ ਕਿ ਜਿਹੋ-ਜਿਹੀ ਸਥਿਤੀ ਬਣ ਰਹੀ ਹੈ, ਅਗਲੇ 24 ਘੰਟਿਆਂ ਦੌਰਾਨ ਕੇਰਲਾ ਵਿਚ ਮੀਂਹ ਜ਼ਿਆਦਾ ਪੈਣ ਦੇ ਅਸਾਰ ਬਣ ਰਹੇ ਹਨ। ਇਸ ਲਈ ਇਸੇ ਸਮੇਂ ਦੌਰਾਨ ਕੇਰਲਾ ਵਿਚ ਮੌਨਸੂਨ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ। ਆਮ ਤੌਰ ’ਤੇ ਕੇਰਲਾ ਵਿਚ ਮੌਨਸੂਨ ਪਹਿਲੀ ਜੂਨ ਨੂੰ ਦਸਤਕ ਦੇ ਦਿੰਦੀ ਹੈ। ਮੌਸਮ ਵਿਭਾਗ ਨੇ ਇਸ ਤੋਂ ਪਹਿਲਾਂ ਮੌਨਸੂਨ ਦੇ 31 ਮਈ ਨੂੰ ਕੇਰਲਾ ਪਹੁੰਚਣ ਦਾ ਅੰਦਾਜ਼ਾ ਲਾਇਆ ਸੀ ਤੇ ਚਾਰ ਦਿਨ ਉਪਰ-ਥੱਲੇ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ। ਹਾਲਾਂਕਿ 30 ਮਈ ਨੂੰ ਮੌਸਮ ਵਿਭਾਗ ਨੇ ਕਿਹਾ ਸੀ ਕਿ ਹਾਲੇ ਸਥਿਤੀ ਸਾਜ਼ਗਾਰ ਨਹੀਂ ਬਣੀ। ਇਸ ਸਾਲ ਮੌਨਸੂਨ ਦੇ ਆਮ ਵਾਂਗ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।

ਇਸੇ ਦੌਰਾਨ ਨਵੀਂ ਦਿੱਲੀ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਭਲਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਘੱਟ ਹੈ। ਘੱਟ ਤੋਂ ਘੱਟ ਤਾਪਮਾਨ ਵੀ 22.2 ਡਿਗਰੀ ਰਿਹਾ ਜੋ ਕਿ ਆਮ ਨਾਲੋਂ ਪੰਜ ਡਿਗਰੀ ਘੱਟ ਸੀ। ਰਾਜਧਾਨੀ ਵਿਚ ਮੰਗਲਵਾਰ ਘੱਟ ਤੋਂ ਘੱਟ 17.6 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੀ ਜੋ ਕਿ ਆਮ ਨਾਲੋਂ 10 ਡਿਗਰੀ ਘੱਟ ਸੀ ਤੇ ਜੂਨ ਵਿਚ ਹੁਣ ਤੱਕ ਰਿਕਾਰਡ ਕੀਤਾ ਗਿਆ ਇਹ ਸਭ ਤੋਂ ਘੱਟ ਤਾਪਮਾਨ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਲਪਨ ਬੰਦੋਪਾਧਿਆਏ ਨਾਲ ਡਟ ਕੇ ਖੜ੍ਹਾਂਗੇ: ਮਮਤਾ
Next articleਸੰਗਤ ਦੇ ਦਰਸ਼ਨ ਲਈ ਰੱਖੇ ਜਾਣਗੇ ਨੁਕਸਾਨੇ ਪਾਵਨ ਸਰੂਪ