ਤਹਿਰਾਨ, (ਸਮਾਜ ਵੀਕਲੀ): ਇਰਾਨ ਦੀ ਜਲ ਸੈਨਾ ਦੇ ਸਭ ਤੋਂ ਵੱਡੇ ਜੰਗੀ ਬੇੜੇ ਨੂੰ ਅੱਜ ਓਮਾਨ ਦੀ ਖਾੜੀ ’ਚ ਅੱਗ ਲੱਗ ਗਈ ਅਤੇ ਬਾਅਦ ਵਿੱਚ ਇਹ ਡੁੱਬ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ ਹੈ। ‘ਫਾਰਸ’ ਨਿਊਜ਼ ਏਜੰਸੀ ਨੇ ਦੱਸਿਆ ਕਿ ਅੱਗ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਲੱਗਪਗ 2.25 ਵਜੇ ਲੱਗੀ ਅਤੇ ਅੱਗ ਬੁਝਾਊ ਅਮਲੇ ਨੇ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਸਰਕਾਰੀ ਮੀਡੀਆ ਦੀ ਖ਼ਬਰ ਮੁਤਾਬਕ ਜੰਗੀ ਬੇੜੇ ‘ਖੜਗ’ ਨੂੰ ਬਚਾਉਣ ਦੇ ਯਤਨ ਅਸਫਲ ਹੋ ਗਏ। ਮੀਡੀਆ ਮੁਤਾਬਕ ਬੇੜੇ ’ਤੇ 400 ਜਵਾਨ ਸਵਾਰ ਸਨ, ਜਿਨ੍ਹਾਂ ਵਿੱਚੋਂ 20 ਜ਼ਖ਼ਮੀ ਹੋਏ ਹਨ।
ਇਹ ਬੇੜਾ ਓਮਾਨ ਦੀ ਖਾੜੀ ’ਚ ਤਹਿਰਾਨ ਤੋਂ ਲੱਗਪਗ 1,270 ਕਿਲੋਮੀਟਰ ਦੂਰ ਦੱਖਣੀ-ਪੂਰਬ ਵਿੱਚ ਜਸਕ ਬੰਦਰਗਾਹ ਨੇੜੇ ਡੁੱਬਿਆ। ਇਰਾਨ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਤਸਵੀਰਾਂ ’ਚ ਜਲ ਸੈਨਾ ਦੇ ਜਵਾਨ ਲਾਈਫ ਜੈਕਟਾਂ ਪਾਈ ਬੇੜੇ ਤੋਂ ਪਾਣੀ ’ਚ ਛਾਲਾਂ ਮਾਰਦੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਪਿੱਛੇ ਬੇੜੇ ਨੂੰ ਅੱਗ ਲੱਗੀ ਹੋਈ ਨਜ਼ਰ ਆ ਰਹੀ ਹੈ। ਉਪਗ੍ਰਹਿ ਨਾਲ ਲਈਆਂ ਤਸਵੀਰਾਂ ਵਿੱਚ ‘ਖੜਗ’ ਜਸਕ ਦੇ ਪੱਛਮੀ ’ਚ ਪਾਣੀ ’ਚ ਡੁੱਬਦਾ ਦਿਖਾਈ ਦੇ ਰਿਹਾ ਹੈ। ਇਰਾਨੀ ਅਧਿਕਾਰੀਆਂ ਵੱਲੋਂ ਬੇੜੇ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly