ਮੰਡ ਖੇਤਰ ਦੀ 15 ਹਜ਼ਾਰ ਏਕੜ ਜ਼ਮੀਨ ਨੂੰ ਦਰਿਆ ਬੁਰਦ ਹੋਣ ’ਤੋਂ ਬਚਾਉਣ ਲਈ ਸਟੱਡ ਲਾਉਣ ਦਾ ਕੰਮ ਜ਼ੋਰਾਂ ’ਤੇ

ਕੈਪਸ਼ਨ- ਮੰਡ ਖੇਤਰ ਵਿਚ ਲਗਾਏ ਜਾ ਰਹੇ ਪੱਥਰ ਦੇ ਸਟੱਡਾਂ ਦਾ ਨਿਰੀਖਣ ਕਰਦੇ ਹੋਏ ਵਿਧਾਇਕ ਸ. ਨਵਤੇਜ ਸਿੰਘ ਚੀਮਾ । ਨਾਲ ਐਸ.ਡੀ.ਐਮ. ਡਾ, ਚਾਰੂਮਿਤਾ ਤੇ ਹੋਰ ।
  • ਵਾਹੀਯੋਗ ਜ਼ਮੀਨ ਦਾ ਇਕ ਇੰਚ ਵੀ ਦਰਿਆ ਦੀ ਭੇਟ ਨਹੀਂ ਚੜ੍ਹਨ ਦਿੱਤਾ ਜਾਵੇਗਾ-ਚੀਮਾ
  • 70 ਲੱਖ ਰੁਪੈ ਦੀ ਲਾਗਤ ਨਾਲ 3 ਸਟੱਡਾਂ ਦਾ ਕੰਮ ਮੁਕੰਮਲ
  • ਆਹਲੀ ਖੁਰਦ ਸਾਹਮਣੇ ਵੀ ਸਟੱਡ ਲਾਉਣ ਦਾ ਐਲਾਨ
  • ਮਾਨਸੂਨ ਸੀਜ਼ਨ ਤੋਂ ਪਹਿਲਾਂ ਹੋਵੇਗਾ ਸਾਰਾ ਕੰਮ ਮੁਕੰਮਲ

ਕਪੂਰਥਲਾ/ਸੁਲਤਾਨਪੁਰ ਲੋਧੀ, ਸਮਾਜ ਵੀਕਲੀ (ਕੌੜਾ)-ਸੁਲਤਾਨਪੁਰ ਲੋਧੀ ਹਲਕੇ ਦੇ ਮੰਡ ਖੇਤਰ ਅੰਦਰ 15 ਹਜ਼ਾਰ ਏਕੜ ਵਾਹੀਯੋਗ ਜ਼ਮੀਨ ਨੂੰ ਦਰਿਆ ਬੁਰਦ ਹੋਣ ਤੋਂ ਬਚਾਉਣ ਲਈ ਕਰਮੂਵਾਲਾ ਪੱਤਣ ਵਿਖੇ ਪੱਥਰ ਦੇ 3 ਸਟੱਡ ਲਾਉਣ ਦਾ ਕੰਮ 70 ਲੱਖ ਰੁਪੈ ਦੀ ਲਾਗਤ ਨਾਲ ਮੁਕੰਮਲ ਕਰ ਲਿਆ ਗਿਆ ਹੈ।

ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ. ਨਵਤੇਜ ਸਿੰਘ ਚੀਮਾ , ਜਿਨ੍ਹਾਂ ਵਲੋਂ ਮੰਡ ਖੇਤਰ ਵਿਚਲੀ ਹਜ਼ਾਰਾਂ ਏਕੜ ਜ਼ਮੀਨ ਨੂੰ ਦਰਿਆ ਦੀ ਭੇਟ ਚੜਨ ਤੋਂ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ, ਵਲੋਂ ਅੱਜ ਕਰਮੂਵਾਲਾ ਤੇ ਗੁੱਦੇ (ਆਹਲੀ ਕਲਾਂ) ਵਿਖੇ ਪੱਥਰ ਦੇ ਪੱਕੇ ਸਟੱਡ ਲਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।

ਉਨ੍ਹਾਂ ਇਸ ਮੌਕੇ ਕਿਹਾ ਕਿ ‘ਮੰਡ ਖੇਤਰ ਅੰਦਰ ਕਿਸੇ ਵੀ ਕਿਸਾਨ ਦੀ ਇਕ ਇੰਚ ਜ਼ਮੀਨ ਵੀ ਬਿਆਸ ਦਰਿਆ ਦੀ ਭੇਟ ਨਹੀਂ ਚੜ੍ਹਨ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਆਹਲੀ ਖੁਰਦ ਪਿੰਡ ਜਿੱਥੇ ਕਿ ਲੋਕ ਹਰ ਸਾਲ ਆਪਣੇ ਕੋਲੋਂ ਲੱਖਾਂ ਰੁਪੈ ਇਕੱਤਰ ਕਰਕੇ ਜ਼ਮੀਨ ਅਤੇ ਫਸਲ ਨੂੰ ਬਚਾਉਣ ਲਈ ਐਂਡਵਾਂਸ ਬੰਨ੍ਹ ਨੂੰ ਪੱਕਾ ਕਰਕੇ ਰਾਖੀ ਕਰਦੇ ਹਨ , ਦੀ ਮਜ਼ਬੂਤੀ ਤੇ ਬਚਾਅ ਲਈ ਵੀ 2 ਹੋਰ ਸਟੱਡ ਲਾਉਣ ਦਾ ਐਲਾਨ ਕੀਤਾ।

ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਤੇ ਡਰੇਨਜ਼ ਵਿਭਾਗ ਦੀ ਟੀਮ ਨੂੰ ਸਰਵੇ ਲਈ ਭੇਜਿਆ ਗਿਆ ਸੀ, ਜਿਸ ਵਲੋਂ ਵਿਧਾਇਕ ਚੀਮਾ ਸਮੇਤ ਮੌਕੇ ’ਤੇ ਜਾ ਕੇ ਦਰਿਆ ਵਲੋਂ ਪੱਕੀਆਂ ਜ਼ਮੀਨਾਂ ਨੂੰ ਲਗਾਈ ਜਾ ਰਹੀ ਢਾਹ ਦਾ ਜਾਇਜ਼ਾ ਲਿਆ ਗਿਆ।

ਵਿਧਾਇਕ ਚੀਮਾ , ਜਿਨ੍ਹਾਂ ਨੇ ਬਿਆਸ ਦਰਿਆ ਤੋਂ ਵਾਹੀਯੋਗ ਜ਼ਮੀਨਾਂ ਨੂੰ ਬਚਾਉਣ ਲਈ ਪੱਥਰ ਦੇ ਸਟੱਡ ਲਗਵਾਉਣ ਦੀ ਪਹਿਲਕਦਮੀ ਕੀਤੀ ਹੈ, ਨੇ ਦੱਸਿਆ ਕਿ ਮੰਡ ਖੇਤਰ ਅੰਦਰ ਆਖਰੀ ਵਾਰ ਸਾਲ 1999 ਵਿਚ ਕੁਝ ਸਟੱਡ ਲਗਾਏ ਗਏ ਸਨ, ਪਰ ਬਾਅਦ ਵਿਚ ਇਸ ਖੇਤਰ ਦੀ 12 ਤੋਂ 15 ਹਜ਼ਾਰ ਏਕੜ ਜ਼ਮੀਨ ਨੂੰ ਦਰਿਆ ਤੋਂ ਬਚਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਕਰਮੂਵਾਲਾ ਪੱਤਣ ਵਿਖੇ 70 ਲੱਖ ਰੁਪੈ ਨਾਲ 3 ਸਟੱਡ ਲਗ ਗਏ ਹਨ ਜਦਕਿ ਇਕ ਹੋਰ ਦਾ ਕੰਮ ਚੱਲ ਰਿਹਾ ਹੈ । ਇਸ ਤੋਂ ਇਲਾਵਾ ਆਹਲੀ ਕਲਾਂ (ਗੁੱਦੇ) ਵਿਖੇ ਵੀ 2 ਹੋਰ ਸਟੱਡ ਲਾਉਣ ਦੇ ਕੰਮ ਦੀ ਸ਼ੁਰੂਆਤ ਹੋਈ ਹੈ । ਇਸੇ ਤਰ੍ਹਾਂ ਆਹਲੀ ਖੁਰਦ ਵਿਖੇ ਵੀ 2 ਹੋਰ ਸਟੱਡ 40 ਲੱਖ ਰੁਪੈ ਦੀ ਲਾਗਤ ਨਾਲ ਲਗਾਏ ਜਾਣਗੇ ਤਾਂ ਜੋ ਦਰਿਆ ਦਾ ਵਹਿਣ ਦੂਜੇ ਪਾਸੇ ਮੋੜਿਆ ਜਾ ਸਕੇ।

ਡਰੇਨਜ਼ ਵਿਭਾਗ ਦੇ ਐਸ.ਡੀ.ਓ. ਗੁਰਚਰਨ ਸਿੰਘ ਪੰਨੂ ਨੇ ਦੱਸਿਆ ਕਿ ਇਨ੍ਹਾਂ ਸਟੱਡਾਂ ਦਾ ਕੰਮ ਮਨਰੇਗਾ ਤਹਿਤ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ, ਸਗੋਂ ਕੰਮ ਦੀ ਲਾਗਤ ਵੀ ਘਟੀ ਹੈ। ਉਨ੍ਹਾਂ ਦੱਸਿਆ ਕਿ 15 ਜੂਨ ਤੱਕ ਸਾਰੇ ਸਟੱਡ ਲਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਆਗਾਮੀ ਮਾਨਸੂਨ ਸੀਜ਼ਨ ਦੌਰਾਨ ਹੜ੍ਹ ਤੋਂ ਬਚਾਅ ਰਹਿ ਸਕੇ।

ਇਸ ਮੌਕੇ ਸੈਕਟਰੀ ਅਮਰੀਕ ਸਿੰਘ, ਭੁਪਿੰਦਰ ਸਿੰੰਘ ਬੂਲੇ, ਚੇਅਰਮੈਨ ਬਲਾਕ ਸੰਮਤੀ ਰਜਿੰਦਰ ਸਿੰਘ, ਚੇਅਰਮੈਨ ਜਸਪਾਲ ਸਿੰਘ, ਸਰਪੰਚ ਕੁੰਦਨ ਸਿੰਘ, ਸਰਪੰਚ ਬਲਵੀਰ ਸਿੰਘ ਭਾਗੋ, ਸੁਰਜੀਤ ਸਿੰਘ ਸਰਪੰਚ, ਸਰਪੰਚ ਸਿਕੰਦਰ ਸਿੰਘ ਆਹਲੀ ਕਲਾਂ, ਸਰਪੰਚ ਬਲਦੇਵ ਸਿੰਘ ਆਹਲੀ ਖੁਰਦ, ਸਰਪੰਚ ਜੋਬਨਪ੍ਰੀਤ ਸਿੰਘ, ਤਰਸੇਮ ਸਿੰਘ ਲੋਧੀਵਾਲ, ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ ਹੀਰਾ, ਚਰਨ ਸਿੰਘ ਲੋਧੀਵਾਲ ਤੇ ਹੋਰ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleकोविड-19 से मुकाबला और वैज्ञानिक दृष्टिकोण
Next articleਕੈਪਸ਼ਨ- ਮੰਡ ਖੇਤਰ ਵਿਚ ਲਗਾਏ ਜਾ ਰਹੇ ਪੱਥਰ ਦੇ ਸਟੱਡਾਂ ਦਾ ਨਿਰੀਖਣ ਕਰਦੇ ਹੋਏ ਵਿਧਾਇਕ ਸ. ਨਵਤੇਜ ਸਿੰਘ ਚੀਮਾ । ਨਾਲ ਐਸ.ਡੀ.ਐਮ. ਡਾ, ਚਾਰੂਮਿਤਾ ਤੇ ਹੋਰ ।