ਸਮਾਜ ਵੀਕਲੀ
ਇੱਕ ਚਿਹਰੇ ਤੇ ਲੱਖਾਂ ਪਰਦੇ,
ਹਰ ਥਾਂ ਏਹੀਓ ਹਾਲ,
ਅਸਲੀ ਸੂਰਤ ਨਜ਼ਰ ਨਾ ਆਵੇ,
ਪਰਦੇ ਕਰਨ ਕਮਾਲ l
ਤੇਰੇ ਸਾਹਵੇਂ ਤੇਰੇ ਬਣਦੇ,
ਮੇਰੇ ਸਾਹਵੇਂ ਮੇਰੇ,
ਨਾ ਇਹ ਤੇਰੇ ਨਾ ਹੀ ਮੇਰੇ ,
ਕਿਹੜੀ ਦੇਵਾਂ ਮਿਸਾਲ?
ਚਿਹਰਾ ਇੱਕ ਮੈਂ ਵੇਖਿਆ ਹੱਸਦਾ,
ਹੱਸ ਹੱਸ ਹੋਇਆ ਦੂਹਰਾ,
ਤਿੜਕ ਮੁਖੌਟਾ ਡਿੱਗ ਪਿਆ ਥੱਲੇ,
ਅੰਦਰੋਂ ਸੀ ਕੰਕਾਲ l
ਪਰਤਾਂ ਕਈ ਉਧੇੜਣ ਤੇ ਵੀ,
ਲੱਭ ਨਾ ਸਕੀ ਮੈਂ ਓਹਨੂੰ,
ਅਸਲੀ ਚਿਹਰਾ ਕਿੱਥੇ ਲੁੱਕਿਆ,
ਕਰਦੀ ਫ਼ਿਰਾਂ ਸਵਾਲ l
ਸੱਚ ਕਿਸੇ ਨਾਲ ਕੀ ਮੈਂ ਬੋਲਾਂ,
ਖ਼ੁਦ ਨਾਲ ਕਰਾਂ ਫ਼ਰੇਬ,
‘ਕਲੇਰ’ ਦੀ ਜਦ ਕੋਈ ਚੋਰੀ ਫ਼ੜ ਲਵੇ,
ਵਾਧੂ ਕਰਾਂ ਬਵਾਲ l
ਪਰਜਿੰਦਰ ਕਲੇਰ
ਪਿੰਡ ਕਲੇਰ ਜ਼ਿਲ੍ਹਾ ਤਰਨ ਤਾਰਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly