ਕੁੱਤਿਆਂ ਵਾਲ਼ੀ ਆਂਟੀ

ਮਨਜੀਤ ਕੌਰ ਲੁਧਿਆਣਵੀ

ਸਮਾਜ ਵੀਕਲੀ

ਆਂਟੀ ਜੀ, ਮੈਨੂੰ ਇੱਕ ਕਤੂਰਾ ਚਾਹੀਦਾ। ਜੇ ਲੈਬਰੇ ਨਸਲ ਦਾ ਮਿਲ਼ ਜਾਵੇ ਤਾਂ ਬਹੁਤ ਵਧੀਆ, ਨਹੀਂ ਤਾਂ ਕੋਈ ਹੋਰ ਦਿਖਾ ਦਿਓ। ਰੀਮਾ ਨੇ ਕੁੱਤਿਆ ਦੀ ਇੱਕ ਮਸ਼ਹੂਰ ਦੁਕਾਨ ਤੇ ਜਾ ਕੇ ਉੱਥੇ ਬੈਠੀ ਔਰਤ ਨੂੰ ਕਿਹਾ।

ਹਾਂ ਹਾਂ, ਕਿਉਂ ਨਹੀਂ? ਜਿਹੜਾ ਕਹੋਗੇ ਉਹੀ ਮਿਲ਼ ਜਾਏਗਾ। ਔਰਤ ਨੇ ਖੁਸ਼ ਹੁੰਦਿਆਂ ਕਿਹਾ।

ਠੀਕ ਹੈ, ਚਲੋ ਫਿਰ ਦਿਖਾਓ। ਰੀਮਾ ਬਹੁਤ ਉਤਾਵਲੀ ਹੋ ਰਹੀ ਸੀ।

ਨਹੀਂ ਬੇਟਾ ਜੀ, ਹਜੇ ਤਾਂ ਨਹੀਂ ਹੈ। ਦਰਅਸਲ ਮੇਰਾ ਮੁੰਡਾ ਕੁੱਤੇ ਚੁੱਕਣ ਗਿਆ ਹੋਇਆ। ਤੁਸੀਂ ਪੇਸ਼ਗੀ ਦੇ ਜਾਓ ਤੇ ਆਪਣਾ ਫ਼ੋਨ ਨੰ: ਵੀ ਦੇ ਜਾਓ। ਜਿਵੇਂ ਹੀ ਮੁੰਡਾ ਆਉਂਦਾ ਹੈ, ਮੈਂ ਫ਼ੋਨ ਕਰ ਕੇ ਸੱਦ ਲਵਾਂਗੀ ਤੁਹਾਨੂੰ। ਔਰਤ ਨੇ ਪੇਸ਼ਗੀ ਰਕਮ ਲਈ ਹੱਥ ਅੱਗੇ ਵਧਾਏ।

ਚੁੱਕਣ ਗਿਆ ਹੈ…..?ਮਤਲਬ…..?? ਰੀਮਾ ਹੈਰਾਨ ਹੋ ਗਈ ਸੀ।

ਅ..!…. ਅ…!…. ਮੇਰਾ ਮਤਲਬ ਕੁੱਤੇ ਲੈਣ ਗਿਆ ਹੈ ਕਿਤੋਂ ਦੂਰੋਂ। ਬਹੁਤ ਵਧੀਆ ਨਸਲ ਦੇ ਹਨ ਕਹਿੰਦੇ। ਔਰਤ ਕੁੱਝ ਬੌਖ਼ਲਾ ਜਿਹੀ ਗਈ।

ਅੱਛਾ ਜੀ, ਕੋਈ ਨਾ, ਮੈਂ ਫ਼ੇਰ ਆ ਜਾਵਾਂਗੀ। ਤੁਸੀਂ ਮੰਗਵਾ ਲਿਓ ਜਦ ਤੱਕ। ਕਹਿ ਕੇ ਰੀਮਾ ਬਾਹਰ ਨੂੰ ਮੁੜੀ।

ਪਰ……ਪਰ………ਉਹ…. ਪੇਸ਼ਗੀ…..? ਔਰਤ ਹੱਥ ਆਏ ਗ੍ਰਾਹਕ ਨੂੰ ਗਵਾਉਣਾ ਨਹੀਂ ਚਾਹੁੰਦੀ ਸੀ।

 

ਕੋਈ ਨਾ ਆਂਟੀ ਜੀ, ਮੈਂ ਕੱਲ੍ਹ ਆਵਾਂਗੀ..! ਕਹਿ ਕੇ ਰੀਮਾ ਨੇ ਪਿੱਛਾ ਛੁਡਵਾਇਆ ਤੇ ਕਾਹਲ਼ੀ ਨਾਲ਼ ਬਾਹਰ ਨਿਕਲ਼ ਗਈ।

ਨੇੜੇ ਹੀ ਉਸਦੀ ਇੱਕ ਸਹੇਲੀ ਸੰਗੀਤਾ ਰਹਿੰਦੀ ਸੀ। ਉਹਨੇ ਸੋਚਿਆ ਕਿ ਅੱਜ ਆਈ ਤਾਂ ਹਾਂ, ਚੱਲ ਉਹਨੂੰ ਹੀ ਮਿਲ਼ ਚੱਲਦੀ ਹਾਂ। ਇੰਨਾ ਸੋਚ ਕੇ ਉਹ ਉੱਧਰ ਨੂੰ ਤੁਰ ਪਈ।

ਸੰਗੀਤਾ ਦੇ ਘਰ ਪਹੁੰਚੀ ਤਾਂ ਉਹ ਰੀਮਾ ਨੂੰ ਅਚਾਨਕ ਮਿਲ਼ ਕੇ ਬਹੁਤ ਖੁਸ਼ ਹੋਈ। ਪਰ ਜਦੋਂ ਰੀਮਾ ਨੇ ਉੱਧਰ ਆਉਣ ਦਾ ਅਸਲੀ ਕਾਰਨ ਦੱਸਿਆ ਤੇ ਉਸ ਔਰਤ ਦੀ ਗੱਲਬਾਤ ਸੁਣਾਈ ਤਾਂ ਉਹ ਹੱਸਣ ਲੱਗੀ ਤੇ ਫ਼ਿਰ ਇੱਕ ਦਮ ਫ਼ਿਕਰਮੰਦ ਹੋ ਕੇ ਬੋਲੀ, ਤੂੰ ਕਿਤੇ ਪੇਸ਼ਗੀ ਤਾਂ ਨੀਂ ਦੇ ਆਈ?

ਨਹੀਂ,ਪਰ ਕੀ ਹੋਇਆ। ਪੇਸ਼ਗੀ ਦੇ ਦਿੰਦੀ ਤਾਂ ਵੀ ਕੀ ਸੀ? ਰੀਮਾ ਨੇ ਹੈਰਾਨ ਹੁੰਦਿਆਂ ਕਿਹਾ।

ਕੀ ਦੱਸਾਂ ਤੈਨੂੰ? ਉਹ ਔਰਤ ਬੜੀ ਬੇਈਮਾਨ ਹੈ। ਸਾਡੇ ਤਾਂ ਸਾਰੇ ਇਲਾਕੇ ਵਿੱਚ ਉਹਨੂੰ ‘ਕੁੱਤਿਆ ਵਾਲ਼ੀ ਆਂਟੀ’ ਕਹਿੰਦੇ ਹਨ। ਉਹ ਸਹੀ ਕਹਿ ਰਹੀ ਸੀ ਤੈਨੂੰ ਕਿ ਉਹਦਾ ਮੁੰਡਾ ਕੁੱਤੇ ਚੁੱਕਣ ਗਿਆ ਹੋਇਆ। ਤੈਨੂੰ ਪਤਾ ਨਹੀਂ ਕਿ ਉਹ ਕਿਤੋਂ ਵੀ ਆਵਾਰਾ ਕੁੱਤੇ ਚੁੱਕ ਲਿਆਉਂਦੇ ਹਨ ਤੇ ਘਰ ਲਿਆ ਕੇ ਉਹਨਾਂ ਨੂੰ ਰੰਗ ਕਰ ਦਿੰਦੇ ਹਨ । ਫਿਰ ਝੂਠ ਬੋਲ ਕੇ ਇਹਨਾਂ ਨੂੰ ਕਿਸੇ ਵੀ ਵਿਦੇਸ਼ੀ ਨਸਲ ਦੇ ਦੱਸ ਕੇ ਮਨ ਆਏ ਪੈਸਿਆਂ ਵਿੱਚ ਲੋਕਾਂ ਨੂੰ ਵੇਚ ਦਿੰਦੇ ਹਨ। ਉਹ ਤਾਂ ਪੂਰੇ ਠੱਗ ਹਨ। ਬੜੀ ਕਮਾਈ ਹੈ, ਪਰ ਸੱਭ ਝੂਠ ਦੇ ਸਿਰ ਤੋਂ ਹੁੰਦੀ ਹੈ।ਸੰਗੀਤਾ ਨੇ ਰੀਮਾ ਨੂੰ ਪੂਰੀ ਕਹਾਣੀ ਸੁਣਾ ਦਿੱਤੀ।

ਓ…ਅ…! ਤਾਂ ਇਹ ਗੱਲ ਹੈ। ਤਾਂ ਹੀ ਉਹਨੇ ਕਿਹਾ ਕਿ ਮੁੰਡਾ ਕੁੱਤੇ ਚੁੱਕਣ ਗਿਆ ਹੋਇਆ। ਸ਼ੁੱਕਰ ਹੈ.. ਮੈਂ ਤਾਂ ਬੱਚ ਗਈ ਧੋਖੇ ਤੋਂ। ਧੰਨਵਾਦ ਤੇਰਾ ਬਹੁਤ ਬਹੁਤ। ਪਰ ਹੱਦ ਹੋ ਗਈ ਲੋਕਾਂ ਦੀ ਬੇਈਮਾਨੀ ਦੀ, ਜਾਨਵਰਾਂ ਨੂੰ ਵੀ ਨਹੀਂ ਬਖਸ਼ਦੇ ਲੋਕ, ਰੀਮਾ ਨੇ ਦੁਖੀ ਮਨ ਨਾਲ਼ ਕਿਹਾ ਤੇ ਆਪਣੇ ਘਰ ਨੂੰ ਚੱਲ ਪਈ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ।

ਸੰ:9464633059

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਮੋਬਾਇਲ ਫੋਨਾਂ ਨੇ ਸਾਡੇ ਜੀਵਨ ਨੂੰ ਹਥਿਆ ਲਿਆ ਹੈ?
Next articleਮੇਵਾ ਲਾਲ