ਮਾਂ ਬੋਲੀ ਦਾ ਲਾਲ ਬਿੰਦਰ ਕੋਲੀਆਂ ਵਾਲ

ਬਿੰਦਰ

ਸਮਾਜ ਵੀਕਲੀ

ਯੂਰਪ ਦੀ ਧਰਤੀ ਤੇ ਵੱਸਦਾ ਲੇਖਕ ਜਿਸ ਦਾ ਨਾਮ ਵੱਡੇ ਵੱਡੇ ਕਵੀਆਂ ਅਤੇ ਨਾਵਲਕਾਰਾਂ ਵਿੱਚ ਸ਼ਾਮਿਲ ਹੈ ਗੱਲ ਕਰਦੇ ਹਾਂ ਹਰਜਿੰਦਰ ਸਿੰਘ ਢੋਟ ਨਾਲ ਜਿਨਾ ਦਾ ਬਿੰਦਰ ਕੋਲੀਆਂ ਵਾਲ ਬਣਨ ਤੱਕ ਦਾ ਸਫਰ ਬੜੇ ਹੀ ਪੜਾਵਾਂ ਵਿਚੋਂ ਗੁਜ਼ਰਿਆ ਹੈ ਜਿਸ ਵਿੱਚ ਉਨ੍ਹਾਂ ਦੀ ਸਹਿਨਸ਼ੀਲਤਾ ਦਲੇਰੀ ਅਤੇ ਦੂਰ ਅੰਦੇਸ਼ੀ ਸ਼ਾਮਿਲ ਹੈ ਸਾਹਿਤ ਦੇ ਖੇਤਰ ਵਿੱਚ ਆਪਣੇ ਛੋਟੇ ਨਾਮ ਬਿੰਦਰ ਦੇ ਨਾਲ ਆਪਣੇ ਪਿੰਡ ਦਾ ਨਾਮ ਜੋੜ ਕੇ ਬਿੰਦਰ ਕੋਲੀਆਂ ਵਾਲ ਨਾਮ ਤੋਂ ਜਾਣੇ ਜਾਂਦੇ ਹਨ। ਇਹਨਾਂ ਦੀ ਜਨਮ ਤਰੀਖ 20 ਮਾਰਚ 1967 ਹੈ। ਪਿਤਾ ਜੀ ਦਾ ਨਾਮ ਸਵ: ਸ. ਨਰਿੰਜਨ ਸਿੰਘ ਢੋਟ ਅਤੇ ਮਾਤਾ ਦਾ ਨਾਮ ਸਰਦਾਰਨੀ ਸਵਰਨ ਕੌਰ ਢੋਟ ਹੈ।ਕੰਮ ਦੇ ਸਿਲਸਿਲੇ ਵਿੱਚ ਬਿੰਦਰ ਜੀ ਬਹਿਰਾਮ ਚਲੇ ਗਏ ਉਥੇ ਰਹਿੰਦਿਆ ਬਜ਼ੁਰਗ ਦੋਸਤ ਦੇ ਦਿੱਤੇ ਹੌਂਸਲੇ ਨਾਲ ਮੇਰੇ ਗੀਤ ਲਿਖਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।

ਛੇ ਕੁ ਮਹੀਨਿਆਂ ਵਿੱਚ ਮੈਂ ਅਠਾਰਾਂ ਗੀਤ ਲਿਖ ਲਏ ਸਨ। ਬਹਿਰੀਨ ਵਿੱਚ ਮੇਰੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਸੀ ਕਿ ਮੈਂ ਕਿਸੇ ਵੀ ਤਰੀਕੇ ਇੱਥੋ ਅੱਗੇ ਯੂਰਪ ਵੱਲ ਜਾਇਆ ਜਾਏ। ਸਾਲ 1998 ਦੇ ਆਖਰ ਵਿੱਚ ਇਟਲੀ ਦੀ ਇਮੀਗ੍ਰੇਸ਼ਨ ਖੁੱਲ੍ਹ ਗਈ ਸੀ ਅਤੇ ਇਸ ਕਰਕੇ ਮੈਂ ਇਟਲੀ ਵਿੱਚ ਆ ਕੇ ਆਪਣੇ ਪੇਪਰ ਬਣਾ ਲਏ। ਸੱਤ-ਅੱਠ ਮਹੀਨਿਆਂ ਬਾਅਦ ਹੀ ਮੈਨੂੰ ਇਟਲੀ ਦੇ ਦੋ ਸਾਲ ਦੇ ਪੱਕੇ ਪੇਪਰ ਮਿਲ ਗਏ ਸਨ ਪਰ ਮੈਂ ਫਿਰ ਜਰਮਨ ਜਾ ਕੇ ਕੰਮ ਕਰਦਾ ਰਿਹਾ ਸੀ। ਨਵੰਬਰ 2002 ਮੈਂ ਪੱਕੇ ਤੌਰ ਹੀ ਇਟਲੀ ਵਿੱਚ ਆ ਕੇ ਰਹਿਣ ਲੱਗ ਪਿਆ। ਇਟਲੀ ਵਿੱਚ ਜਰਮਨ ਨਾਲੋਂ ਸਭ ਕੁੱਝ ਉੱਲਟ ਹੋਇਆ, ਕਿਉਂਕਿ ਇੱਥੇ ਕੰਮ ਘੱਟ ਸਨ ਅਤੇ ਵਿਹਲੇ ਰਹਿਣ ਲਈ ਸਮਾਂ ਵਾਧੂ ਹੁੰਦਾ ਸੀ। ਇਟਲੀ ਵਿੱਚ ਰਹਿੰਦਿਆ ਫਿਰ ਤੋਂ ਗੀਤ ਲਿਖਣ ਨੂੰ ਰੁਝਾਨ ਬਣਿਆ। ਪਹਿਲਾਂ ਪਹਿਲ ਸਾਲ 2005 ਵਿੱਚ ਮੇਰੇ ਦੋ ਗੀਤ ਰਿਕਾਰਡ ਹੋਏ ਸਨ ਅਤੇ ਇਹ ਸਿਲਸਿਲਾ ਹੁਣ ਤੱਕ ਜਾਰੀ ਹੈ। ਹੁਣ ਤੱਕ ਮੇਰੇ ਤੇਰਾਂ ਗਾਇਕਾ ਦੀ ਅਵਾਜ਼ ਵਿੱਚ ਪੰਤਾਲੀ ਕੁ ਗੀਤ ਰਿਕਾਰਡ ਹੋ ਚੁੱਕੇ ਹਨ।

ਜੁਲਾਈ 2014 ਵਿੱਚ ਮੈਂ ਸਾਹਿਤ ਸੁਰ ਸੰਗਮ ਸਭਾ ਇਟਲੀ ਨਾਲ ਜੁੜਿਆ ਅਤੇ ਸਭਾ ਨਾਲ ਜੁੜਨ ਤੋਂ ਬਾਅਦ ਮੇਰਾ ਮਨ ਕਿਤਾਬ ਪਬਲਿਸ਼ ਕਰਾਉਣ ਨੂੰ ਕੀਤਾ। ਇਸ ਤੋਂ ਪਹਿਲਾਂ ਮੇਰੀਆਂ ਪੰਦਰਾਂ ਕੁ ਕਵਿਤਾਵਾਂ ਵੱਖ-ਵੱਖ ਅਖ਼ਬਾਰਾਂ, ਰਸਾਲਿਆਂ ਵਿੱਚ ਛੱਪ ਚੁੱਕੀਆਂ ਸਨ। ਦਸੰਬਰ ਵਿੱਚ ਕਾਵਿ ਸੰਗ੍ਰਹਿ “ਸੋਚ ਮੇਰੀ” ਦੇ ਨਾਮ ਹੇਠ ਪਬਲਿਸ਼ ਹੋ ਗਿਆ ਸੀ। ਇਸ ਵਿੱਚ ਔਰਤ ਬਾਰੇ ਕਲਮ ਇਸ ਤਰ੍ਹਾਂ ਲਿਖਦੀ ਹੈ “ਮੈਂ ਔਰਤ ਹਰ ਦੁੱਖ ਤਨ ਤੇ ਸਹਿਕੇ ਤੁਹਾਨੂੰ ਇਸ ਰੰਗਲੀ ਦੁਨੀਆਂ ਵਿੱਚ ਲੈ ਕੇ ਆਵਾਂ, ਹਰ ਰਿਸ਼ਤਾ-ਨਾਤਾ ਤੁਹਾਡੇ ਨਾਲ ਨਿਭਾਵਾਂ ਫਿਰ ਵੀ ਮੈਂ ਕਿਉਂ ਪੈਰ ਦੀ ਜੁੱਤੀ ਕਹਾਵਾਂ”।

ਕਾਵਿ ਸੰਗ੍ਰਹਿ “ਸੋਚ ਮੇਰੀ” ਪਬਲਿਸ਼ ਕਰਾਉਣ ਤੋਂ ਬਾਅਦ ਹੁਣ ਕੁੱਝ ਹੋਰ ਕਰਨ ਬਾਰੇ ਮਨ ਦੇ ਬੇ ਲੁਗਾਮ ਘੋੜੇ ਦੌੜੇ ਜਾ ਰਹੇ ਸਨ ਪਰ ਸਮਝ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਏ। ਇਸ ਸਮੇਂ ਵਿੱਚ ਗੀਤ ਲਗਾਤਾਰ ਰਿਕਾਰਡ ਹੋ ਰਹੇ ਸਨ ਪਰ ਮਨ ਨੂੰ ਤਸੱਲੀ ਬਿਲਕੁਲ ਨਹੀਂ ਸੀ। ਸਾਲ 2015 ਨੂੰ ਵੈਸਾਖੀ ਵਾਲੇ ਦਿਨ ਜਦੋਂ ਮੈਂ ਗੁਰਦੁਆਰੇ ਵਿੱਚੋਂ ਬਾਹਰ ਨਿੱਕਲਿਆ ਤਾਂ ਗੁਰੂ ਮਹਾਰਾਜ ਨੇ ਕ੍ਰਿਪਾ ਕੀਤੀ ਉਸੇ ਵਕਤ ਮੇਰੇ ਮਨ ਵਿੱਚ ਖਿਆਲ ਆਇਆ ਕਿ ਹੁਣ ਨਾਵਲ ਲਿਖਿਆ ਜਾਏ। ਉਸੇ ਦਿਨ ਤੋਂ ਨਾਵਲ ਲਿਖਣ ਦੀ ਸ਼ੁਰੂਆਤ ਹੋ ਗਈ। ਉਸੇ ਸਾਲ ਅਗਸਤ-ਸਤੰਬਰ ਤੱਕ ਨਾਵਲ ਲਿਖਿਆ ਗਿਆ ਸੀ। ਜੱਗੀ ਕੁੱਸਾ ਜੀ ਹੁਰਾਂ ਨੇ ਹੀ ਉਸ ਨਾਵਲ ਨੂੰ “ਅਣਪਛਾਤੇ ਰਾਹਾਂ ਦੇ ਪਾਂਧੀ” ਦਾ ਨਾਮ ਦਿੱਤਾ ਸੀ। ਨਾਵਲ ਅਣਪਛਾਤੇ ਰਾਹਾਂ ਦੇ ਪਾਂਧੀ 2016 ਵਿੱਚ ਸਾਹਿਬਦੀਪ ਭੀਖੀ ਮਾਨਸਾ ਵੱਲੋਂ ਪਬਲਿਸ਼ ਕੀਤਾ ਗਿਆ ਸੀ।

ਇਸ ਨਾਵਲ ਵਿੱਚ ਪ੍ਰਵਾਸ ਵੱਲ ਕੂਚ ਕਰਦੇ ਉਹਨਾਂ ਮੁੰਡਿਆਂ ਦੀ ਹੱਡਬੀਤੀ ਬਿਆਨ ਕੀਤੀ ਗਈ ਹੈ ਜਿਹੜੇ ਮਾਸਕੋ ਤੋਂ ਬਰਫ਼ ਵਿੱਚ ਪੈਦਲ ਤੁਰਕੇ ਕਈ-ਕਈ ਮਹੀਨਿਆਂ ਵਿੱਚ ਹਜ਼ਾਰਾਂ ਮੀਲਾਂ ਦਾ ਸਫ਼ਰ ਤਹਿ ਕਰਕੇ ਭੁੱਖੇ ਢਿੱਡ ਰਹਿਕੇ ਯੂਰਪ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਿਲ ਹੁੰਦੇ ਹਨ। ਇਸ ਨਾਵਲ ਵਿੱਚ ਏਜੰਟਾਂ ਦੇ ਬਦਲੇ ਰੰਗ ਵੀ ਬਾਖੂਬੀ ਬਿਆਨ ਕੀਤੇ ਗਏ ਹਨ। ਇਸ ਨਾਵਲ ਵਿੱਚ ਦਿੱਲੀ ਤੋਂ ਲੈ ਕੇ ਗਰੀਸ, ਜਰਮਨ, ਇਟਲੀ ਅਤੇ ਇੰਗਲੈਂਡ ਤੱਕ ਪਹੁੰਚਣ ਦੀ ਦਾਸਤਾਨ ਬਿਆਨ ਕੀਤੀ ਗਈ ਹੈ। ਇਸ ਨਾਵਲ ਨਾਲ ਮੈਨੂੰ ਇਟਲੀ ਵਿੱਚ ਵੱਸਦੇ ਪਹਿਲੇ ਨਾਵਲਕਾਰ ਹੋਣ ਦਾ ਮਾਣ ਪ੍ਰਪਾਤ ਹੋਇਆ ਅਤੇ ਇਸੇ ਪਹਿਲੇ ਨਾਵਲ ਨਾਲ ਹੀ ਮੇਰੀ ਨਾਵਲਕਾਰਾਂ ਵਿੱਚ ਪਹਿਚਾਣ ਬਣੀ।

ਨਾਵਲ ਅਣਪਛਾਤੇ ਰਾਹਾਂ ਦੇ ਪਾਂਧੀ ਲਿਖਣ ਤੱਕ ਮੈਂ ਕੋਈ ਸਾਹਿਤ ਦੀ ਪੁਸਕਤ ਨਹੀਂ ਪੜ੍ਹੀ ਸੀ। ਇੱਕ ਨਾਵਲ ਤੂਤਾਂ ਵਾਲਾ ਖੂਹ 1984-85 ਨੌਵੀਂ-ਦਸਵੀਂ ਕਰਦਿਆ ਜਰੂਰ ਪੜ੍ਹਿਆ ਸੀ ਪਰ ਉਹ ਵੀ ਮਨੋਂ ਵਿਸਰ ਚੁੱਕਾ ਸੀ। ਇਹ ਨਾਵਲ ਲਿਖਣ ਤੋਂ ਬਾਅਦ ਹੀ ਮੈਂ ਨਾਵਲ, ਕਹਾਣੀਆਂ, ਕਾਵਿ ਸੰਗ੍ਰਹਿ ਪੜ੍ਹਨੇ ਸ਼ੁਰੂ ਕੀਤੇ ਸਨ।ਇੱਥੋ ਹੀ ਮੇਰੀ ਰੂਚੀ ਨਾਵਲ ਲਿਖਣ ਵੱਲ ਵੱਧਣ ਲੱਗੀ ਸੀ। ਪਹਿਲਾਂ ਨਾਵਲ ਪਬਲਿਸ਼ ਹੋਣ ਤੋਂ ਪਹਿਲਾਂ ਹੀ ਮੈਂ ਆਪਣੇ ਅਗਲੇ ਸਫ਼ਰ ਲਈ ਨਿੱਕਲ ਤੁਰਿਆ ਸੀ। ਹੁਣ ਮੇਰਾ ਅਗਲਾ ਨਾਵਲ ਸੀ “ਲਾਲ ਪਾਣੀ ਛੱਪੜਾਂ ਦੇ”। ਲਾਲ ਪਾਣੀ ਛੱਪੜ੍ਹਾਂ ਦੇ ਨਾਵਲ ਦੀ ਕਹਾਣੀ 1947 ਦੇ ਦੁਖਾਂਤ ਨੂੰ ਬਿਆਨ ਕਰਦੀ ਹੈ। ਇਸ ਨਾਵਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਉਸ ਸਮੇਂ ਦੇ ਲੀਡਰ ਆਪਣਾ ਵੱਖਰਾ ਸੂਬਾ ਮੰਗ ਲੈਂਦੇ ਤਾਂ ਸ਼ਾਇਦ 1984 ਵਾਲਾ ਘੁੱਲੂਘਾਰਾ ਨਾ ਹੁੰਦਾ?

ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਵਰਗੇ ਆਪਣੇ ਲਾਲਚ ਤਿਆਗ ਕੇ ਜੇਕਰ ਉਸ ਵਕਤ ਆਵਾਮ ਦਾ ਸੋਚਦੇ ਤਾਂ ਲੱਖਾਂ ਬੇਕਸੂਰਾਂ ਦਾ ਕਤਲ ਨਾ ਹੁੰਦਾ? ਔਰਤਾਂ ਦੀ ਪੱਤ ਸ਼ਰੇਆਮ ਲੀਰੋ-ਲੀਰ ਨਾ ਕੀਤੀ ਜਾਂਦੀ? ਇਸ ਤਰ੍ਹਾਂ ਦੇ ਹੋਰ ਵੀ ਕਈ ਮੁੱਦੇ ਚੱਕੇ ਗਏ ਹਨ । ਇਸ ਨਾਵਲ ਵਿੱਚ ਇੱਕ ਹੋਰ ਬੜਾ ਅਹਿਮ ਮੁੱਦਾ ਉੱਠਾਇਆ ਗਿਆ ਹੈ ਅਤੇ ਓਹ ਮੁੱਦਾ ਸੀ ਨਸ਼ੇ ਦਾ। ਅੱਜ ਦੇ ਪੰਜਾਬ ਵਿੱਚ ਖਾਸ ਕਰਕੇ ਪਿੰਡਾਂ ਵਿੱਚ ਜਦੋਂ ਵੀ ਘਰ ਕੋਈ ਮਹਿਮਾਨ ਆਉਂਦਾ ਹੈ ਤਾਂ ਉਸ ਬੜੀ ਸੇਵਾ ਕੀਤੀ ਜਾਂਦੀ ਹੈ। ਜੇਕਰ ਕੋਈ ਪ੍ਰਾਹੁਣਾ ਤਰਕਾਲਾਂ ਦੇ ਸਮੇਂ ਆਉਂਦਾ ਹੈ ਤਾਂ ਉਸ ਨੂੰ ਚਾਹ-ਪਾਣੀ ਨਾਲੋਂ ਸ਼ਰਾਬ ਪਿਲਾਉਣੀ ਜਰੂਰੀ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਦੇ ਹੋਰ ਵੀ ਕਈ ਮੁੱਦੇ ਚੁੱਕੇ ਗਏ ਹਨ। ਲਾਲ ਪਾਣੀ ਛੱਪੜਾਂ ਦੇ ਨਾਵਲ 2018 ਵਿੱਚ ਸਾਹਿਬਦੀਪ ਭੀਖੀ ਪਬਲੀਕੇਸ਼ਨ ਮਾਨਸਾ ਵੱਲੋਂ ਪਬਲਿਸ਼ ਕੀਤਾ ਗਿਆ ਸੀ।

ਯਾਰਾਂ ਦੋਸਤਾਂ ਦੀ ਸਲਾਹ ਨਾਲ ਹੁਣ ਅਗਲੀ ਵਿਚਾਰ ਇਹ ਬਣੀ ਕਿ ਇਸ ਵਾਰ ਕਾਵਿ ਸੰਗ੍ਰਹਿ ਪਬਲਿਸ਼ ਕਰਵਾਇਆ ਜਾਏ। ਕਾਵਿ ਸੰਗ੍ਰਹਿ ਬਾਰੇ ਸੋਚਾਂ ਦੀ ਦੌੜ੍ਹ ਸ਼ੁਰੂ ਹੋ ਗਈ ਅਤੇ ਸਾਲ 2019 ਵਿੱਚ “ਅਧੂਰਾ ਸਫ਼ਰ” ਨਾਂ ਦਾ ਕਾਵਿ ਸੰਗ੍ਰਹਿ ਪਬਲਿਸ਼ ਕਰਵਾਇਆ ਗਿਆ। ਇਸ ਵਾਰ ਇਸ ਕਾਵਿ ਸੰਗ੍ਰਹਿ ਸਾਂਝੀ ਸੁਰ ਪਬਲੀਕੇਸ਼ਨ ਰਾਜਪੁਰਾ ਦੀ ਨਿਗਰਾਨੀ ਹੇਠ ਪਬਲਿਸ਼ ਕੀਤਾ ਗਿਆ ਸੀ। ਇਸ ਕਾਵਿ ਸੰਗ੍ਰਹਿ ਵਿੱਚ ਕੁੱਝ ਅਧੂਰੀ ਰਚਨਾਵਾਂ, ਅਧੂਰੇ ਸਫ਼ਰ, ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੇਕਰ ਆਪਾਂ ਇਸ ਦੇ ਟਾਇਟਲ ਦੀ ਗੱਲ ਕਰੀਏ ਤਾਂ ਲਿਖਿਆ ਹੈ “ਸਾਰੀ ਉਮਰ ਤੁਰਦਿਆਂ ਰਿਹਾ ਮੇਰਾ ਸਫ਼ਰ ਅਧੂਰਾ, ਜਦ ਮੈਂ ਮਰਿਆ ਤਾਂ ਕਹਿਣ ਲੋਕੀਂ ਹੋ ਗਿਆ ਪੂਰਾ”। ਅੱਗੇ ਚੱਲਕੇ ਲਿਖਿਆ ਹੈ “ਧੀ ਦਿੱਤੀ ਤੈਨੂੰ ਰੱਬ ਨੇ ਇੱਕ ਅਨਮੋਲ ਤੋਹਫ਼ਾ, ਫੁੱਲਾਂ ਵਾਗੂੰ ਲਈਂ ਇਨੂੰ ਤੂੰ ਪਾਲ ਸੱਜਣਾ”। ਅਧੂਰਾ ਸਫ਼ਰ ਕਾਵਿ ਸੰਗ੍ਰਹਿ ਵਿੱਚ ਕੁੱਲ 89 ਰਚਨਾਵਾਂ ਹਨ ਅਤੇ ਜਿੰਨਾਂ ਵਿੱਚ ਦਸ ਗੀਤ ਵੀ ਸ਼ਾਮਿਲ ਕੀਤੇ ਗਏ।

ਆਪਣੇ ਸਾਹਿਤਕ ਸਫ਼ਰ ਉੱਪਰ ਤੁਰਦਿਆ ਹੁਣ ਮੇਰੀ ਜ਼ਿੰਮੇਵਾਰੀ ਹੋਰ ਵੱਡੀ ਹੁੰਦੀ ਜਾ ਰਹੀ ਸੀ। ਮੇਰੀ ਹਮੇਸ਼ਾਂ ਹੀ ਕੋਸ਼ਿਸ਼ ਰਹੀ ਹੈ ਕਿ ਵਿਹਲੇ ਘੁੰਮਣ-ਫਿਰਨ ਨਾਲੋਂ ਕੁੱਝ ਪੜ੍ਹਿਆ-ਲਿਖਿਆ ਜਾਵੇ, ਇਸ ਲਈ ਮੇਰੀ ਕੋਈ ਪੁਸਤਕ ਪਬਲਿਸ਼ ਹੋਣ ਤੋਂ ਪਹਿਲਾਂ ਅਗਲੀ ਆਉਣ ਵਾਲੀ ਪੁਸਤਕ ਤਿਆਰ ਹੁੰਦੀ ਸੀ। ਕਾਵਿ ਸੰਗ੍ਰਹਿ “ਅਧੂਰਾ ਸਫ਼ਰ” ਪਬਲਿਸ਼ ਹੋਣ ਤੱਕ ਮੇਰਾ ਅਗਲੇ ਦੋ ਨਾਵਲ ਬਿਲਕੁਲ ਤਿਆਰ ਸਨ ਪਰ ਹੁਣ ਸੋਚਣਾ ਇਹ ਸੀ ਕਿ ਪਹਿਲਾਂ ਕਿਸ ਨੂੰ ਪਬਲਿਸ਼ ਕਰਵਾਇਆ ਜਾਏ? ਪਬਲੀਸ਼ਰ ਨਾਲ ਸਲਾਹ ਕਰਨ ਤੋਂ ਬਾਅਦ ਇਹ ਤਹਿ ਹੋਇਆ ਕਿ ਨਾਵਲ “ਉਸ ਪਾਰ ਜ਼ਿੰਦਗੀ” ਨੂੰ ਪਹਿਲ ਦਿੱਤੀ ਜਾਏ। ਇਸੇ ਤਰ੍ਹਾਂ 2020 ਵਿੱਚ ਨਾਵਲ “ਉਸ ਪਾਰ ਜ਼ਿੰਦਗੀ” ਸਾਹਿਬਦੀਪ ਪਬਲੀਕੇਸ਼ਨ ਭੀਖੀ ਮਾਨਸਾ ਵੱਲੋਂ ਪਬਲਿਸ਼ ਕੀਤਾ ਗਿਆ। ਇਸ ਨਾਵਲ ਦੀ ਕਹਾਣੀ ਪੰਜਾਬ ਦੇ ਦੁਖਾਂਤ ਨੂੰ ਬਿਆਨ ਕਰਦੀ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਪੜ੍ਹੇ ਲਿਖੇ ਹੋਣ ਬਾਵਜੂਦ ਵੀ ਬੇ-ਰੁਜ਼ਗਾਰੀ ਹੱਥੋਂ ਤੰਗ ਆ ਕੇ ਪ੍ਰਦੇਸ਼ ਵੱਲ ਨੂੰ ਕੂਚ ਕਰ ਰਹੀ ਹੈ।

ਇਸ ਨਾਵਲ ਵਿੱਚ ਉਹਨਾਂ ਮਾਪਿਆਂ ਦੀ ਦਰਦਨਾਕ ਦਾਸਤਾਨ ਹੈ ਜਿਹੜੇ ਲੱਖਾਂ ਰੁਪਿਆ ਏਜੰਟਾਂ ਦੀ ਝੋਲੀ ਪਾ ਕੇ ਆਪਣੀ ਔਲਾਦ ਨੂੰ ਅਮਰੀਕਾ ਭੇਜਣ ਲਈ ਮਜ਼ਬੂਰ ਹੋ ਜਾਂਦੇ ਹਨ। ਪਰ ਉਹ ਇਹ ਨਹੀਂ ਜਾਣਦੇ ਹੁੰਦੇ ਕਿ ਉਹਨਾਂ ਦੀ ਔਲਾਦ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਪਣੀ ਮੰਜ਼ਿਲ ਵੱਲ ਨੂੰ ਤੁਰਦਿਆ ਮੁੰਡੇ-ਕੁੜੀਆਂ ਨੂੰ ਕਈ-ਕਈ ਮਹੀਨੇ ਸੁਮੰਦਰ, ਜੰਗਲ, ਪਹਾੜ, ਨਦੀਆਂ ਨਾਲੇ ਪਾਰ ਕਰਕੇ ਅਤੇ ਭੁੱਖੇ ਢਿੱਡ ਰਹਿਕੇ ਇਹ ਸਫ਼ਰ ਤਹਿ ਕਰਨਾ ਪੈਂਦਾ ਹੈ। ਕਈ ਵਾਰੀ ਤਾਂ ਇਹ ਦੁੱਖ-ਤਕਲੀਫ਼ਾਂ ਨਾ ਸਹਿਣ ਕਰਦੇ ਹੋਏ ਕਈਆਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਜਾਂਦੀ ਹੈ, ਕਿਉਂਕਿ ਕਿਸੇ ਦੇ ਬਿਮਾਰ ਜਾਂ ਜ਼ਖ਼ਮੀ ਹੋ ਜਾਣ ਕਰਕੇ ਡੌਂਕਰ ਉਹਨਾਂ ਨੂੰ ਆਪ ਹੀ ਗੋਲੀ ਮਾਰ ਦਿੰਦੇ ਹਨ। ਜਿਹੜਾ 2016 ਵਿੱਚ ਪਨਾਮਾ ਕਾਂਡ ਹੋਇਆ ਉਸ ਦਾ ਜ਼ਿਕਰ ਵੀ ਨਾਵਲ “ਉਸ ਪਾਰ ਜ਼ਿੰਦਗੀ” ਵਿੱਚ ਬਾਖੂਬੀ ਕੀਤਾ ਗਿਆ ਹੈ। ਇਸ ਨਾਵਲ ਦੀ ਸਾਰੀ ਕਹਾਣੀ ਸੱਚਾਈ ਦੇ ਅਧਾਰਿਤ ਹੀ ਹੈ।

ਨਾਵਲ ਉਸ ਪਾਰ ਜ਼ਿੰਦਗੀ ਵਿੱਚ ਕਈ ਸਵਾਲ ਵੀ ਚੁੱਕੇ ਗਏ ਹਨ ਕਿ ਜਿਵੇਂ ਕਿ ਸਰਕਾਰ ਨੌਜ਼ਵਾਨਾਂ ਨੂੰ ਨੌਕਰੀ ਦੇਵੇ ਤਾਂ ਕਿਹਦਾ ਦਿਲ ਕਰਦਾ ਪਰਾਏ ਮੁਲਕ ਜਾਣ ਨੂੰ? ਕਿਹੜੇ ਮਾਪਿਆਂ ਦਾ ਦਿਲ ਕਰਦਾ ਹੈ ਕਿ ਉਹ ਚਾਵਾਂ ਨਾਲ ਪਾਲੀ ਆਪਣੀ ਔਲਾਦ ਨੂੰ ਅੱਖੀਆਂ ਤੋਂ ਦੂਰ ਭੇਜੇ? ਇਹ ਸਭ ਕੁੱਝ ਬੇਰੁਜ਼ਗਾਰੀ ਹੱਥੋ ਮਜ਼ਬੂਰ ਹੋ ਕੇ ਨਾ ਚਾਹੁੰਦੇ ਹੋਏ ਵੀ ਕਰਨਾ ਪੈ ਰਿਹਾ ਹੈ। ਨਾਵਲ “ਉਸ ਪਾਰ ਜ਼ਿੰਦਗੀ” ਦੇ ਕੁੱਲ 18 ਕਾਂਡ ਹਨ ਅਤੇ ਇਸ ਨੂੰ 150 ਸਫ਼ਿਆਂ ਵਿੱਚ ਕਲਮਬੱਧ ਕੀਤਾ ਗਿਆ ਹੈ। ਇਸ ਬੀਤੇ ਸਮੇਂ ਦੌਰਾਨ ਮੇਰੀ ਸਾਂਝੀਆਂ ਪੁਸਤਕਾਂ ਵਿੱਚ ਵੀ ਲਗਾਤਾਰ ਹਾਜ਼ਰੀ ਲੱਗਦੀ ਰਹੀ ਸੀ ਜਿਵੇਂ ਕਿ 2016 ਵਿੱਚ ਸਾਂਝੀਆਂ ਪੈੜਾਂ, 2017 ਵਿੱਚ ਕਾਵਿ ਸੁਨੇਹਾ, ਨਕਸ਼, 2018 ਵਿੱਚ ਕਾਰਵਾਂ ਅਤੇ ਸਾਂਝੀਆਂ ਸੁਰਾਂ, 2019 ਵਿੱਚ ਕਾਵਿ ਲਕੀਰਾਂ ਅਤੇ 2020 ਵਿੱਚ ਸਿਰਜਣਹਾਰੇ।

ਸਾਲ 2020 ਵਿੱਚ ਪੂਰੀ ਦੁਨੀਆਂ ਨੂੰ ਕੋਰੋਨਾ ਵਾਇਰਸ ਦੀ ਮਾਰ ਸਹਿਣੀ ਪਈ ਹੈ, ਭਾਵੇਂ ਕਿ ਹੁਣ ਵੈਕਸੀਨ ਦਾ ਟੀਕਾਕਾਰਨ ਸ਼ੁਰੂ ਹੋ ਚੁੱਕਾ ਹੈ ਪਰ ਅਜੇ ਵੀ ਕੋਈ ਰੋਕਥਾਮ ਨਹੀਂ ਹੋ ਰਹੀ। ਮੇਰੀ ਅਗਲੀ ਪੁਸਤਕ ਇਸੇ ਕੋਰੋਨਾ ਵਾਇਰਸ ਉੱਪਰ ਅਧਾਰਿਤ ਹੈ, ਜਿਸ ਦਾ ਨਾਂ “ਲੌਕਡਾਊਨ ਦਾ ਵਲਡ” (ਦੁਨੀਆਂ ਵਿੱਚ ਤਾਲਾਬੰਦੀ) ਰੱਖਿਆ ਗਿਆ ਹੈ। ਆਉਣ ਵਾਲੇ ਸਮੇਂ ਦੌਰਾਨ ਇਸ ਪੁਸਤਕ ਨਾਲ ਆਪ ਸਭ ਦੇ ਰੂ-ਬ-ਰੂ ਹੋਣ ਦੀ ਕੋਸ਼ਿਸ਼ ਕਰਾਂਗੇ। ਸਾਲ 2021 ਦੇ ਸ਼ੁਰੂ ਵਿੱਚ ਹੀ ਆਪਣੇ ਹਾਜ਼ਰੀ ਇੱਕ ਨਵੇਂ ਗੀਤ ਨਾਲ ਲਵਾ ਰਿਹਾ ਹਾਂ। ਇਹ ਗੀਤ “ਅੰਨਦਾਤਾ” ਕਿਸਾਨ ਅੰਦੋਲਨ ਨੂੰ ਸਮਰਪਿਤ ਹੈ ਅਤੇ ਗੀਤ ਨੂੰ ਨੌਜ਼ਵਾਨ ਗਾਇਕ “ਆਰਡੀ” (ਰਿਪੂ ਦਮਨ) ਨੇ ਗਾਇਆ ਹੈ।ਬਿੰਦਰ ਜੀ ਲਗਾਤਾਰ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਜੁੱਟੇ ਹੋਏ ਹਨ ਆਸ ਕਰਦੇ ਹਾਂ ਕਿ ਉਨ੍ਹਾਂ ਦਾ ਹਰ ਕਦਮ ਤਰੱਕੀ ਵੱਲ ਨੂੰ ਜਾਵੇ ਅਤੇ ਚੰਗੀਆਂ ਪੁਸਤਕਾਂ ਪਾਠਕਾਂ ਦੀ ਝੋਲੀ ਵਿਚ ਪਾਉਂਦੇ ਰਹਿਣ ..

ਬਿੰਦਰ

ਜਾਨ ਏ ਸਾਹਿਤ ਇਟਲੀ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਇਹ ਕੇਹੀ ਰੁੱਤ ਆਈ ?*
Next articleਗੋਤ