(ਸਮਾਜ ਵੀਕਲੀ)
ਇੱਕ ਨੌਜਵਾਨ ਮੰਗਤਾ ਘਰ ਘਰ ਮੰਗਦਾ ਫਿਰ ਰਿਹਾ ਸੀ। ਮੈਂ ਪੌੜੀਆਂ ਤੇ ਬੈਠਾ ਸੀ ਅਤੇ ਮੇਰੇ ਕੋਲ ਆ ਕੇ ਦਸ ਵੀਹ ਰੁਪਏ ਮੰਗਣ ਲੱਗਾ। ਮੈਂ ਉਸਨੂੰ ਕਿਹਾ ਕਿ ਚਾਹ ਪਾਣੀ ਪੀਣਾ ਤਾਂ ਦੱਸ, ਜੇ ਭੁੱਖ ਲੱਗੀ ਆ ਤਾਂ ਰੋਟੀ ਖਾ ਲੈ। ਉਹ ਕਹਿਣ ਲੱਗਾ ਕਿ ਜੇ ਚਾਹ ਪਿਲਾਉਣੀ ਹੈ ਤਾਂ ਪਿਲਾ ਦਿਓ ਪਰ ਅਸੀਂ ਸਿਰਫ਼ ਪੈਸੇ ਲੈਂਦੇ ਹਾਂ। ਮਾਤਾ ਨੂੰ ਚਾਹ ਬਣਾਉਣ ਲਈ ਕਹਿ ਕੇ, ਮੈਂ ਉਸਨੂੰ ਕਿਹਾ ਯਰ ਤੂੰ ਤਕੜਾ ਆਦਮੀ ਜਾਪਦਾਂ, ਤੈਨੂੰ ਕੋਈ ਕੰਮ ਧੰਦਾ ਕਰਨਾ ਚਾਹੀਦਾ ਹੈ। ਉਹ ਕਹਿਣ ਲੱਗਾ ਸਾਡੀ ਭਗਵਾਨ ਨੇ ਇਹੀ ਡਿਊਟੀ ਲਾਈ ਹੈ ਕਿ ਭੁੱਲਿਆਂ ਭਟਕਿਆਂ ਨੂੰ ਸਹੀ ਰਾਸਤੇ ਪਾਉਣਾ। ਮੈਂ ਉਸਨੂੰ ਕਿਹਾ ਕਿ ਭਗਤ ਕਬੀਰ ਜੀ ਤਾਂ ਮੰਗਣ ਵਾਲਿਆਂ ਦੀ ਘੋਰ ਨਿੰਦਾ ਕਰਦੇ ਹਨ। ਮਹਾਤਮਾ ਲੋਕਾਂ ਨੇ ਮੰਗਣ ਨੂੰ ਮਰਨ ਸਮਾਨ ਦੱਸਿਆ ਹੈ ਅਤੇ ਤੂੰ ਭਗਵਾਨ ਦਾ ਨਾਂ ਵਰਤ ਕੇ ਮੰਗਣ ਤੁਰਿਆ ਹੈਂ? ਉਹ ਕਹਿਣ ਲੱਗਾ ਕਿ ਸਾਡੀ ਤਾਂ ਭਗਵਾਨ ਨਾਲ ਸਿੱਧੀ ਗੱਲਬਾਤ ਹੈ।
ਮੈਂ ਉਸਨੂੰ ਪੁੱਛਿਆ ਕਿ ਮੇਰੇ ਭਰਾ ਦਾ ਜੋ ਕੰਮ ਕਾਫੀ ਸਮੇਂ ਤੋਂ ਰੁਕਿਆ ਹੈ, ਉਹ ਕਦੋਂ ਕੁ ਤੱਕ ਬਣ ਜਾਵੇਗਾ ਅਤੇ ਭੈਣ ਦੇ ਵਿਆਹ ਬਾਰੇ ਵੀ ਕੁਝ ਦੱਸ ਦਿਓ। ਇੱਕ ਦੋ ਮਿੰਟ ਅੱਖਾਂ ਬੰਦ ਕਰਨ ਤੋਂ ਬਾਅਦ ਉਹ ਬੋਲਿਆ ਕਿ ਭਰਾ ਦਾ ਕੰਮ ਤਾਂ ਬਸ ਬਣਿਆ ਪਿਆ ਖਬਰ ਆਉਣੀ ਬਾਕੀ ਹੈ ਅਤੇ ਭੈਣ ਦਾ ਵਿਆਹ ਅਜੇ ਦੂਰ ਹੈ, ਇੱਕ ਦਿਸ਼ਾ ਵੱਲ ਹੱਥ ਕਰਕੇ ਕਹਿੰਦਾ, ਬਸ ਇੱਧਰ ਦਾ ਕੋਈ ਰਿਸਤਾ ਕਬੂਲ ਨਾ ਕਰਨਾ। ਇਹ ਮੇਰੀ ਸਹਿਣਸੀਲਤਾ ਦੀ ਚਰਮ ਸੀਮਾ ਸੀ, ਮੈਂ ਮੱਲੋ ਮੱਲੀ ਹੱਸ ਪਿਆ ਅਤੇ ਉਸਨੂੰ ਕਿਹਾ ਕਿ ਬਾਬਾ, ਮੇਰਾ ਤਾਂ ਕੋਈ ਭੈਣ ਭਰਾ ਹੈ ਹੀ ਨਈ, ਤੂੰ ਸ਼ਾਇਦ ਗਲਤ ਨੰਬਰ ਮਿਲਾ ਲਿਆ, ਇਹ ਸੁਣ ਕੇ ਉਹ ਬਿਲਕੁਲ ਚੁੱਪ ਹੋ ਗਿਆ। ਰਸੋਈ ਵਿੱਚੋਂ ਮਾਤਾ ਦੀ ਅਵਾਜ਼ ਆਈ, ਜਦੋਂ ਮੈਂ ਚਾਹ ਲੈ ਕੇ ਬਾਹਰ ਆਇਆ, ਉਹ ਜਾ ਚੁੱਕਾ ਸੀ। ਮੈਂ ਬਾਹਰ ਵੀ ਜਾ ਕੇ ਦੇਖਿਆ ਪਰ ਉਹ ਕਿਧਰੇ ਨਜ਼ਰ ਨਹੀਂ ਆਇਆ। ਮੈਂ ਪੌੜੀਆਂ ਤੇ ਬੈਠਦੇ ਚਾਹ ਦੀ ਚੁਸਕੀ ਲੈਂਦੇ ਸੋਚਿਆ ਕਿ ਪਤਾ ਨਹੀਂ ਕਿਸ ਘਰੇ, ਕਿਹੜੀ ਦਿਸ਼ਾ ਵੱਲ ਹੱਥ ਕਰੀਂ ਖੜਾ ਹੋਵੇਗਾ?
– ਅਮਨ ਜੱਖਲਾਂ
9478226980
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly