ਪਟਿਆਲਾ ਜੇਲ੍ਹ ’ਚੋਂ ਫਰਾਰ ਇਕ ਕੈਦੀ ਗ੍ਰਿਫ਼ਤਾਰ

ਪਟਿਆਲਾ (ਸਮਾਜ ਵੀਕਲੀ) : ਹਫਤਾ ਪਹਿਲਾਂ ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਫਰਾਰ ਹੋਏ ਤਿੰਨ ਕੈਦੀਆਂ ਵਿਚੋਂ ਇੱਕ ਨੂੰ ਪਟਿਆਲਾ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪਛਾਣ ਇੰਦਰਜੀਤ ਸਿੰਘ ਧਿਆਨਾ ਵਜੋਂ ਹੋਈ ਹੈ। ਇਹ ਕੈਦੀ ਕਪੂਰਥਲਾ ਦੇ ਪਿੰਡ ਰਾਣੀਪੁਰ ਕੰਬੋਆ ਦਾ ਰਹਿਣ ਵਾਲਾ ਹੈ। ਇਸ ਦੇ ਖ਼ਿਲਾਫ਼ ਨਸ਼ਾ ਤਸਕਰੀ ਤੇ ਹੋਰ ਵਾਰਦਾਤਾਂ ਦੇ ਦਰਜਨ ਕੇਸ ਦਰਜ ਹਨ।

ਉਧਰ ਪੁਲੀਸ ਦੂਜੇ ਕੈਦੀਆਂ ਦੀ ਵੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਇਨ੍ਹਾਂ ਵਿਚੋਂ ਇਕ ਅੰਮ੍ਰਿਤਸਰ ਦੇ  ਵਨੀਕੇ ਪਿੰਡ ਦਾ ਵਸਨੀਕ ਸ਼ੇਰ ਸਿੰਘ ਹੈ ਜੋ ਯੂਕੇ ਤੋਂ ਭਾਰਤ ਤਬਦੀਲ ਕੀਤਾ ਗਿਆ ਸੀ। ਕਤਲ ਦੇ ਇੱਕ ਮਾਮਲੇ ’ਚ ਉਸ ਨੂੰ ਯੂਕੇ ਦੀ ਇੱਕ ਅਦਾਲਤ ਨੇ 22 ਸਾਲ ਦੀ ਕੈਦ ਹੋਈ ਹੈ। ਇਸ ਤੋਂ ਇਲਾਵਾ ਇਕ ਕੈਦੀ ਜ਼ਿਲ੍ਹਾ ਰੋਪੜ ਦੇ ਪਿੰਡ ਢਾਡੀ ਦਾ ਵਸਨੀਕ ਜਸਪ੍ਰੀਤ ਸਿੰਘ ਨੂਪੀ ਹੈ। ਉਹ ਵੀ  ਕਤਲ ਕੇਸ ਦਾ ਸਾਹਮਣਾ ਕਰ ਰਿਹਾ ਹੈ। ਪਰ ਅਜੇ ਕੇਸ ਵਿਚਾਰ ਅਧੀਨ ਹੋਣ ਕਾਰਨ ਉਹ ਹਵਾਲਾਤੀ ਵਜੋਂ ਬੰਦ ਸੀ।

ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਅੱਜ ਸ਼ਾਮੀਂ ਕੈਦੀ ਧਿਆਨੇ ਦੀ ਗ੍ਰਿਫਤਾਰੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਉਸ ਦੀ ਪੈੜ ਨੱਪ ਰਹੀ ਪਟਿਆਲਾ ਪੁਲੀਸ ਨੇ ਇਹ ਗ੍ਰਿਫਤਾਰੀ ਕਪੂਰਥਲਾ ਪੁਲੀਸ ਨਾਲ਼ ਸਾਂਝੇ ਅਪਰੇਸ਼ਨ ਦੌਰਾਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਰਾਰ ਕੈਦੀਆਂ ਨੂੰ ਕਾਬੂ ਕਰਨ ਲਈ ਦੋ ਐੱਸਪੀ  ਵਰੁਣ ਸ਼ਰਮਾ ਅਤੇ ਹਰਮੀਤ ਹੁੰਦਲ ਤਿੰਨ ਡੀਐੱਸਪੀ ਕ੍ਰਿਸ਼ਨ ਕੁਮਾਰ ਪਾਂਥੇ, ਸੌਰਵ ਜਿੰਦਲ ਅਤੇ ਜਸਵਿੰਦਰ ਟਿਵਾਣਾ ਸਮੇਤ ਸੀਆਈਏ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਅਤੇ ਤ੍ਰਿਪੜੀ ਥਾਣੇ ਦੇ ਮੁਖੀ ਹੈਰੀ ਬੋਪਾਰਾਏ ’ਤੇ ਆਧਾਰਤ ਟੀਮ ਦਾ ਗਠਨ ਕੀਤਾ ਗਿਆ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਖੜਾ ’ਚੋਂ ਮਿਲੀਆਂ ਰੈਮਡੇਸਿਵਿਰ ਦੀਆਂ ਸੈਂਕੜੇ ਸ਼ੀਸ਼ੀਆਂ
Next articleਲੋਈ ਤੇ ਚਾਦਰਾਂ ਦਾ ਰੱਸਾ ਬਣਾ ਕੇ ਟੱਪੀਆਂ ਸਨ ਜੇਲ੍ਹ ਦੀਆਂ ਕੰਧਾਂ