ਮੁੰਬਈ (ਸਮਾਜ ਵੀਕਲੀ) : ਸ਼ਿਵ ਸੈਨਾ ਨੇ ਅੱਜ ਦੇਸ਼ ’ਚ ਕਰੋਨਾਵਾਇਰਸ ਦੀ ਦੂਜੀ ਲਹਿਰ ਫੈਲਣ ਲਈ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਹ ਵਾਇਰਸ ਦੇਸ਼ ਭਰ ’ਚ ਉਨ੍ਹਾਂ ਸੂਬਿਆਂ ਤੋਂ ਫੈਲਿਆ ਹੈ ਜਿੱਥੇ ਪਿੱਛੇ ਜਿਹੇ ਚੋਣਾਂ ਹੋਈਆਂ ਹਨ ਜਾਂ ਫਿਰ ਜਿੱਥੇ ਅਜੇ ਚੋਣਾਂ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਕੀ ਕੇਂਦਰ ਸਰਕਾਰ ਨੇ ਅਜੇ ਵੀ ਇਸ ਮੁੱਦੇ ’ਤੇ ਸਿਆਸਤ ਛੱਡ ਕੇ ਮਹਾਮਾਰੀ ਨੂੰ ਠੱਲ੍ਹਣ ਲਈ ਕਦਮ ਚੁੱਕਣ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ?
ਸ਼ਿਵ ਸੈਨਾ ਨੇ ਪਾਰਟੀ ਦੇ ਅਖ਼ਬਾਰ ‘ਸਾਮਨਾ’ ਦੀ ਸੰਪਾਦਕੀ ’ਚ ਲਿਖਿਆ, ‘ਭਾਰਤ ’ਚ ਕਰੋਨਾਵਾਇਰਸ ਫੈਲਣ ਲਈ ਚੀਨ ਜ਼ਿੰਮੇਵਾਰ ਸੀ ਪਰ ਦੇਸ਼ ’ਚ ਕਰੋਨਾ ਦੀ ਦੂਜੀ ਲਹਿਰ ਫੈਲਣ ਲਈ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਇਹ ਵਾਇਰਸ ਉਨ੍ਹਾਂ ਸੂਬਿਆਂ ਤੋਂ ਦੇਸ਼ ਭਰ ’ਚ 500 ਗੁਣਾ ਵੱਧ ਰਫ਼ਤਾਰ ਨਾਲ ਫੈਲਿਆ ਹੈ ਜਿੱਥੇ ਪਿੱਛੇ ਜਿਹੇ ਚੋਣਾਂ ਹੋਈਆਂ ਹਨ ਜਾਂ ਅਜੇ ਜਿੱਥੇ ਚੋਣਾਂ ਹੋਣੀਆਂ ਹਨ।’ ਉਨ੍ਹਾਂ ਕਿਹਾ ਕਿ ਸਿਰਫ਼ ਆਪਣੇ ਸਿਆਸੀ ਤੇ ਚੁਣਾਵੀ ਹਿੱਤਾਂ ਕਾਰਨ ਕੇਂਦਰ ਸਰਕਾਰ ਨੇ ਕਰੋਨਾਵਾਇਰਸ ਦੀ ਦੂਜੀ ਲਹਿਰ ਫੈਲਣ ਦਿੱਤੀ। ਦੇਸ਼ ’ਚ ਆਕਸੀਜਨ, ਰੈਮਡੇਸਿਵਿਰ ਦਵਾਈ, ਹਸਪਤਾਲਾਂ ’ਚ ਬੈੱਡਾਂ ਤੇ ਵੈਂਟੀਲੇਟਰਾਂ ਦੀ ਘਾਟ ਹੈ, ਪਰ ਸਰਕਾਰ ਪੱਛਮੀ ਬੰਗਾਲ ਦੀਆਂ ਚੋਣਾਂ ਲਈ ਪ੍ਰਚਾਰ ’ਚ ਲੱਗੀ ਹੋਈ ਹੈ।