ਕਿਸਾਨ ਮੋਰਚਾ+ਜਨ ਮੋਰਚਾ ਪੂਰਨ ਜਿੱਤ ਦੀਆਂ ਬਰੂਹਾਂ ਤੇ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

 

ਦੇਸ਼ ਦੀ ਆਜ਼ਾਦੀ ਤੋਂ ਹੀ ਭਾਰਤ ਭੁੱਖਮਰੀ ਤੇ ਗਰੀਬੀ ਨਾਲ ਬੁਰੀ ਤਰ੍ਹਾਂ ਝੰਜੋੜਿਆ ਹੋਇਆ ਸੀ।ਸਾਡੇ ਦੇਸ਼ ਨੂੰ ਬਾਹਰ ਤੋਂ ਅਨਾਜ ਮੰਗਵਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਸੀ ਪਰ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਨੇ ਪੱਥਰਾਂ ਤੇ ਉਸਰੇ ਟਿੱਬਿਆਂ ਦੀ ਰੇਤ ਨਾਲ ਟੱਕਰ ਲਾ ਕੇ ਉਨੀ ਸੌ ਸੱਤਰ ਦੇ ਦਹਾਕੇ ਵਿੱਚ ਅਨਾਜ ਵਿੱਚ ਭਾਰਤ ਨੂੰ ਭਰਪੂਰ ਕਰ ਦਿੱਤਾ ਸੀ।ਕਿਸਾਨ ਮਜ਼ਦੂਰਾਂ ਦਾ ਧਿਆਨ ਖੇਤੀਬਾੜੀ ਵੱਲ ਸੀ,ਉਨ੍ਹਾਂ ਦੀ ਮਿਹਨਤ ਦਾ ਕੀ ਮੁੱਲ ਪੈਂਦਾ ਹੈ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ।ਹਰੀ ਕ੍ਰਾਂਤੀ ਦੇ ਨਾਲ ਭਾਰਤ ਦੇ ਅਨਾਜ ਦੇ ਭੰਡਾਰ ਤਾਂ ਭਰ ਹੀ ਦਿੱਤੇ ਵਿਦੇਸ਼ਾਂ ਨੂੰ ਵੀ ਅਨਾਜ ਨਿਰਯਾਤ ਕਰਨ ਲੱਗ ਗਏ ਪਰ ਸਾਡਾ ਪਾਣੀ ਹਵਾ ਦਾ ਵਿਗਾੜ ਕਿਵੇਂ ਹੋ ਰਿਹਾ ਸੀ,ਸਾਡੀਆਂ ਸਰਕਾਰਾਂ ਤੇ ਕਿਸਾਨ ਮਜ਼ਦੂਰਾਂ ਨੇ ਬਹੁਤਾ ਧਿਆਨ ਨਹੀਂ ਦਿੱਤਾ।ਚਲੋ ਮਿਹਨਤੀਆਂ ਨੇ ਮਿਹਨਤ ਕਰਨੀ ਹੈ ਇਹ ਸਾਨੂੰ ਸਿੱਖਿਆ ਸਾਡੇ ਗੁਰੂਆਂ ਪੀਰਾਂ ਵੱਲੋਂ ਮਿਲੀ ਹੈ,ਪਰ ਸਾਡੀ ਮਿਹਨਤ ਦਾ ਮੁੱਲ ਪਾਉਣ ਵਾਲੇ ਕੇਂਦਰ ਵਿੱਚ ਕਿਸੇ ਵੀ ਰਾਜਨੀਤਕ ਪਾਰਟੀ ਨੇ ਕੁਰਸੀ ਮੱਲ੍ਹੀ ਪਰ ਕਿਸਾਨਾਂ ਤੇ ਮਜ਼ਦੂਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

ਬਲਦਾਂ ਤੇ ਖੂਹਾਂ ਤੋਂ ਖੇਤੀ ਦੀ ਨਵੀਂ ਤਕਨੀਕ ਟਿਊਬਵੈੱਲ, ਡੀਜ਼ਲ ਇੰਜਣ ਤੇ ਟਰੈਕਟਰਾਂ ਤਕ ਆ ਗਈ,ਇਹ ਮਹਿੰਗਾ ਸੌਦਾ ਕਿਸਾਨਾਂ ਨੂੰ ਕਰਜ਼ਾ ਚੁੱਕਣ ਲਈ ਮਜਬੂਰ ਕਰਦਾ ਗਿਆ।ਖੇਤੀ ਲਈ ਨਵੇਂ ਬੀਜ ਅਤੇ ਕੀੜੇਮਾਰ ਦਵਾਈਆਂ,ਖਾਦਾਂ ਦੀ ਭਾਰੀ ਕੀਮਤ ਕਿਸਾਨਾਂ ਨੂੰ ਚੁਕਾਉਣੀ ਬਹੁਤ ਮਹਿੰਗੀ ਪਈ।ਕਿਸਾਨਾਂ ਦਾ ਮਹਿੰਗਾਈ ਨੇ ਲੱਕ ਤੋੜ ਕੇ ਰੱਖ ਦਿੱਤਾ ਜੋ ਖ਼ੁਦਕਸ਼ੀਆਂ ਦੇ ਰਾਹ ਪੈਣ ਲੱਗੇ,ਕਿਸਾਨ ਦੀ ਸੱਜੀ ਬਾਂਹ ਸੀਰੀ ਮਜ਼ਦੂਰ ਖੇਤੀ ਛੱਡ ਕੇ ਕਾਰਖਾਨਿਆਂ ਤੇ ਸ਼ਹਿਰਾਂ ਨੂੰ ਮਜ਼ਦੂਰੀ ਕਰਨ ਲਈ ਮੂੰਹ ਕਰਨ ਲੱਗੇ।ਹਰ ਸਾਲ ਜੋ ਖੇਤੀ ਦੀ ਪੈਦਾਵਾਰ ਵਧਦੀ ਸੀ ਨਵੀਂਆਂ ਤਕਨੀਕਾਂ ਮਹਿੰਗੀਆਂ ਹੋਣ ਕਾਰਨ ਖੜੋਤ ਬਣ ਗਈਆਂ।

ਕਿਸਾਨਾਂ ਦੀ ਆਰਥਿਕ ਹਾਲਤ ਤੇ ਖੇਤੀਬਾੜੀ ਨੂੰ ਸੁਧਾਰਨ ਲਈ ਅਨੇਕਾਂ ਕਮਿਸ਼ਨ ਬਣਾਏ ਗਏ ਰਿਪੋਰਟਾਂ ਆਈਆਂ ਪਰ ਲਾਗੂ ਕਿਸੇ ਨੇ ਨਾ ਕੀਤੀਆਂ ਸਵਾਮੀ ਨਾਥਨ ਬਹੁਤ ਵਧੀਆ ਖੇਤੀ ਸੁਧਾਰ ਨੀਤੀ ਨੂੰ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪਣਾ ਚੋਣਾਂ ਦਾ ਮੁੱਦਾ ਬਣਾ ਲਿਆ।ਪਰ ਪੂਰਨ ਰੂਪ ਵਿੱਚ ਲਾਗੂ ਕਿਸੇ ਨੇ ਨਾ ਕੀਤਾ ਕਿਉਂਕਿ ਚੋਣ ਦਾ ਹਥਿਆਰੀ ਮੁੱਦਾ ਹੈ।ਸੰਨ 2017 ਨੀਤੀ ਆਯੋਗ ਨੇ ਯੂ ਪੀ ਵਿਚ ਆਈ ਖੜੋਤ ਨੂੰ ਹੁਲਾਰਾ ਦੇਣ ਲਈ ਕਾਰਪੋਰੇਟ ਘਰਾਣਿਆਂ ਨੂੰ ਨਾਲ ਜੋੜਨ ਦਾ ਸੁਝਾਅ ਦਿੱਤਾ।ਕਾਰਪੋਰੇਟ ਘਰਾਣੇ ਤਾਂ ਅੰਨ੍ਹਾ ਕੀ ਭਾਲੇ ਦੋ ਅੱਖਾਂ ਵਾਲੀ ਉਦਾਹਰਨ ਦਿੰਦੇ ਹੋਏ ਹਾਂ ਕਰ ਦਿੱਤੀ।ਕਾਰਪੋਰੇਟ ਘਰਾਣਿਆਂ ਦੀਆਂ ਗਹਿਰੀਆਂ ਸੋਚਾਂ ਵਿੱਚੋਂ ਤਿੰਨ ਕਾਲ਼ੇ ਖੇਤੀ ਕਨੂੰਨ ਨਿਕਲੇ ਜੋ ਅਜੋਕੀ ਕੇਂਦਰੀ ਸਰਕਾਰ ਨੇ ਕਰੋਨਾ ਦੇ ਪਰਦੇ ਪਿੱਛੇ ਧੱਕੇ ਨਾਲ ਪਾਸ ਕਰ ਦਿੱਤੇ।

ਕਾਰਪੋਰੇਟ ਘਰਾਣਿਆਂ ਦੀ ਸੋਚ ਬਹੁਤ ਉੱਚੀ ਅਸੀਂ ਪੰਜ ਹਜਾਰ ਸੱਤ ਹਜਾਰ ਏਕੜ ਜ਼ਮੀਨ ਪੰਜਾਹ ਸਾਲਾਂ ਤਕ ਲੀਜ਼ ਤੇ ਲਵਾਂਗੇ ਤੇ ਠੇਕਾ ਸਰਕਾਰ ਨੂੰ ਦੇ ਦੇਵਾਂਗੇ।ਪਰ ਜ਼ਮੀਨ ਤੇ ਹਰ ਹੱਕ ਸਾਡਾ ਹੋਵੇਗਾ ਅਸੀਂ ਜੋ ਮਰਜ਼ੀ ਕੁਝ ਪੈਦਾ ਕਰੀਏ ਜਾਂ ਨਾ ਕਰੀਏ।ਸਾਡੇ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਸਰਕਾਰ ਦੀਆਂ ਨੀਤੀਆਂ ਤੇ ਵੀ ਕਰੜੀ ਨਿਗ੍ਹਾ ਰੱਖਦੇ ਸੀ,ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ਸਾਡੇ ਕਿਸਾਨ ਨੇਤਾ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਲੈ ਕੇ ਰੇਲ ਰੋਕਣ ਦੇ ਧਰਨਿਆਂ ਤੇ ਆ ਪਹੁੰਚੇ।ਕੇਂਦਰ ਸਰਕਾਰ ਨੂੰ ਕੀ ਵਿਖਾਈ ਦੇਣਾ ਸੀ ਉਨ੍ਹਾਂ ਨੇ ਕਾਨੂੰਨ ਬਣਾਇਆ ਸੀ ਸਾਡੀ ਪੰਜਾਬ ਸਰਕਾਰ ਤੇ ਇੱਥੋਂ ਦੀਆਂ ਰਾਜਨੀਤਕ ਪਾਰਟੀਆਂ ਨੇ ਚੁੱਪ ਧਾਰ ਲਈ,ਸਰਕਾਰਾਂ ਤੇ ਰਾਜਨੀਤਕ ਪਾਰਟੀਆਂ ਕਰੋਨਾ ਮਹਾਂਮਾਰੀ ਦੇ ਰਾਗ ਅਲਾਪ ਕੇ ਆਪਣੇ ਆਪ ਨੂੰ ਲੋਕ ਹਿੱਤਕਾਰੀ ਦਿਖਾਉਣ ਦੀ ਲੜੀ ਵਿੱਚ ਸ਼ਾਮਲ ਹੋ ਗਏ।

ਸਾਡੇ ਕਿਸਾਨ ਨੇਤਾਵਾਂ ਨੇ ਮਜ਼ਦੂਰਾਂ ਦੇ ਨਾਲ ਨਾਲ ਪੂਰੀ ਨੌਜਵਾਨ ਪੀਡ਼੍ਹੀ ਤੇ ਸਾਡੀਆਂ ਬੀਬੀਆਂ ਭੈਣਾਂ ਨੂੰ ਧਰਨਿਆਂ ਦਾ ਹਿੱਸਾ ਬਣਾ ਕੇ ਆਪਣੇ ਮੋਰਚੇ ਦੇ ਦਿੱਲੀ ਦੀਆਂ ਬਰੂਹਾਂ ਤੇ ਝੰਡੇ ਜਾਂ ਗੱਡੇ,ਕਿਸੇ ਵੀ ਰਾਜਨੀਤਕ ਪਾਰਟੀ ਨੇ ਸਾਥ ਕੀ ਦੇਣਾ ਸੀ ਦਿੱਲੀ ਜਾਣ ਵੇਲੇ ਧਰਨਾਕਾਰੀਆਂ ਤੇ ਜੋ ਵੀ ਜ਼ੁਲਮ ਹੋਇਆ ਸਾਨੂੰ ਕਦੇ ਨਹੀਂ ਭੁੱਲੇਗਾ,ਕੋਈ ਵੀ ਰਾਜਨੀਤਕ ਪਾਰਟੀ ਕਿਸਾਨ ਤੇ ਮਜ਼ਦੂਰਾਂ ਦੇ ਹੱਕ ਵਿਚ ਨਹੀਂ ਬੋਲੀ।ਇੱਕ ਜਨਤਾ ਨੂੰ ਆਪਣੇ ਹੱਕ ਵਿਚ ਬੋਲਣ ਤੇ ਲੁੱਟਣ ਲਈ ਇਨ੍ਹਾਂ ਨੇ ਇਕ ਟਵਿੱਟਰ ਜੰਤਰ ਜ਼ਰੂਰ ਰੱਖਿਆ ਹੋਇਆ ਹੈ ਉਸ ਤੇ ਦੋ ਚਾਰ ਸ਼ਬਦ ਲਿਖ ਦਿੰਦੇ ਹਨ ਅਸੀਂ ਤੁਹਾਡੇ ਨਾਲ ਹਾਂ।ਪਰ ਸਾਡੇ ਲੀਡਰ ਚੋਰ ਮੋਰੀਆਂ ਭਾਲਣ ਲੱਗ ਗਏ,ਕਿਉਂਕਿ ਕੁਰਸੀ ਸੰਭਾਲਣੀ ਹੈ।

ਕੇਂਦਰੀ ਸਰਕਾਰ ਦੇ ਨੇਤਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗਿਆਰਾਂ ਮੀਟਿੰਗਾਂ ਕਿਸਾਨਾਂ ਨਾਲ ਕੀਤੀਆ,ਤਿੰਨ ਬਣਾਏ ਕਾਨੂੰਨਾਂ ਦੀ ਇਕ ਇਕ ਮੱਦਦੇ ਅਰਥ ਕੀ ਹਨ ਸਾਡੇ ਕਿਸਾਨ ਨੇਤਾਵਾਂ ਨੇ ਦਿੱਲੀ ਦੇ ਨੇਤਾਵਾਂ ਨੂੰ ਸਮਝਾਏ ਤਾਂ ਉਹ ਹੱਕੇ ਬੱਕੇ ਰਹਿ ਗਏ।ਹਰ ਕਾਨੂੰਨ ਵਿੱਚ ਸੋਧ ਕਰਨ ਲਈ ਤਿਆਰ ਹੋ ਗਏ ਪਰ ਸਾਡੇ ਕਿਸਾਨ ਨੇਤਾ ਜੋ ਸਰਕਾਰ ਦੀਆਂ ਨੀਤੀਆਂ ਨੂੰ ਭਲੀ ਭਾਂਤ ਜਾਣਦੇ ਸਨ ਉਨ੍ਹਾਂ ਨੇ ਕਾਨੂੰਨ ਰੱਦ ਕਰਨ ਦੀ ਹਿੰਡ ਨਹੀਂ ਛੱਡੀ ਜੋ ਜਨ ਮੋਰਚੇ ਦੀ ਪਹਿਲੀ ਜਿੱਤ ਸੀ।ਕੇਂਦਰੀ ਸਰਕਾਰ ਦੀ ਇਸ ਲੜੀ ਵਿਚ ਆਖ਼ਰੀ ਮੀਟਿੰਗ 22 ਜਨਵਰੀ ਨੂੰ ਹੋਈ,ਜਿਸ ਵਿੱਚ ਕੇਂਦਰੀ ਨੇਤਾ ਇਹ ਕਹਿ ਗਏ ਤੁਸੀਂ ਆਪਣੀ ਛੱਬੀ ਜਨਵਰੀ ਦੀ ਤਿਆਰੀ ਕਰ ਲਵੋ ਅਸੀਂ ਆਪਣੀ ਤਿਆਰੀ ਕਰਦੇ ਹਾਂ ਜੋ ਕੁਝ ਲਾਲ ਕਿਲੇ ਤੇ ਹੋਇਆ ਇਹ ਕਿਸ ਦੀ ਤਿਆਰੀ ਸੀ ਸਾਰੀ ਦੁਨੀਆਂ ਜਾਣਦੀ ਹੈ।

ਸਰਮਾਏਦਾਰੀ ਸਿਸਟਮ ਜਿੱਥੇ ਵੀ ਲਾਗੂ ਕੀਤਾ ਗਿਆ ਉਥੋਂ ਦੇ ਕਿਸਾਨਾਂ ਦਾ ਬੁਰਾ ਹਾਲ ਅਸੀਂ ਜਾਣਦੇ ਹੀ ਹਾਂ,ਅਮਰੀਕਾ ਵਿੱਚ ਵਾਲ ਮਾਰਟ ਵਿਲਗੇਟ ਉੱਥੋਂ ਦਾ ਮੁੱਖ ਕਾਰਪੋਰੇਟ ਘਰਾਣਾ ਹੈ ਜਿਸ ਕੋਲ ਪੌਣੇ ਤਿੰਨ ਲੱਖ ਏਕੜ ਉਥੋਂ ਦੀ ਜ਼ਮੀਨ ਹੈ ਆਪਣੀ ਮਰਜ਼ੀ ਨਾਲ ਖੇਤੀ ਕਰਵਾਉਂਦੇ ਹਨ ਤੇ ਉਥੋਂ ਦੇ ਕਿਸਾਨ ਫੇਲ੍ਹ ਹੋ ਚੁੱਕੇ ਹਨ।

ਅਜਿਹੇ ਘਰਾਣੇ ਭਾਰਤ ਵਿਚ ਪੈਰ ਪਸਾਰਦੇ ਜਾ ਰਹੇ ਹਨ ਤਾਂ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦਾ ਕੀ ਹੋਵੇਗਾ?ਸਾਡੇ ਇਸ ਜਨ ਮੋਰਚੇ ਨੂੰ ਵੇਖ ਕੇ ਪੂਰੇ ਭਾਰਤ ਦੇ ਕਿਸਾਨ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਨ ਦੁਨੀਆਂ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਸਾਡੀ ਹਾਮੀ ਭਰ ਰਹੀਆਂ ਹਨ। ਇਸ ਜਨ ਮੋਰਚੇ ਨੇ ਪੂਰੀ ਦੁਨੀਆਂ ਦੇ ਸੁੱਤੇ ਪਏ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਗਾ ਦਿੱਤਾ ਹੈ ਕਿ ਇਹ ਮੋਰਚੇ ਦੀ ਪ੍ਰਾਪਤੀ ਨਹੀਂ,ਇੰਗਲੈਂਡ ਦੀ ਪਾਰਲੀਮੈਂਟ ਦੇ ਦੋਵੇਂ ਸਦਨਾਂ ਵਿਚ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ,ਦੀਆਂ ਮੁੱਖ ਸਰਕਾਰਾਂ ਇਸ ਮੋਰਚੇ ਸਬੰਧੀ ਠੋਸ ਵਿਚਾਰਾਂ ਕਰ ਰਹੀਆਂ ਹਨ।

ਯੂਐਨਓ ਤਕ ਮੋਰਚੇ ਦੀ ਆਵਾਜ਼ ਪਹੁੰਚ ਜਾਣੀ ਇਹ ਜਿੱਤ ਦਾ ਸੁਨਹਿਰੀ ਕਦਮ ਹੈ।ਸਾਡੀ ਕੇਂਦਰੀ ਸਰਕਾਰ ਕਿੱਥੇ ਭੱਜ ਕੇ ਜਾਵੇਗੀ ਪਿਛਲੇ ਦਿਨੀਂ ਬੰਗਲਾਦੇਸ਼ ਦੇ ਦੌਰੇ ਤੇ ਸਾਡੇ ਪ੍ਰਧਾਨ ਮੰਤਰੀ ਜੀ ਗਏ,ਉਥੋਂ ਦੀ ਜਨਤਾ ਨੇ ਮੋਦੀ ਸਾਹਿਬ ਦਾ ਹੈਲੀਕਾਪਟਰ ਵੀ ਥੱਲੇ ਉਤਰਨ ਨਹੀਂ ਦਿੱਤਾ,ਰਸਤਾ ਰੋਕਣ ਵਾਲੇ ਚਾਰ ਉੱਥੋਂ ਦੇ ਨਾਗਰਿਕ ਸ਼ਹੀਦੀ ਪ੍ਰਾਪਤ ਕਰ ਗਏ ਹਨ ਇਹ ਸਾਡੇ ਕਿਸਾਨ ਮਜ਼ਦੂਰਾਂ ਦੀ ਆਵਾਜ਼ ਦਾ ਹੀ ਇਕ ਹਿੱਸਾ ਹੈ।

ਰਾਜਨੀਤਕ ਪਾਰਟੀਆਂ ਨੇ ਨੇਤਾਗਿਰੀ ਨੂੰ ਵਪਾਰਕ ਧੰਦਾ ਬਣਾ ਲਿਆ ਹੈ,ਸਾਡੇ ਚੁਣੇ ਐਮਪੀ ਕਾਲੇ ਖੇਤੀ ਕਾਨੂੰਨਾਂ ਬਾਰੇ ਇੱਕ ਅੱਖਰ ਵੀ ਨਹੀਂ ਜਾਣਦੇ ਉਨ੍ਹਾਂ ਨੇ ਆਵਾਜ਼ ਕੀ ਉਠਾਉਣੀ ਹੈ।ਸਾਡੇ ਸਿਰਕੱਢ ਕਿਸਾਨ ਨੇਤਾ ਰਾਜੇਵਾਲ ਜੀ ਨੇ ਅਨੇਕਾਂ ਜਨਤਾ ਦੀਆਂ ਮੀਟਿੰਗਾਂ ਵਿਚ ਦੱਸਿਆ ਹੈ ਕਿ ਸਾਡੇ ਚੁਣੇ ਐਮਪੀ ਮੇਰੇ ਕੋਲੋਂ ਕਿਸਾਨ ਮੁੱਦਿਆਂ ਬਾਰੇ ਪੁੱਛ ਕੇ ਜਾਂਦੇ ਹਨ ਫਿਰ ਇਹ ਤਾਂ ਸਾਡੇ ਚੁਣੇ ਹੋਏ ਘੁੱਗੂ ਹਨ ਜੇ ਆਪਾਂ ਫੂਕ ਮਾਰ ਲਈ ਤਾਂ ਵੱਜਣਗੇ ਨਹੀਂ ਤਾਂ ਮੋਟੀਆਂ ਤਨਖਾਹਾਂ ਤੇ ਪੈਨਸ਼ਨਾਂ ਪ੍ਰਾਪਤ ਕਰ ਰਹੇ ਹਨ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਇਥੋਂ ਤੱਕ ਕਿ ਇਕ ਥਾਣੇਦਾਰ ਤਕ ਪਹੁੰਚ ਕਰਨ ਲਈ ਇਨ੍ਹਾਂ ਨੇਤਾਵਾਂ ਦੀ ਚੌਂਕੀ ਭਰਨੀ ਪੈਂਦੀ ਹੈ।

ਜਦ ਕਿ ਇਹ ਸਹੀ ਹੈ ਸਾਡੇ ਇਕੱਠੇ ਕੀਤੇ ਟੈਕਸਾਂ ਵਿਚੋਂ ਜੋ ਵੀ ਅਧਿਕਾਰੀ ਜਾਂ ਕਰਮ ਚਾਰੀ ਤਨਖਾਹ ਲੈਂਦਾ ਹੈ ਉਹ ਲੋਕ ਸੇਵਕ ਹੈ ਸਾਡੀ ਆਵਾਜ਼ ਸਿੱਧੇ ਰੂਪ ਵਿੱਚ ਕਿਉਂ ਸੁਣੀ ਨਹੀਂ ਜਾਂਦੀ।ਲੋਕਰਾਜ ਕੀ ਹੁੰਦਾ ਹੈ ਤੇ ਸਾਡੀ ਵੋਟ ਦੀ ਕੀਮਤ ਕੀ ਹੈ ਸੱਤ ਦਹਾਕੇ ਆਜ਼ਾਦੀ ਮਿਲੀ ਨੂੰ ਹੋ ਗਏ ਪਰ ਸਾਨੂੰ ਆਪਣੀ ਕੀਮਤ ਦਾ ਪਤਾ ਨਹੀਂ,ਨੇਤਾਗਿਰੀ ਦੀ ਜੈਕਟ ਜਾਂ ਪੱਗ ਬੰਨ੍ਹ ਲਈ ਅਸੀਂ ਸਿੱਧੇ ਰੂਪ ਵਿੱਚ ਉਸ ਦੇ ਗੁਲਾਮ ਬਣ ਜਾਂਦੇ ਹਾਂ।ਪਹਿਲਾਂ ਵਿਦੇਸੀ ਸਰਕਾਰਾਂ ਅੱਗੇ ਹੱਥ ਜੋੜਦੇ ਸੀ ਜੋ ਕੇ ਆਦਤ ਸਾਡੇ ਖ਼ੂਨ ਵਿੱਚ ਬੈਠ ਗਈ ਹੈ ਹੁਣ ਅਸੀਂ ਆਪਣੇ ਚੁਣੇ ਹੋਏ ਨੇਤਾਵਾਂ ਦੇ ਅੱਗੇ ਹੱਥ ਜੋੜਦੇ ਹਾਂ ਕਦੇ ਸੋਚਿਆ ਹੈ,ਕਿ ਮੈਂ ਵੀ ਕੁਝ ਹਾਂ?

ਸਾਡੇ ਭਾਰਤ ਵਰਸ਼ ਨੇ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਨ ਆਪਣੇ ਤਰੀਕੇ ਨਾਲ ਪਿੰਡਾਂ ਤੇ ਸ਼ਹਿਰਾਂ ਵਿੱਚ ਮਨਾਇਆ ਹੈ,ਜਿਸ ਤੋਂ ਸਾਫ਼ ਝਲਕ ਦਿਖਾਈ ਦੇ ਰਹੀ ਹੈ ਸ਼ਹੀਦੀ ਤੋਂ ਪਹਿਲਾਂ ਜੋ ਭਗਤ ਸਿੰਘ ਜੀ ਕਿਤਾਬ ਦਾ ਪੰਨਾ ਮੋੜ ਗਏ ਉਹ ਪੰਨਾ ਖੋਲ੍ਹ ਕੇ ਪੜ੍ਹ ਲਿਆ ਹੈ ਤੇ ਇਨਕਲਾਬ ਦੀ ਆਵਾਜ਼ ਹਰ ਗਲੀ ਮੁਹੱਲੇ ਵਿਚ ਗੂੰਜ ਰਹੀ ਹੈ।ਕੇਂਦਰ ਦੀ ਸਰਕਾਰ ਆਪਣੇ ਮੰਤਰੀਆਂ ਤੇ ਅੰਧਭਗਤਾਂ ਨੂੰ ਇੱਕ ਗੁੜ੍ਹਤੀ ਪਿਲਾਈ ਹੋਈ ਹੈ ਜੋ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਹਨ

ਜਦੋਂ ਮੋਦੀ ਜੀ ਦੀ ਚੌਂਕੀ ਭਰ ਕੇ ਆ ਜਾਂਦੇ ਹਨ,ਬਾਹਰ ਨਿਕਲ ਕੇ ਮੋਦੀ ਜੀ ਦਾ ਦਿੱਤਾ ਜੁਮਲਾ ਆਪਣੇ ਆਪ ਮੂੰਹੋਂ ਨਿਕਲ ਆਉਂਦਾ ਹੈ ਇਹ ਤਿੰਨੋਂ ਕਾਨੂੰਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲੇ ਹਨ ਇਹ ਏਸੇ ਤਰ੍ਹਾਂ ਹੀ ਲਾਗੂ ਹੋਣਗੇ ਕੁਝ ਵਿਰੋਧੀ ਪਾਰਟੀਆਂ ਦੇ ਚੱਕੇ ਹੋਏ ਕਿਸਾਨ ਤੇ ਮਜ਼ਦੂਰ ਧਰਨੇ ਲਗਾਉਂਦੇ ਹਨ ਇਹ ਆਪਣੇ ਆਪ ਟੁੱਟ ਜਾਣਗੇ।ਜਦੋਂ ਦਿਲ ਕਰਦਾ ਹੈ ਕਰੋਨਾ ਦਾ ਬੰਬ ਭੰਨ ਦਿੰਦੇ ਹਨ,ਲੋਕ ਡਰ ਕੇ ਭੱਜ ਜਾਣਗੇ ਪਰ ਕਰੋਨਾ ਕਿਸਾਨ ਦਿੱਲੀ ਦੀਆਂ ਸਰਹੱਦਾਂ ਦੇ ਆਲੇ ਦੁਆਲੇ ਬੈਠੇ ਹਨ ਕੀ ਉਨ੍ਹਾਂ ਤੋਂ ਕੋਰੋਨਾ ਡਰਦਾ ਹੈ,ਸਾਡੀਆਂ ਵਿਰੋਧੀ ਰਾਜਨੀਤਕ ਪਾਰਟੀਆਂ ਨੇ ਕਦੇ ਸਰਕਾਰ ਨੂੰ ਇਹ ਸੁਆਲ ਕੀਤਾ ਹੈ?

ਕਿਸਾਨ ਮੋਰਚਾ+ ਮਜ਼ਦੂਰ ਮੋਰਚਾ ਦੀ ਜਿੱਤ ਦੀ ਨਿਸ਼ਾਨੀਆਂ ਦੇ ਲੱਛਣ ਪੰਜ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ ਤਾਂ ਭਾਰਤੀ ਜਨਤਾ ਪਾਰਟੀ ਨੇ ਜਾ ਕੇ ਤਿੰਨ ਖੇਤੀ ਕਾਨੂੰਨਾਂ  ਦਾ ਜਨਤਾ ਵਿੱਚ ਜਾ ਕੇ ਜ਼ਿਕਰ ਕਿਉਂ ਨਹੀਂ ਕੀਤਾ?ਉਥੇ ਵੀ ਹਮੇਸਾ ਦੀ ਤਰ੍ਹਾਂ ਧਰਮਾਂ ਵਾਲਾ ਝੁਰਲੂ ਹੀ ਛੱਡਿਆ ਹੈ।ਇਸ ਦਾ ਨਤੀਜਾ ਜਲਦੀ ਹੀ ਸਾਹਮਣੇ ਆਉਣ ਵਾਲਾ ਹੈ।ਜਨ ਮੋਰਚਾ ਹੁਣ ਇਕ ਖ਼ਾਸ ਇਨਸਾਨੀਅਤ ਦਾ ਦੁਨੀਆਂ ਨੂੰ ਸੇਧ ਦੇਣ ਵਾਲਾ ਧਾਰਮਕ ਰੂਪੀ ਥਾਂ ਬਣ ਚੁੱਕਿਆ ਹੈ,ਜਿੱਥੇ ਖੁੱਲ੍ਹੇ ਰੂਪ ਵਿੱਚ ਸੋਹਣੇ ਵਿਚਾਰ ਤੇ ਲੰਗਰ ਵੰਡਿਆ ਜਾ ਰਿਹਾ ਹੈ।ਪੰਜਾਬੀ ਜਿੱਥੇ ਵੀ ਖੜ੍ਹੇ ਹੋਏ ਹਨ ਜਿੱਤ ਪ੍ਰਾਪਤ ਕਰਕੇ ਮੁੜੇ ਹਨ ਇਤਿਹਾਸ ਗਵਾਹ ਹੈ।

ਪਿਛਲੇ ਦਿਨੀਂ ਸਾਡੇ ਮਹਾਨ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਕਿਸਾਨ ਮੋਰਚੇ ਦੀ ਜਿੱਤ ਲਈ ਇੱਕ ਫਿਲਮ ਵਿੱਚ ਡਾਇਲਾਗ ਬੋਲਿਆ ਹੈ “ਪੰਜਾਬੀ ਵਿਦੇਸ਼ਾਂ ਵਿੱਚ ਗਏ ਹਨ ਜਿੰਨੇ ਮਰਜ਼ੀ ਸਾਲ ਮਿਹਨਤ ਕਰਨ ਨੂੰ ਲੱਗ ਜਾਣ ਪਰ ਪੀਆਰ ਲੈਕੇ ਹੀ ਵਾਪਸ ਮੁੜੇ ਹਨ,ਫੇਰ ਦਿੱਲੀ ਜਿੱਥੇ ਮਿਲ ਕੇ ਪਰਿਵਾਰਕ ਰੂਪ ਵਿਚ ਬੈਠੇ ਹਨ ਉਹ ਜਿੱਤ ਦਾ ਝੰਡਾ ਲਹਿਰਾਉਂਦੇ ਹੀ ਵਾਪਸ ਆਉਣਗੇ” ਰਾਜਨੀਤਕ ਪਾਰਟੀਆਂ ਦਾ ਆਧਾਰ ਪੰਜਾਬ ਵਿੱਚ ਖ਼ਤਮ ਹੋਣ ਦੇ ਕਿਨਾਰੇ ਹੈ,ਕੱਲ੍ਹ ਹੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਦੀ ਸਟੇਜ ਉੱਤੋਂ ਸਾਡੇ ਕਿਸਾਨ ਨੇਤਾਵਾਂ ਨੇ ਉੱਜਲ ਭਾਰਤ ਦੇ ਭਵਿੱਖ ਦਾ ਐਲਾਨ ਕਰ ਦਿੱਤਾ ਹੈ ਪਿੰਡਾਂ ਵਿਚ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਰਾਜਨੀਤਕ ਪਾਰਟੀਆਂ ਤੇ ਨੇਤਾਵਾਂ ਤੋਂ ਸਵਾਲ ਪੁੱਛਿਆ ਕਰਨਗੀਆਂ।ਅਜਿਹੀਆਂ ਕਮੇਟੀਆਂ ਦੇ ਮੈਂਬਰ ਕੀ ਸਾਡੇ ਐਮ ਐਲ ਏ ਤੇ ਐੱਮ ਪੀ ਨਹੀਂ ਬਣ ਸਕਦੇ।ਮੋਰਚਾ ਫਤਿਹ ਕਰ ਚੁੱਕੇ ਹਾਂ ਆਪਣੇ ਵਿਰਸੇ ਤੇ ਭਾਈਚਾਰਕ ਮੇਲ ਮਿਲਾਪ ਨੂੰ ਮਜ਼ਬੂਤ ਕਰੋ” ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।”

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392   

Previous articleਬਾਬਾ ਟਰਪੱਲੂ ਦਾਸ
Next articleMarcelo faces fine for breaking Covid-19 travel restrictions