ਪਾਥਰਪ੍ਰਤਿਮਾ (ਪੱਛਮੀ ਬੰਗਾਲ) (ਸਮਾਜ ਵੀਕਲੀ): ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੰਡੀਅਨ ਸੈਕੂਲਰ ਫਰੰਟ (ਆਈਐੱਸਐੱਫ) ਦਾ ਹਵਾਲਾ ਦਿੰਦਿਆਂ ਅੱਜ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਵਿਧਾਨ ਸਭਾ ਚੋਣਾਂ ’ਚ ਘੱਟਗਿਣਤੀਆਂ ਦੇ ਵੋਟ ਹਾਸਲ ਕਰਨ ਲਈ ਨਵੀਂ ਸਿਆਸੀ ਪਾਰਟੀ ਦਾ ਸਮਰਥਨ ਕਰ ਰਹੀ ਹੈ।
ਸੂਬੇ ਦੇ 24 ਪਰਗਨਾ ਜ਼ਿਲ੍ਹੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਬੈਨਰਜੀ ਨੇ ਬਿਨਾਂ ਕਿਸੇ ਪਾਰਟੀ ਜਾਂ ਵਿਅਕਤੀ ਦਾ ਨਾਂ ਲਏ ਦਾਅਵਾ ਕੀਤਾ ਕਿ ਉਸ ਪਾਰਟੀ ਦੇ ਸੰਸਥਾਪਕ ਨੂੰ ਭਾਜਪਾ ਤੋਂ ਪੈਸੇ ਮਿਲੇ ਹਨ। ਉਨ੍ਹਾਂ ਕਿਹਾ, ‘ਭਾਜਪਾ ਦੇ ਇਸ਼ਾਰੇ ’ਤੇ ਸੂਬੇ ’ਚ ਨਵੇਂ ਸਿਆਸੀ ਦਲ ਦਾ ਗਠਨ ਹੋਇਆ, ਜਿਸ ਦਾ ਮਕਸਦ ਘੱਟ ਗਿਣਤੀਆਂ ਦੇ ਵੋਟ ਹਾਸਲ ਕਰਕੇ ਭਗਵੀਂ ਪਾਰਟੀ ਦੀ ਮਦਦ ਕਰਨਾ ਹੈ। ਕਿਰਪਾ ਕਰਕੇ ਉਸ ਦੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਓ।’ ਜ਼ਿਕਰਯੋਗ ਹੈ ਕਿ ਮੌਲਵੀ ਅੱਬਾਸ ਸਿੱਦੀਕੀ ਵੱਲੋਂ ਹਾਲ ’ਚ ਆਈਐੱਸਐੱਫ ਦਾ ਗਠਨ ਕੀਤਾ ਗਿਆ, ਜੋ ਵਿਧਾਨ ਸਭਾ ਚੋਣਾਂ ’ਚ ਖੱਬੇਪੱਖੀ-ਕਾਂਗਰਸ ਗੱਠਜੋੜ ਦੀ ਹਮਾਇਤ ਕਰ ਰਿਹਾ ਹੈ। ਸੂਬੇ ’ਚ ਚੋਣਾਂ ਦਾ ਪਹਿਲਾ ਗੇੜ 27 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ।
ਪਾਥਰਪ੍ਰਤਿਮਾ ਵਿੱਚ ਬੈਨਰਜੀ ਨੇ ਕਿਹਾ ਕਿ ਸੀਪੀਆਈ(ਐੱਮ) ਅਤੇ ਕਾਂਗਰਸ ਦੀ ਭਾਜਪਾ ਨਾਲ ਗੰਢਤੁੱਪ ਹੈ। ਉਨ੍ਹਾਂ ਕਿਹਾ ਕਿ ਸਿਰਫ ਤ੍ਰਿਣਮੂਲ ਕਾਂਗਰਸ ਹੀ ਨਾਗਰਿਕਤਾ (ਸੋਧ) ਕਾਨੂੰਨ (ਸੀਏਏ) ਅਤੇ ਕੌਮੀ ਜਨਸੰਖਿਆ ਰਜਿਸਟਰ (ਐੱਨਪੀਆਰ) ਲਾਗੂ ਹੋਣ ਤੋਂ ਰੋਕ ਸਕਦੀ ਹੈ ਅਤੇ ਵੱਖ-ਵੱਖ ਭਾਈਚਾਰਿਆਂ ’ਚ ਸਾਂਝ ਯਕੀਨੀ ਬਣਾ ਸਕਦੀ ਹੈ। ਜ਼ਿਲ੍ਹੇ ਵਿੱਚ ਪੈਂਦੇ ਇਲਾਕੇ ਸਾਗਰ ’ਚ ਇੱਕ ਹੋਰ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਨੂੰ ਦੁਬਾਰਾ ਸੱਤਾ ’ਚ ਲਿਆਉਣ ਦੀ ਅਪੀਲ ਕੀਤੀ।