ਅੱਜ ਫੇਰ ; ਹੋਲੀ ਆ !

ਜਸਪ੍ਰੀਤ ਕੌਰ ਫ਼ਲਕ
(ਸਮਾਜ ਵੀਕਲੀ)
ਪਿਛਲੇ ਸਾਲ; ਕਿੰਨੀਆਂ ਰੌਣਕਾਂ ਸਨ…
ਘਰ ਦਾ ਵਿਹੜਾ…..
ਕੁੜੀਆਂ , ਬੱਚਿਆਂ ਨਾਲ ਭਰਿਆ
ਲਾਲ, ਪੀਲਾ, ਹਰਾ, ਨੀਲਾ ਹੋਇਆ ਪਿਆ ਸੀ
ਵੀਰ ਤੇ ਭਾਬੀ ਦੀ ਪਹਿਲੀ ਹੋਲੀ ਸੀ
ਇਸ ਘਰ ਵਿਚ…..
ਬੜੀ ਹਸਮੁੱਖ, ਚੁਲਬੁਲੀ ਜਿਹੀ ਸੀ ਭਾਬੀ !
ਮੈਨੂੰ ਯਾਦ ਹੈ…
ਰਾਤ ਦੀ ਰੰਗਦਾਰ ਪਾਣੀ ਨਾਲ ਭਰੀ  ਬਾਲਟੀ
ਨਹਾਉਣ ਜਾ ਰਹੇ ਵੀਰੇ ਤੇ ਪਾਈ
ਤੇ ਫੇਰ ਹੋਲੀ ਹੈ…ਹੋਲੀ… ਕਹਿੰਦੀ ਅੰਦਰ ਵੜੀ
ਫੇਰ ਕਿੱਦਾਂ ਵੀਰ ਭਾਬੀ ਨੂੰ ਫੜ
ਵਿਹੜੇ ਵਿਚ ਲੈ ਆਇਆ
ਫੇਰ ਹੋਇਆ ਹੋਲੀ ਦਾ ਜਸ਼ਨ !
ਬਾਪੂ ਵੀ ਬੁੜ ਬੁੜ ਕਰਦਾ
ਬਾਹਰ ਨਿਕਲ ਗਿਆ…
ਜੰਮ ਕੇ ਖੇਡੀ ਗਈ ਹੋਲੀ !
ਪਰ ਅੱਜ;  ਘਰ ਉਦਾਸ ਹੈ
ਬਾਪੂ ਬੇਬੇ ਇੱਕ ਦੂਜੇ ਤੋਂ
ਚੋਰੀ ਅੱਥਰੂ ਪੂਝੰਦੇ
ਬਾਹਰ ਨਿਕਲ ਗਏ ਨੇ…
ਭਾਬੀ ਗੁੰਮ ਸੁੰਮ ਚਿੱਟੇ
ਕੱਪੜਿਆਂ ਚ ਵੀਰੇ ਦੀ
ਤਿਰੰਗੇ ਚ ਲਿਪਟੀ ਲਾਸ਼
ਵਾਲੀ ਫੋਟੋ ਵੇਖਦੀ ਰੋ ਰਹੀ ਹੈ
ਵੀਰ ਪਿਛਲੇ ਦਿਨੀਂ ਸਰਹੱਦ ਤੇ
ਅਪਣੇ ਦੇਸ਼ ਵਾਸਤੇ
ਦੁਸ਼ਮਣਾਂ ਨਾਲ ਜੂਝਦੇ ਹੋਏ
 ਜੰਗ ਚ ਸ਼ਹੀਦ ਹੋ ਗਿਆ…
ਮੈਂ ਕਦੀ ਬਾਹਰ ਗਲੀ ਚ
ਹੋਲੀ ਖੇਡਦਿਆਂ ਬੱਚਿਆਂ ਵੱਲ
ਤੇ ਕਦੀ ਭਾਬੀ ਦੇ ਹੱਥ ਚ ਫੜੀ
ਵੀਰੇ ਦੀ ਤਿਰੰਗੇ ਵਾਲੀ ਫੋਟੋ ਵਲ
ਦੇਖਦੀ ਹਾਂ…..
ਸੋਚਦੀ ਹਾਂ…..
ਹੈਨ ਤਾਂ ਰੰਗ ਹੀ
ਪਰ ਕਿਵੇਂ ਮਾਹੌਲ ਅਨੁਸਾਰ
ਬਦਲ ਜਾਂਦੇ ਹਨ
ਰੰਗ ਵੀ ਤੇ ਮਨ ਵੀ ।।
           ਜਸਪ੍ਰੀਤ ਕੌਰ ਫ਼ਲਕ
Previous articleਸਾਹਿਬ ਕੌਰ ਧਾਲੀਵਾਲ ਨੇ ਲੀਡਰਸ਼ਿਪ ਸਮਿਟ ਦੌਰਾਨ ਕੈਨੇਡੀਅਨ ਪਾਰਲੀਮੈਂਟ ‘ਚ ਕਿਸਾਨੀ ਮੁੱਦੇ ਦੇ ਹੱਕ ਚ ਆਵਾਜ਼ ਬੁਲੰਦ ਕੀਤੀ
Next articleਕਿਸਾਨ ਜਾਗੇ ਬੈਠੇ ਨੇ….