ਕਿਸਾਨ ਜਾਗੇ ਬੈਠੇ ਨੇ….

ਮਲਕੀਤ ਮੀਤ

(ਸਮਾਜ ਵੀਕਲੀ)

ਸਰਕਾਰ ਸੁੱਤੀ ਹੋਈ ਏ ਕਿਸਾਨ ਜਾਗੇ ਬੈਠੇ ਨੇ !
ਭੁੱਖ,ਨੀਂਦ,ਚੈਨ ‘ਤੇ ਆਰਾਮ ਤਿਆਗੇ ਬੈਠੇ ਨੇ !
ਭੱਜ ਲੈ ਤੂੰ ਜਿੱਥੇ ਤੀਕ ਭੱਜਣਾ ਈ ਦਿੱਲੀਏ,
ਹਿੱਕਾਂ ਡਾਹ ਕੇ ਸੂਰਮੇਂ ਜਵਾਨ ਬਾਬੇ ਬੈਠੇ ਨੇ !
ਹੰਝੂ ਗੈਸ,ਪਾਣੀਂ ਦੀਆਂ ਤੋਪਾਂ ਨਾ’ ਡਰਾਵੇਂ ਕੀਹਨੂੰ ?
ਖੇਡਾਂ ਇਨ੍ਹਾਂ ਵਾਸਤੇ ਜੋ ਖੇਡਾਂ ਲਾਗੇ ਬੈਠੇ ਨੇ !
ਮੌਤੋਂ ਮੂਲ ਨਾ ਡਰਦੇ ਜਿਹੜੇ ਵਿਚ ਸੰਘਰਸ਼ਾਂ ਆਏ ਨੇ,
ਕੱਲੇ ਕੱਲੇ ਵੱਲ ਵੇਖ ਊਧਮ, ਭਗਤ, ਸਰਾਭੇ ਬੈਠੇ ਨੇ!
ਵੇਖ ਕੇ ਲੰਗਰ ਸੇਵਾ ਤੇਰੇ ਰੁੱਖੇ ਸੁੱਕੇ ਰਾਹਾਂ ਤੇ,
ਕੁੱਲ ਦੁਨੀਆ ਹੈਰਾਨ ਹੈ ਆਖੇ, ਕਾਸ਼ੀ ਕਾਬੇ ਬੈਠੇ ਨੇ!
ਇਹ ਕੀ ਫੈਸਲਾ ਦੇਣਗੇ ਸਾਨੂੰ ਹੱਕਾਂ ਮੰਗਦੀ ਜਨਤਾ ਨੂੰ?
ਜਿਹਨਾਂ ਉਤੇ ਦੇਸ਼ ਦੇ ਹਾਕਮ ਰੱਖੀ ਦਾਬੇ ਬੈਠੇ ਨੇ!
ਹੱਕ ਤਾਂ ਵੇਖੋ ਮਿਲਣੇ ਲੜ ਕੇ,ਮਿਲਣੇ ਨਹੀਂ ਜਜ਼ਬਾਤਾਂ ਨਾਲ,
ਏਥੇ ਜੈ-ਚੰਦੀਏ ਤੇ ਬਾਬਰ ਲਾਗੇ-ਲਾਗੇ ਬੈਠੇ ਨੇ!
ਮਲਕੀਤ ਮੀਤ
Previous articleਅੱਜ ਫੇਰ ; ਹੋਲੀ ਆ !
Next articleਸਾਡੀ ਕਾਹਦੀ ਹੋਲੀ