ਸ਼ਾਮਚੁਰਾਸੀ (ਚੁੰਬਰ) -ਕਸਬਾ ਸ਼ਾਮਚੁਰਾਸੀ ਦੇ ਬਿਲਕੁਲ ਨਜ਼ਦੀਕ ਪੈਂਦੇ ਇਤਿਹਾਸਿਕ ਪਿੰਡ ਤਲਵੰਡੀ ਅਰਾਈਆਂ ਵਿਖੇ ਆਪਣੇ ਪਿਤਾ ਨੂੰ ਹਸਪਤਾਲ ਲੈ ਕੇ ਜਾ ਰਹੇ ਨੌਜਵਾਨ ਤੇ ਤਿੰਨ ਮੋਟਰਸਾਇਕਲ ਸਵਾਰਾਂ ਵਲੋਂ ਗੋਲੀਆਂ ਨਾਲ ਜਾਨਲੇਵਾ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦਾ ਸ਼ਿਕਾਰ ਹੋਏ ਸੁਖਜੀਤ ਲਾਲ ਸਾਬੀ ਸਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਤਲਵੰਡੀ ਅਰਾਈਆਂ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਸਵੇਰੇ ਲੱਗਭਗ 11 ਵਜੇ ਆਪਣੇ ਪਿਤਾ ਦੀ ਦਵਾਈ ਵਾਸਤੇ ਹੁਸ਼ਿਆਰਪੁਰ ਜਾਣ ਲਈ ਗੱਡੀ ਗਰਮ ਕਰਨ ਲਈ ਸਟਾਰਟ ਕੀਤੀ ਕਿ ਅਚਾਨਕ ਮੋਟਰਸਾਇਕਲ ਸਵਾਰਾਂ ਨੇ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਸੁਖਜੀਤ ਲਾਲ ਸਾਬੀ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਬਚਾਉਂਦੇ ਹੋਏ ਦੌੜ ਕੇ ਆਪਣੇ ਘਰ ਵਿਚ ਵੜ ਗਏ। ਇਸ ਘਟਨਾ ਸਬੰਧੀ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਐਸ ਐਚ ਓ ਪ੍ਰਦੀਪ ਸਿੰਘ ਬੁੱਲ੍ਹੋਵਾਲ ਤੇ ਸ਼ਾਮਚੁਰਾਸੀ ਦੇ ਚੌਂਕੀ ਇੰਚਾਰਜ ਇੰਦਰਜੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਵਾਲੇ ਸਥਾਨ ਤੇ ਪਹੁੰਚ ਗਏ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇੱਥੇ ਇਹ ਜਿਕਰਯੋਗ ਹੈ ਕਿ ਇਸ ਘਟਨਾ ਦਾ ਸ਼ਿਕਾਰ ਹੋਇਆ ਪਿੰਡ ਤਲਵੰਡੀ ਅਰਾਈਆਂ ਦਾ ਵਾਸੀ ਵਿਜੇ ਕੁਮਾਰ ਜਖਮੀ ਹਾਲਤ ਵਿਚ ਸ਼ਾਮਚੁਰਾਸੀ ਹਸਪਤਾਲ ਵਿਚ ਜੇਰੇ ਇਲਾਜ ਹੈ।